ਨਾਬਾਲਗ ਕੁੜੀ ਨਾਲ ਗਲਤ ਹਰਕਤਾਂ, ਕਾਰਵਾਈ ਲਈ ਮਾਂ 3 ਦਿਨ ਭਟਕਦੀ ਰਹੀ

Friday, Mar 27, 2026 - 06:31 PM (IST)

ਨਾਬਾਲਗ ਕੁੜੀ ਨਾਲ ਗਲਤ ਹਰਕਤਾਂ, ਕਾਰਵਾਈ ਲਈ ਮਾਂ 3 ਦਿਨ ਭਟਕਦੀ ਰਹੀ

ਬਠਿੰਡਾ (ਵਿਜੈ ਵਰਮਾ) : ਇਲਾਕੇ ’ਚ ਇਕ ਗੰਭੀਰ ਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 13 ਸਾਲ ਦੀ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਵਾਲੇ ਨੌਜਵਾਨ ਖਿਲਾਫ ਕਾਰਵਾਈ ਕਰਵਾਉਣ ਲਈ ਉਸਦੀ ਮਾਂ ਨੂੰ ਤਿੰਨ ਦਿਨ ਤਕ ਪੁਲਸ ਦੇ ਚੱਕਰ ਕੱਟਣੇ ਪਏ। ਪੀੜਤਾ ਦੀ ਮਾਂ ਨੇ ਦੋਸ਼ ਲਗਾਇਆ ਹੈ ਕਿ ਪੁਲਸ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ’ਤੇ ਸਮਝੌਤਾ ਕਰਨ ਲਈ ਦਬਾਅ ਬਣਾ ਰਹੀ ਸੀ। ਮਾਮਲਾ ਪੁਲਸ ਚੌਕੀ ਬੱਲੂਆਣਾ ਦੇ ਅਧੀਨ ਆਉਂਦੇ ਇਕ ਪਿੰਡ ਦਾ ਹੈ। ਪੀੜਤਾ ਦੀ ਮਾਂ ਜੋ ਪ੍ਰਾਈਵੇਟ ਨੌਕਰੀ ਕਰਦੀ ਹੈ ਨੇ ਦੱਸਿਆ ਕਿ ਇਕ ਨੌਜਵਾਨ ਉਸਦੀ ਧੀ ਨੂੰ ਲਗਾਤਾਰ ਤੰਗ ਕਰਦਾ ਸੀ। ਉਹ ਉਸ ਨਾਲ ਛੇੜਛਾੜ ਕਰਦਾ ਅਤੇ ਜ਼ਬਰਦਸਤੀ ਉਸਨੂੰ ਬਾਈਕ ’ਤੇ ਬਠਾਉਣ ਦੀ ਕੋਸ਼ਿਸ਼ ਕਰਦਾ ਸੀ।

ਮਾਮਲਾ ਉਸ ਵੇਲੇ ਹੋਰ ਵੀ ਗੰਭੀਰ ਹੋ ਗਿਆ ਜਦੋਂ ਦੋਸ਼ੀ ਨੌਜਵਾਨ ਨੇ ਘਰ ’ਚ ਮੌਜੂਦ ਨਾਬਾਲਗ ਦੀ ਚੋਰੀ-ਛੁਪੇ ਵੀਡੀਓ ਬਣਾ ਲਈ। ਦੋਸ਼ ਹੈ ਕਿ ਉਹ ਗੁਆਂਢੀਆਂ ਦੀ ਛੱਤ ’ਤੇ ਚੜ੍ਹ ਕੇ ਵੀਡੀਓ ਬਣਾਉਂਦਾ ਰਿਹਾ ਅਤੇ ਬਾਅਦ ’ਚ ਇਸਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਅਪਲੋਡ ਕਰ ਦਿੱਤਾ, ਜਿਸ ਨਾਲ ਪਰਿਵਾਰ ਨੂੰ ਗੰਭੀਰ ਝਟਕਾ ਲੱਗਾ ਹੈ। ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲਸ ਚੌਕੀ ਬੱਲੂਆਣਾ ’ਚ ਸ਼ਿਕਾਇਤ ਦਿੱਤੀ ਪਰ ਤਿੰਨ ਦਿਨ ਤਕ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ। ਇਸਦੇ ਉਲਟ ਉਨ੍ਹਾਂ ’ਤੇ ਸਮਝੌਤਾ ਕਰਨ ਲਈ ਦਬਾਅ ਬਣਾਇਆ ਗਿਆ, ਜਿਸ ਨਾਲ ਪੁਲਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ।

ਦੂਜੇ ਪਾਸੇ ਐੱਸ. ਪੀ. ਡੀ. ਜਸਮੀਤ ਸਿੰਘ ਨੇ ਕਿਹਾ ਕਿ ਜਿਵੇਂ ਹੀ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ, ਉਨ੍ਹਾਂ ਨੇ ਤੁਰੰਤ ਕਾਰਵਾਈ ਦੇ ਹੁਕਮ ਜਾਰੀ ਕੀਤੇ। ਉਨ੍ਹਾਂ ਦੇ ਅਨੁਸਾਰ ਪੁਲਸ ਨੇ ਮੁਲਜ਼ਮ ਨੌਜਵਾਨ ਨੂੰ ਹਿਰਾਸਤ ’ਚ ਲੈ ਲਿਆ ਹੈ ਅਤੇ ਪੀੜਤਾ ਦੀ ਮਾਂ ਦੇ ਬਿਆਨ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਇਕ ਵਾਰ ਫਿਰ ਦਰਸਾਉਂਦੀ ਹੈ ਕਿ ਨਾਬਾਲਗਾ ਨਾਲ ਜੁੜੇ ਮਾਮਲਿਆਂ ’ਚ ਤੁਰੰਤ ਤੇ ਸਖਤ ਕਾਰਵਾਈ ਕਿੰਨੀ ਲਾਜ਼ਮੀ ਹੈ।


author

Gurminder Singh

Content Editor

Related News