ਵੱਡੀ ਖ਼ਬਰ : ਬਦਮਾਸ਼ਾਂ ਨੇ ਨੌਜਵਾਨ ਨੂੰ ਘੇਰ ਕੇ ਚਲਾਈਆਂ ਤਾਬੜਤੋੜ ਗੋਲ਼ੀਆਂ
Monday, Jul 31, 2023 - 01:10 AM (IST)
ਜਲੰਧਰ (ਸ਼ੋਰੀ)-ਥਾਣਾ ਆਦਮਪੁਰ ਅਧੀਨ ਪੈਂਦੇ ਪਿੰਡ ਪਧਿਆਣਾ ’ਚ ਹਥਿਆਰਾਂ ਨਾਲ ਲੈਸ ਕੁਝ ਬਦਮਾਸ਼ਾਂ ਨੇ ਇਕ ਨੌਜਵਾਨ ’ਤੇ ਅੰਨ੍ਹੇਵਾਹ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਲਗਾਤਾਰ ਹੋ ਰਹੀ ਗੋਲ਼ੀਬਾਰੀ ਕਾਰਨ ਨੌਜਵਾਨ ਦੇ ਸਰੀਰ ’ਤੇ 4 ਦੇ ਕਰੀਬ ਗੋਲ਼ੀਆਂ ਲੱਗੀਆਂ, ਜਿਸ ਨੂੰ ਦੇਖ ਕੇ ਹਮਲਾਵਰ ਉਸ ਨੂੰ ਮਰਿਆ ਸਮਝ ਕੇ ਮੌਕੇ ਤੋਂ ਫ਼ਰਾਰ ਹੋ ਗਏ ਪਰ ਚੰਗੀ ਕਿਸਮਤ ਕਾਰਨ ਰਾਹਗੀਰਾਂ ਨੇ ਗੰਭੀਰ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਆਦਮਪੁਰ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿਥੋਂ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।ਜ਼ਖ਼ਮੀ ਨੌਜਵਾਨ ਦੀ ਪਛਾਣ ਮਹਾਵੀਰ ਸਿੰਘ ਉਰਫ਼ ਕੌਕਾ ਪੁੱਤਰ ਤ੍ਰਿਲੋਚਨ ਸਿੰਘ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਰਾਬੀ ਦਾ ਕਾਰਨਾਮਾ, ਰਾਤੋ-ਰਾਤ PRTC ਦੀ ਬੱਸ ਹੀ ਕਰ ਲਈ ਚੋਰੀ, ਅਗਲੇ ਦਿਨ ਬੱਸ ਸਣੇ ਖਤਾਨਾਂ ’ਚੋਂ ਮਿਲਿਆ
ਦੱਸਿਆ ਜਾ ਰਿਹਾ ਹੈ ਕਿ ਮਹਾਵੀਰ ਸਿੰਘ ਕੁਝ ਦਿਨ ਪਹਿਲਾਂ ਕਪੂਰਥਲਾ ਜੇਲ੍ਹ ਤੋਂ ਕਿਸੇ ਮਾਮਲੇ ’ਚ ਜ਼ਮਾਨਤ ’ਤੇ ਬਾਹਰ ਆਇਆ ਹੈ। ਉਸ ਦਾ ਕਿਸੇ ਗੱਲ ਨੂੰ ਲੈ ਕੇ ਜੇਲ੍ਹ ’ਚ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਜੇਲ੍ਹ ’ਚ ਬੰਦ ਮਹਾਵੀਰ ਸਿੰਘ ਤੇ ਉਸ ਨਾਲ ਦੁਸ਼ਮਣੀ ਰੱਖਣ ਵਾਲੇ ਨੌਜਵਾਨ ਵੀ ਜ਼ਮਾਨਤ ’ਤੇ ਬਾਹਰ ਆ ਗਏ। ਦੇਰ ਰਾਤ ਮਹਾਵੀਰ ਸਿੰਘ ਬਰਗਰ ਖਾਣ ਲਈ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਉਸ ਨਾਲ ਰੰਜਿਸ਼ ਰੱਖਣ ਵਾਲੇ ਕੁਲਵੰਤ ਸਿੰਘ ਤੇ ਜੋਨ ਸਿੰਘ ਨੇ ਸਾਥੀਆਂ ਸਮੇਤ ਉਸ ਨੂੰ ਘੇਰ ਲਿਆ ਤੇ ਉਸ ’ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲ਼ੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਮੌਜੂਦ ਲੋਕ ਉਥੋਂ ਭੱਜ ਗਏ ਤਾਂ ਜੋ ਗੋਲ਼ੀਆਂ ਉਨ੍ਹਾਂ ਨੂੰ ਨਾ ਲੱਗ ਸਕਣ। ਸੂਚਨਾ ਮਿਲਦੇ ਹੀ ਥਾਣਾ ਆਦਮਪੁਰ ਦੇ ਐੱਸ. ਐੱਚ. ਓ. ਮਨਜੀਤ ਸਿੰਘ ਪੁਲਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਤੇ ਮੌਕੇ ਤੋਂ ਗੋਲ਼ੀਆਂ ਦੇ ਖੋਲ ਵੀ ਬਰਾਮਦ ਕੀਤੇ। ਐੱਸ. ਐੱਚ. ਓ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਕੁਲਵੰਤ ਸਿੰਘ ਤੇ ਜੋਨ ਸਿੰਘ ਤੋਂ ਇਲਾਵਾ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ : ਸਚਿਨ ਬਿਸ਼ਨੋਈ ਨੂੰ ਲਿਆਂਦਾ ਜਾਵੇਗਾ ਭਾਰਤ, ਸੁਰੱਖਿਆ ਏਜੰਸੀਆਂ ਦੀ ਟੀਮ ਅਜ਼ਰਬੈਜਾਨ ਰਵਾਨਾ