Punjab: 'ਦੂਜਾ ਗੋਲਡੀ ਬਰਾੜ...', MD ਮਨਦੀਪ ਗੋਰਾ ਫ਼ਾਇਰਿੰਗ ਮਾਮਲੇ 'ਚ ਗੈਂਗਸਟਰ ਬਾਰੇ ਹੋਏ ਵੱਡੇ ਖ਼ੁਲਾਸੇ
Thursday, Oct 23, 2025 - 04:53 PM (IST)

ਫਿਲੌਰ (ਭਾਖੜੀ)- ਅਟਵਾਲ ਹਾਊਸ ਕਾਲੋਨੀ ਦੇ ਐੱਮ. ਡੀ. ਮਨਦੀਪ ਸਿੰਘ ਗੋਰਾ ’ਤੇ 4 ਦਿਨ ਪਹਿਲਾਂ ਹਥਿਆਰਬੰਦ ਗੈਂਗਸਟਰਾਂ ਵੱਲੋਂ ਗੋਲ਼ੀਆਂ ਚਲਾਉਣ ਦੇ ਮਾਮਲੇ ’ਚ ਘਟਨਾ ਤੋਂ ਅੱਧੇ ਘੰਟੇ ਬਾਅਦ ਹਮਲਾਵਰਾਂ ਦੀ ਪਛਾਣ ਹੋਣ ਦੇ ਬਾਵਜੂਦ ਪੁਲਸ ਦੇ ਹੱਥ ਅਜੇ ਤੱਕ ਕੋਈ ਖ਼ਾਸ ਸਫ਼ਲਤਾ ਨਹੀਂ ਲੱਗੀ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਹਮਲਾਵਰ ਦੇਸ਼ ਛੱਡ ਕੇ ਵਿਦੇਸ਼ ਭੱਜਣ ’ਚ ਕਾਮਯਾਬ ਹੋ ਗਿਆ ਹੈ। ਮੁੱਖ ਹਮਲਾਵਰ ਰਾਹੁਲ ਜੋ ਹਾਲ ਹੀ ਵਿਚ ਕੈਨੇਡਾ ਤੋਂ ਫਿਲੌਰ ਆਪਣੇ ਘਰ ਆਇਆ ਸੀ, ਉਸ ਦਾ ਮਕਸਦ ਪੰਜਾਬ ਵਿਚ 2-3 ਵੱਡੀਆਂ ਵਾਰਦਾਤਾਂ ਕਰਕੇ ਵਾਪਸ ਵਿਦੇਸ਼ ਪੁੱਜ ਕੇ ਉਨ੍ਹਾਂ ਦੀ ਜ਼ਿੰਮੇਵਾਰੀ ਲੈ ਕੇ ਪੰਜਾਬ ’ਚ ਦੂਜਾ ਗੋਲਡੀ ਬਰਾੜ ਬਣਨਾ ਚਾਹੁੰਦਾ ਸੀ, ਜੋ ਵਿਦੇਸ਼ ਤੋਂ ਫੋਨ ਕਰਕੇ ਲੋਕਾਂ ਤੋਂ ਫਿਰੌਤੀਆਂ ਮੰਗਦਾ ਸੀ ਅਤੇ ਨਾ ਦੇਣ ਦੀ ਸੂਰਤ ਵਿਚ ਆਪਣੇ ਲੜਕਿਆਂ ਨੂੰ ਭੇਜ ਕੇ ਉਨ੍ਹਾਂ ’ਤੇ ਹਮਲੇ ਕਰਵਾਉਂਦਾ ਸੀ।
ਇਹ ਵੀ ਪੜ੍ਹੋ: ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਅੰਤਿਮ ਅਰਦਾਸ, ਇਨ੍ਹਾਂ ਵੱਡੀਆਂ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
ਆਪਣੇ ਪਿਤਾ ਤੋਂ ਪਹਿਲਾਂ ਲੋਕਾਂ ਕੋਲੋਂ ਘਰ ਖ਼ਰੀਦਣ ਦੇ ਨਾਂ ’ਤੇ ਰੇਕੀ ਕਰਵਾਉਂਦਾ ਸੀ, ਫਿਰ ਖ਼ੁਦ ਘਟਨਾ ਨੂੰ ਅੰਜਾਮ ਦੇਣ ਲਈ ਹੁੰਦਾ ਸੀ ਤਿਆਰ
