ਵੱਡੀ ਖ਼ਬਰ: ਮੁੜ ਵਾਪਸ ਪਰਤਿਆ ਕਿਸਾਨਾਂ ਦਾ ਜੱਥਾ, ਪੰਧੇਰ ਨੇ ਦਿੱਤਾ ਵੱਡਾ ਬਿਆਨ

Sunday, Dec 08, 2024 - 04:51 PM (IST)

ਪਟਿਆਲਾ/ਹਰਿਆਣਾ (ਵੈੱਬ ਡੈਸਕ)- ਹਰਿਆਣਾ ਪੁਲਸ ਵੱਲੋਂ ਇਕ ਵਾਰ ਫਿਰ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵੱਲ ਜਾਣ ਤੋਂ ਰੋਕਣ ਲਈ ਅੱਜ ਮੁੜ ਤੋਂ ਅੱਥਰੂ ਗੈਸ ਦੇ ਗੋਲ਼ੇ ਦਾਗੇ ਗਏ ਹਨ। ਹਰਿਆਣਾ ਪੁਲਸ ਵੱਲੋਂ ਪੰਜਾਬ ਨਾਲ ਲੱਗਦੀ ਸਰਹੱਦ 'ਤੇ ਮਲਟੀ ਲੇਅਰ ਬੈਰੀਕੇਡਿੰਗ ਕੀਤੀ ਗਈ ਹੈ।

ਅੱਥਰੂ ਗੈਸ ਦੇ ਗੋਲ਼ੇ ਦਾਗੇ ਜਾਣ ਕਾਰਨ ਕਿਸਾਨਾਂ ਨੂੰ ਕੁਝ ਮੀਟਰ ਪਿੱਛੇ ਹਟਣਾ ਪਿਆ ਹੈ। ਹੁਣ ਮੁੜ ਸ਼ੰਭੂ ਬਾਰਡਰ ਤੋਂ 101 ਕਿਸਾਨਾਂ ਦਾ ਜੱਥਾ ਵਾਪਸ ਪਰਤ ਆਇਆ ਹੈ। ਕਿਸਾਨਾਂ 'ਤੇ ਢਾਏ ਗਏ ਤਸ਼ਦੱਦ ਦੌਰਾਨ ਕਰੀਬ 7-8 ਕਿਸਾਨ ਜ਼ਖ਼ਮੀ ਹੋਏ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਨਿਗਮ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ

PunjabKesari

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਇਕ ਕਿਸਾਨ ਰੇਸ਼ਮ ਸਿੰਘ ਪਿੰਡ ਭਗਤਾ ਭਾਈ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਹੈ, ਜਿਸ ਨੂੰ ਪੀ. ਜੀ. ਆਈ. ਵਿਚ ਰੈਫਰ ਕੀਤਾ ਗਿਆ ਹੈ। ਅਗਲੀ ਰਣਨੀਤੀ ਕੱਲ੍ਹ ਦੋਵੇਂ ਫਰਮਾਂ ਦੀ ਮੀਟਿੰਗ ਤੋਂ ਬਾਅਦ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਛੱਡੇ ਗਏ ਹੰਝੂ ਗੈਸ ਦੇ ਗੋਲ਼ਿਆਂ ਵਿਚ ਜ਼ਹਿਰੀਲੀ ਗੈਸ ਜ਼ਿਆਦਾ ਸੀ। 
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਰੇਲਵੇ ਟਰੈਕ ਨੇੜੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਫ਼ਿਲਹਾਲ ਕਿਸਾਨਾਂ ਵੱਲੋਂ ਦਿੱਲੀ ਕੂਚ ਲਈ ਪੰਜਾਬ-ਹਰਿਆਣਾ ਬਾਰਡਰ 'ਤੇ ਹੀ ਜੱਦੋ-ਜਹਿਦ ਕੀਤੀ ਜਾ ਰਹੀ ਹੈ। ਕਿਸਾਨਾਂ ਵੱਲੋਂ 101 ਕਿਸਾਨਾਂ ਦਾ ਜੱਥਾ ਪੈਦਲ ਦਿੱਲੀ ਜਾਣ ਲਈ ਰਵਾਨਾ ਹੋਇਆ ਸੀ ਪਰ ਉਨ੍ਹਾਂ ਨੂੰ ਹਰਿਆਣਾ ਵਿਚ ਹੀ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ।

ਦੂਜੇ ਪਾਸੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਤਾਂ ਸਾਡੀਆਂ ਮੰਗਾਂ ਦਾ ਹੱਲ ਕਰ ਦੇਣ ਜਾਂ ਫ਼ਿਰ ਸਾਨੂੰ ਦਿੱਲੀ ਜਾਣ ਦੀ ਇਜਾਜ਼ਤ ਦੇ ਦੇਣ। ਉਨ੍ਹਾਂ ਕਿਹਾ ਕਿ ਉਂਝ ਵੀ ਕਿਸਾਨ ਕਰਜ਼ੇ ਦੀ ਮਾਰ ਹੇਠ ਮਰ ਰਿਹਾ ਹੈ, ਇਸ ਲਈ ਆਪਣੇ ਸੰਘਰਸ਼ ਲਈ ਕੁਝ ਕਿਸਾਨਾਂ ਨੂੰ ਆਪਣੀ ਜਾਨ ਦੀ ਕੁਰਬਾਨੀ ਵੀ ਦੇਣੀ ਪਈ ਤਾਂ ਉਹ ਇਸ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਅਸੀਂ ਜਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਾਂਗੇ ਤੇ ਆਪਣੀਆਂ ਮੰਗਾਂ 'ਤੇ ਡਟੇ ਰਹਾਂਗੇ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News