ਜਲੰਧਰ ਦੇ ਇਨ੍ਹਾਂ ਇਲਾਕਿਆਂ ’ਚ ਹੜ੍ਹ ਸਬੰਧੀ ਅਲਰਟ ਹੋਇਆ ਜਾਰੀ

Tuesday, Jul 11, 2023 - 02:38 AM (IST)

ਜਲੰਧਰ ਦੇ ਇਨ੍ਹਾਂ ਇਲਾਕਿਆਂ ’ਚ ਹੜ੍ਹ ਸਬੰਧੀ ਅਲਰਟ ਹੋਇਆ ਜਾਰੀ

ਜਲੰਧਰ (ਖੁਰਾਣਾ)–ਪੂਰੇ ਉੱਤਰ ਭਾਰਤ ’ਚ ਇਨ੍ਹੀਂ ਦਿਨੀਂ ਹੋ ਰਹੀ ਜ਼ੋਰਦਾਰ ਬਾਰਿਸ਼ ਕਾਰਨ ਸਾਰੇ ਦਰਿਆ, ਨਹਿਰਾਂ, ਨਾਲੇ ਆਦਿ ਨੱਕੋ-ਨੱਕ ਭਰੇ ਹੋਏ ਹਨ। ਇਸ ਕਾਰਨ ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਨਾਲ-ਨਾਲ ਪੰਜਾਬ ਦੇ ਕਈ ਸ਼ਹਿਰਾਂ ਵਿਚ ਵੀ ਹੜ੍ਹ ਆਉਣ ਅਤੇ ਭਾਰੀ ਨੁਕਸਾਨ ਦੀਆਂ ਖਬਰਾਂ ਮਿਲ ਰਹੀਆਂ ਹਨ। ਜਿਸ ਤਰ੍ਹਾਂ ਪਿਛਲੇ ਦਿਨੀਂ ਸਤਲੁਜ ਦਰਿਆ ਦੇ ਪਾਣੀ ਨੇ ਰੋਪੜ ਤੇ ਲੁਧਿਆਣਾ ਦੇ ਪਿੰਡਾਂ ਅਤੇ ਕਈ ਹੋਰ ਥਾਵਾਂ ’ਤੇ ਕਹਿਰ ਵਰ੍ਹਾਇਆ, ਉਸ ਕਾਰਨ ਹੜ੍ਹ ਆਉਣ ਦਾ ਅਲਰਟ ਜਲੰਧਰ ਦੀ ਭਗਤ ਸਿੰਘ ਕਾਲੋਨੀ, ਗੁਰੂ ਅਮਰਦਾਸ ਨਗਰ ਅਤੇ ਕਾਲੀਆ ਕਾਲੋਨੀ ’ਚ ਵੀ ਜਾਰੀ ਕੀਤਾ ਗਿਆ ਹੈ।

PunjabKesari

ਦਰਅਸਲ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੋਮਵਾਰ ਸਵੇਰੇ ਹੀ ਇਨ੍ਹਾਂ ਇਲਾਕਿਆਂ ਵਿਚ ਮੁਨਾਦੀ ਕਰਵਾ ਦਿੱਤੀ ਗਈ ਕਿ ਰੋਪੜ ਹੈੱਡਵਰਕਸ ਤੋਂ ਭਾਰੀ ਮਾਤਰਾ ਵਿਚ ਪਾਣੀ ਨਹਿਰ ’ਚ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਬਿਸਤ ਦੋਆਬ ਨਹਿਰ ਵਿਚ ਸ਼ਾਮ ਦੇ ਸਮੇਂ ਪਾਣੀ ਆਉਣ ਦੀ ਸੰਭਾਵਨਾ ਹੈ ਕਿਉਂਕਿ ਇਹ ਨਹਿਰ ਗੁਰੂ ਅਮਰਦਾਸ ਨਗਰ ਦੇ ਨੇੜੇ ਕਾਲਾ ਸੰਘਿਆਂ ਡਰੇਨ ਨੇੜਿਓਂ ਲੰਘਦੀ ਹੈ, ਇਸ ਲਈ ਉਸ ਸਥਾਨ ’ਤੇ ਇਕ ਪੁਆਇੰਟ ਅਜਿਹਾ ਬਣਾਇਆ ਗਿਆ ਹੈ, ਜਿਥੇ ਨਹਿਰ ਦਾ ਓਵਰਫਲੋਅ ਪਾਣੀ ਕਾਲਾ ਸੰਘਿਆਂ ਡਰੇਨ ਵਿਚ ਸੁੱਟਿਆ ਜਾਂਦਾ ਹੈ।