ਅਟਵਾਲ ਹਾਊਸ ਕਾਲੋਨੀ ਦੇ ਐੱਮ. ਡੀ. ਮਨਦੀਪ ਸਿੰਘ ਗੋਰਾ ਨੇ ਦੱਸਿਆ ਕਿ ਮੁਲਜ਼ਮ ਰਾਹੁਲ ਨੇ ਉਨ੍ਹਾਂ ’ਤੇ ਗੋਲ਼ੀਆਂ ਚਲਾਈਆਂ ਪਰ ਉਹ ਵਾਲ-ਵਾਲ ਬਚ ਗਏ। ਹਮਲਾਵਰਾਂ ਨੂੰ ਫੜਨ ਅਤੇ ਉਸ ਨੂੰ ਬਚਾਉਣ ਦੇ ਚੱਕਰ ’ਚ ਉਸ ਦੇ ਕਰੀਬੀ ਸਾਥੀ ਸੰਜੀਵ ਸ਼ਰਮਾ ਦੀ ਲੱਤ ’ਚ ਗੋਲ਼ੀ ਲੱਗ ਗਈ। ਰਾਹੁਲ ਜੋ ਹਾਲ ਹੀ ਵਿਚ ਵਿਦੇਸ਼ ਤੋਂ ਫਿਲੌਰ ਆਇਆ ਸੀ, ਉਹ ਜ਼ਿਆਦਾਤਰ ਸਿੱਧਾ ਸੰਪਰਕ ਨਹੀਂ ਸੀ ਕਰਦਾ। ਲੋਕਾਂ ਦੀ ਰੇਕੀ ਕਰਨ ਤੋਂ ਪਹਿਲਾਂ ਉਸ ਦਾ ਪਿਤਾ ਪ੍ਰਿੰਥੀ ਚੰਦ ਜੋ ਬਿਜਲੀ ਬੋਰਡ ਤੋਂ ਰਿਟਾਇਰਡ ਮੁਲਾਜ਼ਮ ਹੈ, ਉਹ ਆਉਂਦਾ, ਆਲ੍ਹੀਸ਼ਾਨ ਕੋਠੀਆਂ ਦੀ ਕੀਮਤ ਪੁੱਛ ਕੇ ਚਲਾ ਜਾਂਦਾ। ਉਨ੍ਹਾਂ ਦੀ ਕਾਲੋਨੀ ਵਿਚ ਵੀ ਉਹ ਇਕ ਹੋਰ ਸਮਾਜਸੇਵੀ ਦੇ ਘਰ ਦੀ ਰੇਕੀ ਕਰ ਰਿਹਾ ਸੀ। ਉਸ ਤੋਂ ਬਾਅਦ ਉਸ ਦਾ ਬੇਟਾ ਸੌਦਾ ਖਰੀਦਣ ਦੇ ਨਾਂ ’ਤੇ ਖ਼ੁਦ ਅੱਗੇ ਆਉਂਦਾ ਸੀ।
ਉਸ ਨੂੰ ਵੀ ਮੁਲਜ਼ਮ ਰਾਹੁਲ ਨੇ ਦਫ਼ਤਰ ਦੇ ਬਾਹਰ ਸੌਦਾ ਖ਼ਰੀਦਣ ਦੇ ਨਾਂ ’ਤੇ ਬੁਲਾਇਆ ਅਤੇ ਘਟਨਾ ਨੂੰ ਅੰਜਾਮ ਦੇ ਦਿੱਤਾ। ਗੋਰਾ ਨੇ ਕਿਹਾ ਕਿ ਰਾਹੁਲ ’ਤੇ ਦਰਜ ਕੇਸ ’ਚ ਉਸ ਦੇ ਪਿਤਾ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ, ਕਿਉਂਕਿ ਉਸ ਦਾ ਪਿਤਾ ਹੀ ਰੇਕੀ ਕਰਨ ਦਾ ਮੁੱਖ ਸੂਤਰਧਾਰ ਸੀ, ਜੋ ਉਸ ਤੋਂ ਇਲਾਵਾ 3 ਹੋਰ ਘਰਾਂ ਦੀ ਵੀ ਰੇਕੀ ਉਸ ਦੇ ਪਿਤਾ ਨੇ ਹੀ ਕੀਤੀ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ਡੀ. ਐੱਸ. ਪੀਜ਼ ਦੇ ਤਬਾਦਲੇ, List 'ਚ ਵੇਖੋ ਵੇਰਵੇ
ਰਾਹੁਲ ਕੋਲ ਵਿਦੇਸ਼ੀ ਗਲੋਕ ਪਿਸਤੌਲ ਕਿਵੇਂ ਪੁੱਜੀ?
