ਮਾਨਸਾ ਕਚਹਿਰੀਆਂ ਰੋਡ ’ਤੇ ਬਣੀ ਸੜਕ ਦੀ ਕੀਤੀ ਜਾਵੇ ਜਾਂਚ, ਵਿਜੀਲੈਂਸ ਨੂੰ ਭੇਜੀ ਸ਼ਿਕਾਇਤ: ਐਡਵੋਕੇਟ ਮਾਹਲ

Wednesday, Apr 01, 2026 - 11:56 PM (IST)

ਮਾਨਸਾ ਕਚਹਿਰੀਆਂ ਰੋਡ ’ਤੇ ਬਣੀ ਸੜਕ ਦੀ ਕੀਤੀ ਜਾਵੇ ਜਾਂਚ, ਵਿਜੀਲੈਂਸ ਨੂੰ ਭੇਜੀ ਸ਼ਿਕਾਇਤ: ਐਡਵੋਕੇਟ ਮਾਹਲ

ਮਾਨਸਾ (ਮਿੱਤਲ) - ਮਾਨਸਾ ਕਚਹਿਰੀ ਰੋਡ ’ਤੇ 2 ਮਹੀਨੇ ਪਹਿਲਾਂ 700 ਫੁੱਟ ਦੇ ਕਰੀਬ ਜੋ ਸੀਮੈਂਟ ਦੀ ਸੜਕ ਬਣਾਈ ਗਈ ਸੀ, ਉਸ ਨਵੀਂ ਬਣੀ ਸੜਕ ’ਚ ਟੋਏ ਪੈਣੇ ਸ਼ੁਰੂ ਹੋ ਗਏ ਹਨ, ਜਿਸ ’ਚੋਂ ਘਟੀਆ ਮਟੀਰੀਅਲ ਅਤੇ ਭ੍ਰਿਸ਼ਟਾਚਾਰ ਦੀ ਸਾਫ ਤਸਵੀਰ ਨਜ਼ਰ ਆ ਰਹੀ ਹੈ।
 
ਇਸ ਸਬੰਧੀ ਉੱਘੇ ਸਮਾਜ ਸੇਵੀ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਵਿਜੀਲੈਂਸ ਬਿਊਰੋ ਪੰਜਾਬ, ਚੰਡੀਗੜ੍ਹ ਨੂੰ ਇਕ ਸ਼ਿਕਾਇਤ ਭੇਜ ਕੇ ਸੜਕ ਦੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਇਸ ਸੜਕ ਦੀ ਸ਼ੋਸ਼ਲ ਮੀਡੀਆ ’ਤੇ ਵੀਡਿਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ 1 ਅਪ੍ਰੈਲ ਦੀ ਰਾਤ ਨੂੰ ਇਹ ਖੱਡੇ ਭਰਨ ਅਤੇ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਕੰਮ ਸ਼ੁਰੂ ਕਰਦੇ ਸੀ। ਜਦੋਂ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਹ ਉੱਥੋਂ ਰਫੂ ਚੱਕਰ ਹੋ ਗਏ।

ਉਨ੍ਹਾਂ ਇਹ ਵੀ ਦੱਸਿਆ ਕਿ ਭਗਵੰਤ ਮਾਨ ਸਰਕਾਰ 1-2 ਹਜ਼ਾਰ ਲੈਣ ਵਾਲੇ ਛੋਟੇ ਅਧਿਕਾਰੀਆਂ ਨੂੰ ਫੜ ਕੇ ਵਾਹ-ਵਾਹ ਖੱਟ ਰਹੀ ਹੈ ਅਤੇ ਦੂਸਰੇ ਪਾਸੇ ਵਿਕਾਸ ਕੰਮਾਂ ’ਚ ਘਟੀਆ ਮਟੀਰੀਅਲ ਨੂੰ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਸਮੇਂ ਸਿਰ ਕਾਰਵਾਈ ਨਹੀਂ ਕਰ ਰਹੀ। ਜਿਸ ਕਰ ਕੇ ਵਿਕਾਸ ਕੰਮਾਂ ’ਚ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ ਅਤੇ ਖਜ਼ਾਨੇ ਦੇ ਰੁਪਏ ਦੀ ਦੁਰਵਰਤੋਂ ਹੋ ਰਹੀ ਹੈ। 

ਉਨ੍ਹਾਂ ਕਿਹਾ ਕਿ ਮਾਨਸਾ ਪ੍ਰਸ਼ਾਸਨ ਜੇਕਰ ਈਮਾਨਦਾਰ ਹੈ ਤਾਂ ਚੱਲ ਰਹੇ ਵਿਕਾਸ ਕੰਮਾਂ ਦੀ ਮਟੀਰੀਅਲ ਅਤੇ ਗੁਣਵੱਤਾ ਚੈੱਕ ਕਰੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਨਕੁਆਰੀ ਕਰਨ ਦੀ ਬਜਾਏ ਬਲਕਿ ਸਬੂਤਾਂ ਨੂੰ ਮਿਟਾਉਣ ਲਈ ਪੱਬਾਂ ਭਾਰ ਹੋਇਆ ਹੈ। ਪ੍ਰਸ਼ਾਸਨ ਚਾਹੇ ਜਿੰਨੀਆਂ ਮਰਜ਼ੀ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰੇ ਪਰ ਮਾਨਸਾ ਦੀ 21 ਮੈਂਬਰੀ ਸੰਘਰਸ਼ ਕਮੇਟੀ ਇਸ ਤਰ੍ਹਾਂ ਦੇ ਮੁੱਦੇ ਉਠਾਉਂਦੀ ਰਹੇਗੀ।


author

Inder Prajapati

Content Editor

Related News