PunjabKesari

ਇਸ ਕਾਰਨ ਕਾਲਾ ਸੰਘਿਆਂ ਡਰੇਨ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਵੀ ਅਲਰਟ ਜਾਰੀ ਕੀਤਾ ਗਿਆ ਕਿ ਸ਼ਾਮ ਜਾਂ ਰਾਤ ਦੇ ਸਮੇਂ ਡਰੇਨ ਵਿਚ ਵੀ ਪਾਣੀ ਆ ਸਕਦਾ ਹੈ। ਅਜਿਹੀ ਮੁਨਾਦੀ ਅਤੇ ਸਾਰਾ ਦਿਨ ਚੱਲੀਆਂ ਚਰਚਾਵਾਂ ਵਿਚਕਾਰ ਸੋਮਵਾਰ ਸਾਰਾ ਦਿਨ ਅਤੇ ਰਾਤ ਦੇ ਸਮੇਂ ਭਗਤ ਸਿੰਘ ਕਾਲੋਨੀ ਅਤੇ ਨੇੜਲੇ ਇਲਾਕਿਆਂ ਵਿਚ ਰਹਿਣ ਵਾਲੇ ਹਜ਼ਾਰਾਂ ਲੋਕ ਦਹਿਸ਼ਤ ਦੇ ਪਰਛਾਵੇਂ ਹੇਠ ਰਹੇ ਅਤੇ ਕਈ ਤਾਂ ਰਾਤ ਨੂੰ ਸੌਂ ਹੀ ਨਹੀਂ ਸਕੇ। ਜ਼ਿਕਰਯੋਗ ਹੈ ਕਿ ਭਗਤ ਸਿੰਘ ਕਾਲੋਨੀ ਨੇੜੇ ਜਿਥੋਂ ਨਹਿਰ ਲੰਘਦੀ ਹੈ, ਉਥੇ ਇਕ ਕਿਨਾਰੇ ’ਤੇ ਕਾਲਾ ਸੰਘਿਆਂ ਡਰੇਨ ਵੀ ਲੰਘਦੀ ਹੈ, ਜਿਹੜੀ ਪਹਿਲਾਂ ਵੀ ਕਈ ਵਾਰ ਕਾਲੋਨੀ ’ਚ ਹੜ੍ਹ ਆਉਣ ਦਾ ਕਾਰਨ ਬਣ ਚੁੱਕੀ ਹੈ।

 ਝੁੱਗੀਆਂ ਵਾਲਿਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ, ਲੋਕਾਂ ਨੂੰ ਪਹਿਲੀ ਮੰਜ਼ਿਲ ’ਤੇ ਜਾਣ ਨੂੰ ਕਹਿ ਦਿੱਤਾ

ਇਨ੍ਹਾਂ ਕਾਲੋਨੀਆਂ ਵਿਚ ਹੜ੍ਹ ਦੇ ਅਲਰਟ ਦੇ ਮੱਦੇਨਜ਼ਰ ਇਹ ਮੁਨਾਦੀ ਵੀ ਹੋਈ ਕਿ ਨਹਿਰ ਕਿਨਾਰੇ ਵਸੀਆਂ ਝੁੱਗੀਆਂ ਨੂੰ ਦੂਜੇ ਸਥਾਨ ’ਤੇ ਸ਼ਿਫਟ ਕੀਤਾ ਜਾਵੇ। ਇਸ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਅਤੇ ਕਾਲੋਨੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਦੀਆਂ ਉੱਪਰਲੀਆਂ ਮੰਜ਼ਿਲਾਂ ’ਤੇ ਚਲੇ ਜਾਣ ਅਤੇ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਦੇ ਮੱਦੇਨਜ਼ਰ ਚੌਕਸ ਰਹਿਣ। ਇਸ ਮੁਨਾਦੀ ਕਾਰਨ ਜਿਥੇ ਝੁੱਗੀਆਂ ਵਾਲਿਆਂ ਨੇ ਸੁਰੱਖਿਅਤ ਸਥਾਨ ’ਤੇ ਜਾਣਾ ਹੀ ਬਿਹਤਰ ਸਮਝਿਆ, ਉਥੇ ਹੀ ਕਾਲੋਨੀਆਂ ਦੇ ਲੋਕ ਵੀ ਆਪਣੇ ਘਰਾਂ ਦੀਆਂ ਉੱਪਰਲੀਆਂ ਮੰਜ਼ਿਲਾਂ ’ਤੇ ਸ਼ਿਫਟ ਹੋ ਗਏ।