ਗੈਂਗਸਟਰ ਰਾਹੁਲ ਜੋ ਹਾਲ ਹੀ ਵਿਚ ਕੈਨੇਡਾ ਤੋਂ ਇਥੇ ਆਇਆ ਸੀ, ਉਸ ਕੋਲ ਵਿਦੇਸ਼ੀ ਗਲੋਕ ਕੰਪਨੀ ਦੀ ਪਿਸਤੌਲ ਸੀ। ਇਸੇ ਪਿਸਤੌਲ ਨਾਲ ਉਸ ਨੇ ਗੋਰਾ ’ਤੇ ਗੋਲ਼ੀਆਂ ਚਲਾਈਆਂ। ਉਹ ਪਿਸਤੌਲ ਇੰਨਾ ਮਹਿੰਗਾ ਹੈ ਕਿ ਹਰ ਕੋਈ ਨਹੀਂ ਖਰੀਦ ਸਕਦਾ। ਇਹ ਕੁਝ ਗਿਣੇ-ਚੁਣੇ ਲੋਕਾਂ ਦੇ ਕੋਲ ਹੈ। ਇਸ ਦੀ ਪੂਰੀ ਸੂਚਨਾ ਪੁਲਸ ਕੋਲ ਹੈ। ਇਸ ਤੋਂ ਪਤਾ ਲਗਦਾ ਹੈ ਕਿ ਵਿਦੇਸ਼ ਤੋਂ ਆਏ ਗੈਂਗਸਟਰ ਰਾਹੁਲ ਦੇ ਸੰਪਰਕ ਵੱਡੇ ਹਥਿਆਰ ਸਮੱਗਲਰਾਂ ਨਾਲ ਹਨ, ਜਿਸ ਦੀ ਬਦੌਲਤ ਉਸ ਨੇ ਇਹ ਗਲੋਕ ਪਿਸਤੌਲ ਹਾਸਲ ਕੀਤਾ।
ਮੁਲਜ਼ਮ ਨੇ ਕੈਨੇਡਾ ਵਿਚ ਵੀ ਬਣਾ ਰੱਖਿਆ ਸੀ ਆਪਣਾ ਗੈਂਗ, ਲੋਕਾਂ ਦੇ ਘਰਾਂ ’ਤੇ ਗੋਲੀਆਂ ਚਲਾ ਕੇ ਮੰਗਦਾ ਸੀ ਫਿਰੌਤੀ
5 ਸਾਲ ਪਹਿਲਾਂ ਫਿਲੌਰ ਤੋਂ ਕੈਨੇਡਾ ਪੁੱਜਾ ਰਾਹੁਲ ਕਿਵੇਂ ਕਰੋੜਾਂ ਦਾ ਮਾਲਕ ਬਣ ਗਿਆ, ਉਕਤ ਘਟਨਾ ਤੋਂ ਬਾਅਦ ਹੁਣ ਉਸ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਵਿਦੇਸ਼ ਦੇ ਕੈਲਗਰੀ ਤੋਂ ਫੋਨ ਕਰਕੇ ਸੁਨੀਲ ਰੰਧਾਵਾ ਬਿਲਡਰ ਅਵਤਾਰ ਸਿੰਘ ਨੇ ਫੋਨ ਕਰ ਕੇ ਦੱਸਿਆ ਕਿ ਰਾਹੁਲ ਨੇ ਕੈਨੇਡਾ ਦੇ ਕੈਲਗਰੀ ’ਚ ਲੜਕਿਆਂ ਨਾਲ ਮਿਲ ਕੇ ਆਪਣਾ ਗਿਰੋਹ ਬਣਾਇਆ ਹੋਇਆ ਹੈ, ਜੋ ਨਸ਼ੀਲੇ ਪਦਾਰਥਾਂ ਦੀ ਸਮੱਗÇਲਿੰਗ ਦੇ ਨਾਲ ਉਥੋਂ ਦੇ ਬਿਲਡਰਾਂ ਨੂੰ ਪਹਿਲਾਂ ਫੋਨ ਕਰਕੇ ਫਿਰੌਤੀ ਮੰਗਦਾ ਹੈ, ਉਸ ਤੋਂ ਬਾਅਦ ਉਨ੍ਹਾਂ ਨੂੰ ਡਰਾਉਣ ਲਈ ਉਨ੍ਹਾਂ ਦੇ ਘਰ ਜਾਂ ਗੈਰੇਜ ’ਤੇ ਗੋਲੀਆਂ ਚਲਵਾਉਂਦਾ ਹੈ।
