ਵੱਡੀ ਖਬਰ! ਸੋਨੀਪਤ ਨੇੜੇ ਸੜਕ ਹਾਦਸੇ ''ਚ ਕਾਂਗਰਸੀ ਆਗੂ ਦੀ ਮੌਤ
Thursday, Apr 02, 2026 - 08:32 PM (IST)
ਬਠਿੰਡਾ/ਤਲਵੰਡੀ ਸਾਬੋ (ਵਿਜੇ ਵਰਮਾ) : ਕਾਂਗਰਸ ਦੇ ਸੀਨੀਅਰ ਆਗੂ ਖੁਸ਼ਬਾਗ ਜਟਾਣਾ ਦੀ ਸੋਨੀਪਤ ਦੇ ਨਜ਼ਦੀਕ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦਰਦਨਾਕ ਹਾਦਸੇ ਵਿੱਚ ਉਨ੍ਹਾਂ ਨਾਲ ਮੌਜੂਦ ਕੁਝ ਗਨਮੈਨ ਵੀ ਆਪਣੀ ਜਾਨ ਗੁਆ ਬੈਠੇ ਹਨ। ਖ਼ਬਰ ਫੈਲਦੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਜਾਣਕਾਰੀ ਮੁਤਾਬਕ, ਖੁਸ਼ਬਾਗ ਜਟਾਣਾ ਦਿੱਲੀ ਵਿੱਚ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਇੱਕ ਅਹਿਮ ਮੀਟਿੰਗ ਵਿੱਚ ਸ਼ਾਮਲ ਹੋ ਕੇ ਵਾਪਸ ਆ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਉਨ੍ਹਾਂ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸਾ ਇੰਨਾ ਭਿਆਨਕ ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਹੀ ਕਈ ਲੋਕਾਂ ਦੀ ਮੌਤ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਟਾਇਰ ਖਰਾਬ ਹੋਣ ਕਾਰਨ ਕਾਂਗਰਸੀ ਆਗੂ ਗੱਡੀ ਤੋਂ ਬਾਹਰ ਖੜੇ ਸਨ, ਇਸੇ ਦੌਰਾਨ ਇਕ ਟਰੱਕ ਨੇ ਗੱਡੀ ਸਣੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਖੁਸ਼ਬਾਗ ਜਟਾਣਾ ਕਾਂਗਰਸ ਦੇ ਮਜ਼ਬੂਤ ਅਤੇ ਜ਼ਮੀਨੀ ਆਗੂ ਮੰਨੇ ਜਾਂਦੇ ਸਨ। ਉਹ ਤਲਵੰਡੀ ਸਾਬੋ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਵੀ ਲੜ ਚੁੱਕੇ ਸਨ ਅਤੇ ਜ਼ਿਲ੍ਹਾ ਬਠਿੰਡਾ ਦੇਹਾਤੀ ਦੇ ਪ੍ਰਧਾਨ ਵਜੋਂ ਪਾਰਟੀ ਨੂੰ ਮਜ਼ਬੂਤੀ ਦਿੱਤੀ ਸੀ। ਪਾਰਟੀ ਵਿੱਚ ਉਨ੍ਹਾਂ ਦੀ ਪਕੜ ਅਤੇ ਜਨ ਆਧਾਰ ਕਾਫ਼ੀ ਮਜ਼ਬੂਤ ਸੀ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਬਠਿੰਡਾ ਅਤੇ ਤਲਵੰਡੀ ਸਾਬੋ ਖੇਤਰ ਵਿੱਚ ਗਹਿਰਾ ਸੋਗ ਛਾ ਗਿਆ ਹੈ। ਕਾਂਗਰਸ ਵਰਕਰਾਂ ਅਤੇ ਸਮਰਥਕਾਂ ਦੀਆਂ ਅੱਖਾਂ ਨਮੀ ਨਾਲ ਭਰੀਆਂ ਹਨ ਅਤੇ ਹਰ ਕੋਈ ਇਸ ਦੁੱਖਦਾਈ ਖ਼ਬਰ ਨਾਲ ਸਦਮੇ ਵਿੱਚ ਹੈ। ਕਈ ਥਾਵਾਂ ‘ਤੇ ਸੋਗ ਸਭਾਵਾਂ ਵੀ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਰਾਜਨੀਤਿਕ ਹਲਕਿਆਂ ਵਿੱਚ ਵੀ ਇਸ ਘਟਨਾ ਨੂੰ ਕਾਂਗਰਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਪਾਰਟੀ ਦੇ ਇੱਕ ਅਨੁਭਵੀ ਅਤੇ ਸਰਗਰਮ ਆਗੂ ਵਜੋਂ ਉਨ੍ਹਾਂ ਦੀ ਕਮੀ ਲੰਮੇ ਸਮੇਂ ਤੱਕ ਮਹਿਸੂਸ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