PunjabKesari

 3 ਸਾਲਾਂ ਤੋਂ ਨਿਗਮ ਨੇ ਨਾਲੇ ਦੀ ਸਫਾਈ ਹੀ ਨਹੀਂ ਕਰਵਾਈ, ਅਲਰਟ ਜਾਰੀ ਹੁੰਦੇ ਹੀ ਸਿੰਚਾਈ ਵਿਭਾਗ ਤੇ ਨਿਗਮ ਦੀ ਮਸ਼ੀਨਰੀ ਜੁਟੀ

ਕਾਂਗਰਸ ਦੀ ਸਰਕਾਰ ਸਮੇਂ ਨਗਰ ਨਿਗਮ ਦਾ ਜਿਹੜਾ ਸਿਸਟਮ ਖਰਾਬ ਹੋਇਆ ਸੀ, ਉਸ ਕਾਰਨ ਕਾਲਾ ਸੰਘਿਆਂ ਡਰੇਨ ਦੀ ਸਫਾਈ ਦਾ ਕੰਮ ਬਿਲਕੁਲ ਬੰਦ ਕਰ ਦਿੱਤਾ ਗਿਆ ਸੀ। ਇਸ ਕਾਰਨ ਪੂਰੇ ਨਾਲੇ ਵਿਚ ਇਸ ਸਮੇਂ ਬੂਟੀ, ਗਾਰ ਆਦਿ ਜਮ੍ਹਾ ਹੈ। ਪਿਛਲੇ 3 ਸਾਲਾਂ ਤੋਂ ਜਲੰਧਰ ਨਿਗਮ ਅਤੇ ਸਿੰਚਾਈ ਵਿਭਾਗ ਨੇ ਡਰੇਨ ਦੀ ਸਫਾਈ ਹੀ ਨਹੀਂ ਕਰਵਾਈ ਪਰ ਅੱਜ ਹੜ੍ਹ ਦਾ ਅਲਰਟ ਜਾਰੀ ਹੁੰਦੇ ਹੀ ਦੋਵਾਂ ਵਿਭਾਗਾਂ ਦੇ ਅਧਿਕਾਰੀ ਸਾਰਾ ਦਿਨ ਸਾਈਟ ’ਤੇ ਡਟੇ ਰਹੇ ਅਤੇ ਮਸ਼ੀਨਰੀ ਲੈ ਕੇ ਬੂਟੀ ਕੱਢਣ ਦਾ ਕੰਮ ਚੱਲਦਾ ਰਿਹਾ।

PunjabKesari

 ਢੱਲ ਭਰਾ ਅਤੇ ਸਾਬਕਾ ਕੌਂਸਲਰ ਸੁਸ਼ੀਲ ਸ਼ਰਮਾ ਰਾਹਤ ਕਾਰਜਾਂ ’ਚ ਜੁਟੇ

ਉੱਤਰੀ ਹਲਕੇ ਦੇ ‘ਆਪ’ ਹਲਕਾ ਇੰਚਾਰਜ ਦਿਨੇਸ਼ ਢੱਲ ਦੀ ਗੈਰ-ਹਾਜ਼ਰੀ ਵਿਚ ਉਨ੍ਹਾਂ ਦੇ ਭਰਾਵਾਂ ਅਮਿਤ ਢੱਲ, ਅਨਿਲ ਢੱਲ ਬੌਬੀ ਅਤੇ ਰੋਹਿਤ ਢੱਲ ਨੇ ਮੌਕਾ ਸੰਭਾਲਿਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਆਦਿ ਦੇ ਕੇ ਰਾਹਤ ਕਾਰਜਾਂ ਨੂੰ ਅੰਜਾਮ ਦਿੱਤਾ।

PunjabKesari

ਢੱਲ ਭਰਾਵਾਂ ਨੇ ਆਪਣੀ ਦੇਖ-ਰੇਖ ਵਿਚ ਨਾਲੇ ਦੀ ਸਫਾਈ ਵੀ ਕਰਵਾਈ। ਇਸ ਦੌਰਾਨ ਸਾਬਕਾ ਕੌਂਸਲਰ ਅਤੇ ਭਾਜਪਾ ਆਗੂ ਸੁਸ਼ੀਲ ਸ਼ਰਮਾ ਵੀ ਮੌਕੇ ’ਤੇ ਡਟੇ ਰਹੇ ਅਤੇ ਉਨ੍ਹਾਂ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਸਾਰਾ ਦਿਨ ਹਾਲਾਤ ਦਾ ਜਾਇਜ਼ਾ ਲਿਆ।

 

 


author

Manoj

Content Editor

Related News