ਇਸ ਦੇ ਬਾਵਜੂਦ ਜੇਕਰ ਉਹ ਬਿਲਡਰ ਫਿਰੌਤੀ ਨਹੀਂ ਦਿੰਦਾ ਤਾਂ ਇਹ ਆਪਣੇ ਲੜਕਿਆਂ ਨਾਲ ਮਿਲ ਕੇ ਬਿਲਡਰ ਦੇ ਨਵੇਂ ਬਣ ਰਹੇ ਘਰ ਨੂੰ ਅੱਗ ਲਗਾ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਥੇ ਜ਼ਿਆਦਾਤਰ ਬਣਨ ਵਾਲੇ ਘਰ ਲੱਕੜ ਦੇ ਹੁੰਦੇ ਹਨ। ਇਸ ਨੇ ਅਜਿਹੀਆਂ ਹਰਕਤਾਂ ਕਰ ਕੇ ਇਥੋਂ ਕਈ ਨਾਮੀ ਬਿਜ਼ਨੈੱਸਮੈਨਾਂ ਤੋਂ ਫਿਰੌਤੀਆਂ ਲਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਪੰਜਾਬ ਪੁਲਸ ਦੇ ਹੱਥ ਅਜੇ ਤੱਕ ਨਹੀਂ ਲੱਗਾ ਤਾਂ ਆਉਣ ਵਾਲੇ ਸਮੇਂ ਵਿਚ ਇਹ ਪੁਲਸ ਲਈ ਵੱਡੀ ਸਿਰਦਰਦੀ ਬਣੇਗਾ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ ਪੁਲਸ ਵੱਲੋਂ ਪਿਓ-ਪੁੱਤ ਦਾ ਐਨਕਾਊਂਟਰ! ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਇਲਾਕਾ
ਕੈਨੇਡਾ ਤੋਂ ਫਿਲੌਰ ਪੁੱਜ ਕੇ ਗੈਂਗਸਟਰ ਰਾਹੁਲ ਖੜ੍ਹਾ ਕਰਨਾ ਚਾਹੁੰਦਾ ਸੀ ਪੰਜਾਬ ’ਚ ਆਪਣਾ ਵੱਡਾ ਗਿਰੋਹ
ਮੁਲਜ਼ਮ ਰਾਹੁਲ ਦੀ ਇਕ ਹੋਰ ਵੱਡੀ ਗੱਲ ਦਾ ਪਤਾ ਲੱਗਾ ਹੈ ਕਿ ਇਹ ਕੈਨੇਡਾ ’ਚ ਬੈਠਾ ਪੰਜਾਬ ਦੇ 2 ਨੌਜਵਾਨਾਂ ਜੋ ਨਸ਼ਾ ਸਮੱਗÇਲਿੰਗ ਜਾਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਜੇਲਾਂ ’ਚ ਬੰਦ ਸਨ, ਇਸ ਨੇ ਉਨ੍ਹਾਂ ਦੀ ਪੂਰੀ ਸੂਚੀ ਤਿਆਰ ਕਰ ਕੇ ਆਪਣੇ ਸਾਥੀ ਨੂੰ ਪੈਸੇ ਦੇ ਕੇ ਉਨ੍ਹਾਂ ਦੀਆਂ ਜ਼ਮਾਨਤਾਂ ਕਰਵਾਉਣ ਨੂੰ ਕਹਿ ਰਿਹਾ ਸੀ। ਹੁਣ ਉਹ ਜਦੋਂ ਖੁਦ ਪੰਜਾਬ ਪੁੱਜ ਗਿਆ ਤਾਂ ਇਥੇ ਉਸ ਨੇ ਕੁਝ ਛੋਟੋ ਮੋਟੇ ਗੈਂਗਸਟਰਾਂ ਅਤੇ ਲੜਾਈ-ਝਗੜਿਆਂ ’ਚ ਸ਼ਾਮਲ ਲੜਕਿਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਆਫਰ ਦਿੱਤੀ ਕਿ ਉਹ ਉਸ ਦੇ ਗਿਰੋਹ ’ਚ ਸ਼ਾਮਲ ਹੋ ਜਾਣ, ਉਹ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਹਥਿਆਰ ਰਿਵਾਲਵਰ, ਪਿਸਤੌਲ ਜੋ ਵੀ ਚਾਹੀਦਾ ਹੈ ਉਹ ਦਿਵਾਏਗਾ। ਕੁਝ ਲੜਕੇ ਤਾਂ ਸਾਹਮਣੇ ਆ ਕੇ ਇਸ ਦੀਆਂ ਹਰਕਤਾਂ ਦੇ ਸਬੰਧ ’ਚ ਖੁੱਲ੍ਹ ਕੇ ਦੱਸ ਗਏ।
ਹੁਣ ਇਸ ਦੇ ਸੰਪਰਕ ’ਚ ਹੋਰ ਕਿੰਨੇ ਲੜਕੇ ਆ ਚੁੱਕੇ ਹਨ, ਇਸ ਦਾ ਪਤਾ ਲਗਾਉਣਾ ਵੀ ਪੁਲਸ ਲਈ ਚੁਣੌਤੀ ਹੋਵੇਗਾ। ਰਾਹੁਲ ਦੀਆਂ ਇਨ੍ਹਾਂ ਗਤੀਵਿਧੀਆਂ ਤੋਂ ਸਾਫ ਪਤਾ ਲਗਦਾ ਹੈ ਕਿ ਉਹ ਪੰਜਾਬ ’ਚ ਆਪਣਾ ਗਿਰੋਹ ਖੜ੍ਹਾ ਕਰਨਾ ਚਾਹੁੰਦਾ ਸੀ ਅਤੇ ਇਥੇ ਕੁਝ ਨਾਮੀ ਹਸਤੀਆਂ ਨੂੰ ਖੁਦ ਟਾਰਗੈੱਟ ਕਰ ਕੇ ਇਸ ਨੇ ਵਿਦੇਸ਼ ਭੱਜ ਕੇ ਉਸ ਦੀ ਜ਼ਿੰਮੇਵਾਰੀ ਲੈਣੀ ਸੀ, ਜਿਸ ਤੋਂ ਬਾਅਦ ਇਹ ਲੋਕਾਂ ਨੂੰ ਡਰਾ ਕੇ ਆਪਣੇ ਗਿਰੋਹ ਰਾਹੀਂ ਫਿਰੌਤੀਆਂ ਹਾਸਲ ਕਰਨਾ ਚਾਹੁੰਦਾ ਸੀ।
ਇਹ ਵੀ ਪੜ੍ਹੋ: ਦੀਵਾਲੀ ਦੀ ਰਾਤ ਜਲੰਧਰ 'ਚ ਖ਼ੌਫ਼ਨਾਕ ਵਾਰਦਾਤ! 15 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਮੁੰਡਾ
ਅੱਪਰਾ ਦਾ ਕਰਨ ਕਬਾੜੀਆ ਫਿਰ ਚਰਚਾ ’ਚ, ਇਸੇ ਨੇ ਰਾਹੁਲ ਨੂੰ ਪੰਜਾਬ ’ਚੋਂ ਭਜਾਉਣ ’ਚ ਕੀਤੀ ਸੀ ਮਦਦ
