ਵੱਡੀ ਖ਼ਬਰ: ਹਰਦੀਪ ਸਿੰਘ ਡਿੰਪੀ ਢਿੱਲੋਂ ''ਆਪ'' ''ਚ ਸ਼ਾਮਲ
Wednesday, Aug 28, 2024 - 06:47 PM (IST)

ਜਲੰਧਰ/ਗਿੱਦੜਬਾਹਾ (ਵੈੱਬ ਡੈਸਕ)- ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਗਿੱਦੜਬਾਹਾ ਵਿਖੇ ਡਿੰਪੀ ਢਿੱਲੋਂ ਦੇ ਸਿਰੋਪਾਓ ਪਾ ਕੇ ਪਾਰਟੀ ਵਿਚ ਸ਼ਾਮਲ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਵਿਚੋਂ ਅਸਤੀਫ਼ਾ ਦੇ ਦਿੱਤਾ ਸੀ। ਡਿੰਪੀ ਢਿੱਲੋਂ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਕਰੀਬੀ ਰਹੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਡਿੰਪੀ ਢਿੱਲੋਂ ਦੇ ਆਮ ਆਦਮੀ ਪਾਰਟੀ 'ਚ ਜਾਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸਨ ਅਤੇ ਅੱਜ ਉਹ ਭਗਵੰਤ ਮਾਨ ਦੀ ਅਗਵਾਈ ਵਿਚ ਪਾਰਟੀ ਵਿਚ ਸ਼ਾਮਲ ਹੋ ਗਏ ਹਨ।
35 ਸਾਲ ਤੋਂ ਕਰ ਰਹੇ ਸਨ ਅਕਾਲੀ ਦਲ ਦੀ ਸੇਵਾ
ਹਰਦੀਪ ਸਿੰਘ ਡਿੰਪੀ ਗਿੱਦੜਬਾਹਾ ਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ। ਅਸਤੀਫ਼ਾ ਦੇਣ ਮਗਰੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਮੈਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਹੈ। ਮਨ ਇੰਨਾ ਭਰਿਆ ਹੋਇਆ ਕਿ ਬੋਲਿਆ ਵੀ ਨਹੀਂ ਜਾ ਰਿਹਾ। ਉਨ੍ਹਾਂ ਦਾ ਸਾਰਾ ਪਰਿਵਾਰ ਇਕੱਠਾ ਹੋ ਗਿਆ ਹੈ। ਸਾਡੇ ਵਰਗੇ ਤਾਂ ਵਰਤਣ ਲਈ ਹੁੰਦੇ ਹਨ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਮੁੜ ਕਾਂਗਰਸ 'ਚ ਹੋਏ ਸ਼ਾਮਲ (ਵੀਡੀਓ)
ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਦੇ ਸਮੂਹ ਅਹੁਦਿਆਂ ਤੋਂ ਅਸਤੀਫ਼ਾ ਦਿੰਦਿਆਂ ਸੋਸ਼ਲ ਮੀਡੀਆ 'ਤੇ ਸੁਨੇਹਾ ਦਿੰਦਿਆਂ ਆਖਿਆ ਸੀ ਕਿ ਉਹ ਕਰੀਬ 35 ਸਾਲ ਤੋਂ ਅਕਾਲੀ ਦਲ ਦੀ ਸੇਵਾ ਕਰ ਰਹੇ ਸਨ ਅਤੇ ਉਨ੍ਹਾਂ ਪਾਰਟੀ ਦਾ ਹਰ ਹੁਕਮ ਸਿਰ ਮੱਥੇ ਮੰਨਿਆ ਪਰ ਇਸ ਸਾਲ ਜਨਵਰੀ ਵਿਚ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਅਚਾਨਕ ਇਹ ਕਿਹਾ ਗਿਆ ਕਿ ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਚੋਣ ਲੜਨੀ ਹੈ ਅਤੇ ਉਹ (ਡਿੰਪੀ ਢਿੱਲੋਂ) ਆਪਣਾ ਵੇਖ ਲੈਣ। ਇਸ ਤੋਂ ਬਾਅਦ ਫਿਰ ਸੁਖਬੀਰ ਸਿੰਘ ਬਾਦਲ ਨੇ ਹਲਕਾ ਗਿੱਦੜਬਾਹਾ ਤੋਂ ਉਨ੍ਹਾਂ ਨੂੰ (ਡਿੰਪੀ ਢਿੱਲੋਂ) ਕੰਮ ਸਾਂਭਣ ਲਈ ਕਿਹਾ ਪਰ ਹੁਣ ਮੁੜ ਇਹ ਸਪੱਸ਼ਟ ਹੋ ਗਿਆ ਹੈ ਕਿ ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ ਨੂੰ ਚੋਣ ਲੜਾਈ ਜਾਣੀ ਹੈ। ਇਸ ਲਈ ਉਹ ਆਪਣੇ ਮਨ ਉਤੇ ਪਏ ਬੋਝ ਨੂੰ ਹੋਰ ਨਹੀਂ ਸਹਾਰ ਸਕਦੇ, ਜਿਸ ਕਰਕੇ ਉਨ੍ਹਾਂ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਉਹ ਕੋਈ ਵੀ ਰਾਜਸੀ ਫ਼ੈਸਲਾ ਲੈਣ ਤੋਂ ਪਹਿਲਾਂ ਆਪਣੇ ਵਰਕਰਾਂ ਨਾਲ ਸਲਾਹ ਕਰਨਗੇ।
ਦੱਸਣਯੋਗ ਹੈ ਕਿ ਡਿੰਪੀ ਢਿੱਲੋਂ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਇੰਚਾਰਜ ਵੀ ਸਨ ਅਤੇ 2 ਵਾਰ ਅਕਾਲੀ ਦਲ ਵੱਲੋਂ ਕਾਂਗਰਸ ਦੇ ਰਾਜਾ ਵੜਿੰਗ ਖ਼ਿਲਾਫ਼ ਚੋਣ ਲੜ ਚੁੱਕੇ ਹਨ। ਇਹ ਵੀ ਦੱਸਣਯੋਗ ਹੈ ਕਿ ਗਿੱਦੜਬਾਹਾ 'ਚ ਜ਼ਿਮਨੀ ਚੋਣ ਹੋਣੀ ਹੈ ਅਤੇ ਸੁਖਬੀਰ ਬਾਦਲ ਪਿਛਲੇ ਕੁਝ ਦਿਨਾਂ ਤੋਂ ਇਸ ਹਲਕੇ 'ਚ ਸਰਗਰਮ ਹਨ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਡਿੰਪੀ ਢਿੱਲੋਂ ਨੂੰ ਗਿੱਦੜਬਾਹਾ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ ਸੀ ਪਰ ਅਜੇ ਤੱਕ ਗਿੱਦੜਬਾਹਾ ਤੋਂ ਉਮੀਦਵਾਰ ਵਜੋਂ ਉਨ੍ਹਾਂ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਹਰਦੀਪ ਸਿੰਘ ਡਿੰਪੀ ਢਿੱਲੋਂ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਸਨ।
ਇਹ ਵੀ ਪੜ੍ਹੋ-ਪੁਲਸ ਮੁਲਾਜ਼ਮ ਦੇ ਪੁੱਤਰ ਦਾ ਕੱਟਿਆ ਗਿਆ 25 ਹਜ਼ਾਰ ਰੁਪਏ ਦਾ ਚਲਾਨ, ਜਾਣੋ ਕੀ ਹੈ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