ਅੱਪਰਾ ਦਾ ਕਬਾੜੀਆ ਕਰਣ ਕੁਮਾਰ ਇਕ ਵਾਰ ਫਿਰ ਚਰਚਾ ’ਚ ਆ ਗਿਆ ਹੈ। ਇਸ ਕਬਾੜੀਏ ਕੋਲੋਂ ਕੁਝ ਮਹੀਨੇ ਪਹਿਲਾਂ ਪੁਲਸ ਨੇ ਦਰਜਨਾਂ ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ ਸਨ। ਉਹ ਕਬਾੜੀਆ ਕਰਣ ਕੁਮਾਰ ਗੈਂਗਸਟਰ ਰਾਹੁਲ ਦਾ ਕਰੀਬੀ ਸਾਥੀ ਨਿਕਲਿਆ। ਮਨਦੀਪ ਗੋਰਾ ’ਤੇ ਗੋਲ਼ੀਆਂ ਚਲਾਉਣ ਤੋਂ ਬਾਅਦ ਜਦੋਂ ਰਾਹੁਲ ਆਪਣੇ ਸਾਥੀ ਨਾਲ ਕਾਲੇ ਰੰਗ ਦੀ ਥਾਰ ’ਚ ਸਵਾਰ ਹੋ ਕੇ ਫਰਾਰ ਹੋਇਆ ਤਾਂ ਉਸ ਨੂੰ ਪਤਾ ਸੀ ਕਿ ਪੁਲਸ ਰਸਤੇ ’ਚ ਨਾਕਾਬੰਦੀ ਕਰ ਕੇ ਉਸ ਨੂੰ ਫੜ ਸਕਦੀ ਹੈ। ਉਸ ਨੇ ਕਰਣ ਨੂੰ ਫੋਨ ਕਰ ਕੇ ਉਸ ਤੋਂ ਕਾਰ ਮੰਗਵਾਈ। ਰਸਤੇ ਵਿਚ ਗੱਡੀਆਂ ਬਦਲ ਕੇ ਉਹ ਫਰਾਰ ਹੋ ਗਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਬਾੜੀਏ ਕਰਣ ਕੁਮਾਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਗੈਂਗਸਟਰ ਰਾਹੁਲ ਦੇ ਵਿਆਹ ’ਚ ਪੁੱਜੇ ਸਨ ਕਈ ਵੱਡੇ ਮੰਤਰੀ
ਘਟਨਾ ਨੂੰ ਅੰਜਾਮ ਦੇਣ ਤੋਂ 2 ਦਿਨ ਪਹਿਲਾਂ ਪੁਲਸ ਅਧਿਕਾਰੀ ਨਾਲ ਕਰ ਰਿਹਾ ਸੀ ਡਿਨਰ
ਗੈਂਗਸਟਰ ਰਾਹੁਲ ਜਿਸ ਦੀ ਅੱਤ ਪਹਿਲਾਂ ਕੈਨੇਡਾ ਵਿਚ ਸੀ, ਹੁਣ ਉਹ ਪੰਜਾਬ ਵਿਚ ਵੀ ਆਪਣਾ ਗੈਂਗ ਖੜ੍ਹਾ ਕਰਨਾ ਚਾਹੁੰਦਾ ਸੀ। ਉਸ ਨੇ ਆਪਣੇ ਦੋ ਨੰਬਰ ਦੀ ਕਮਾਈ ਨਾਲ ਪੰਜਾਬ ਵਿਚ ਚੰਗਾ ਖਾਸਾ ਰਸੂਖ ਬਣਾ ਲਿਆ ਸੀ। ਅਜੇ ਕੁਝ ਸਾਲ ਪਹਿਲਾਂ ਹੀ ਪੰਜਾਬ ਆ ਕੇ ਵਿਆਹ ਰਚਾਇਆ, ਜਿਸ ਵਿਚ ਸਰਕਾਰ ਦੇ ਮੰਤਰੀ ਅਤੇ ਨੇਤਾ ਪੁੱਜੇ ਸਨ। ਇਥੇ ਹੀ ਬੱਸ ਨਹੀਂ, ਗੋਰਾ ’ਤੇ ਹਮਲਾ ਕਰਨ ਤੋਂ 2 ਦਿਨ ਪਹਿਲਾਂ ਉਹ ਇਕ ਵੱਡੇ ਪੁਲਸ ਅਧਿਕਾਰੀ ਨਾਲ ਡਿਨਰ ਕਰ ਰਿਹਾ ਸੀ। ਉਸ ਨੇ ਬਾਕਾਇਦਾ ਆਪਣੇ ਦੋਸਤਾਂ ਨੂੰ ਵੀਡੀਓ ਕਾਲ ਕਰ ਕੇ ਦਿਖਾਇਆ ਕਿ ਉਸ ਨੂੰ ਇਹ ਅਫਸਰ ਮਿਲਣ ਆਇਆ ਹੈ। ਹੁਣ ਦੇਸ਼ ਵਾਸੀਆਂ ਨੂੰ ਵੀ ਲੱਗਣ ਲੱਗਾ ਹੈ ਕਿ ਆਪਣੀ ਤਾਕਤ ਅਤੇ ਰੁਪਇਆਂ ਦੇ ਜ਼ੋਰ ’ਤੇ ਉਹ ਵਿਦੇਸ਼ ਭੱਜਣ ’ਚ ਕਾਮਯਾਬ ਹੋ ਚੁੱਕਾ ਹੈ।
5 ਸਾਲਾਂ ’ਚ ਗੈਂਗਸਟਰ ਰਾਹੁਲ ਨੇ ਖੜ੍ਹਾ ਕਰ ਲਿਆ ਸੀ ਆਪਣਾ ਫਿਰੌਤੀਆਂ ਦੀ ਰਕਮ ਨਾਲ ਕਰੋੜਾਂ ਦਾ ਸਮਰਾਜ
ਗੈਂਗਸਟਰ ਰਾਹੁਲ ਨੇ ਸਿਰਫ਼ 5 ਸਾਲਾਂ ’ਚ ਹੀ ਲੋਕਾਂ ਨੂੰ ਡਰਾ-ਧਮਕਾ ਕੇ ਫਿਰੌਤੀਆਂ ਮੰਗ ਕੇ ਸਥਾਨਕ ਸ਼ਹਿਰ ਵਿਚ ਹੀ ਆਪਣਾ ਕਰੋੜਾਂ ਦਾ ਸਮਰਾਜ ਖੜ੍ਹਾ ਕਰ ਲਿਆ ਸੀ। ਇਨ੍ਹਾਂ 5 ਸਾਲਾਂ ਵਿਚ ਉਸ ਨੇ ਅਟਵਾਲ ਹਾਊਸ ਕਾਲੋਨੀ ’ਚ ਸਭ ਤੋਂ ਮਹਿੰਗੇ ਏਰੀਆ ’ਚ ਇਕ 25 ਮਰਲੇ ਅਤੇ ਇਕ 14 ਮਰਲੇ ਦੇ 2 ਪਲਾਟ ਲਏ ਸਨ। ਲੱਕੀ ਕਾਲੋਨੀ ’ਚ ਉਸ ਦਾ ਇਕ ਪਲਾਟ ਅਤੇ ਇਕ ਕੋਠੀ ਹੈ। ਇਹ ਵੀ ਪਤਾ ਲੱਗਾ ਹੈ ਕਿ ਸ਼ਹਿਰ ਵਿਚ ਉਸ ਨੇ 3 ਹੋਰ ਥਾਵਾਂ ’ਤੇ ਘਰ ਲਏ ਹੋਏ ਹਨ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਪੁਲਸ ਜਦੋਂ ਰਾਹੁਲ ਨੂੰ ਫੜਨ ਉਸ ਦੇ ਘਰ ਪੁੱਜੀ ਤਾਂ ਉਸ ਦੀ ਘਰ ਦੀ ਅਲਮਾਰੀ ਅੰਦਰੋਂ ਕਾਫ਼ੀ ਵੱਡੀ ਮਾਤਰਾ ’ਚ ਨੋਟਾਂ ਦੇ ਬੰਡਲ ਅਤੇ ਸੋਨਾ ਪਿਆ ਸੀ। ਪੁਲਸ ਦੇ ਪੁੱਜਣ ਤੋਂ ਪਹਿਲਾਂ ਹੀ ਉਸ ਦੇ ਪਰਿਵਾਰ ਦੇ ਲੋਕ ਘਰ ਨੂੰ ਬੰਦ ਕਰਕੇ ਫਰਾਰ ਹੋ ਚੁੱਕੇ ਸਨ।
ਇਹ ਵੀ ਪੜ੍ਹੋ: ਮੁੜ ਚਰਚਾ 'ਚ ਪਾਸਟਰ ਬਜਿੰਦਰ, ED ਨੇ ਕੀਤੀ ਵੱਡੀ ਕਾਰਵਾਈ, ਹੈਰਾਨ ਕਰੇਗਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8