ਲੁਧਿਆਣਾ ’ਚ ਵੱਡੀ ਵਾਰਦਾਤ, ਹੌਜ਼ਰੀ ਦੇ ਮਾਲਕ ਤੋਂ ਲੁਟੇਰਿਆਂ ਨੇ ਲੁੱਟੇ ਸਾਢੇ 9 ਲੱਖ ਰੁਪਏ

Friday, Dec 10, 2021 - 08:49 PM (IST)

ਲੁਧਿਆਣਾ ’ਚ ਵੱਡੀ ਵਾਰਦਾਤ, ਹੌਜ਼ਰੀ ਦੇ ਮਾਲਕ ਤੋਂ ਲੁਟੇਰਿਆਂ ਨੇ ਲੁੱਟੇ ਸਾਢੇ 9 ਲੱਖ ਰੁਪਏ

ਲੁਧਿਆਣਾ (ਰਾਮ)-ਲੁਧਿਆਣਾ ’ਚ ਬੇਖੌਫ ਅਣਪਛਾਤੇ ਲੁਟੇਰਿਆਂ ਨੇ ਸਾਢੇ 9 ਲੱਖ ਰੁਪਏ ਦੀ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਆਰ. ਕੇ. ਰੋਡ ’ਤੇ ਨਾਹਰ ਸਪਿੰਨਿੰਗ ਮਿੱਲ ਦੇ ਬਿਲਕੁਲ ਸਾਹਮਣੇ ਸਥਿਤ ਸ਼ਿਵ ਮੋਹਨ ਹੌਜ਼ਰੀ ਦੇ ਮਾਲਕ ਰਾਧੇ ਮੋਹਨ ਥਾਪਰ ਉੱਪਰ ਲੋਹੇ ਦੇ ਦਾਤਰ ਨਾਲ ਕਥਿਤ ਹਮਲਾ ਕਰਦੇ ਹੋਏ ਅਣਪਛਾਤੇ ਲੁਟੇਰਿਆਂ ਨੇ ਉਸ ਸਮੇਂ ਕਰੀਬ ਸਾਢੇ 9 ਲੱਖ ਰੁਪਏ ਦੀ ਨਕਦੀ ਵਾਲਾ ਬੈਗ ਲੁੱਟ ਲਿਆ, ਜਦੋਂ ਰਾਧੇ ਮੋਹਨ ਥਾਪਰ ਆਪਣੇ ਵਰਕਰਾਂ ਨੂੰ ਤਨਖਾਹ ਦੇਣ ਲਈ ਉਕਤ ਰਕਮ ਲੈ ਕੇ ਸਵੇਰੇ ਕਰੀਬ 8:25 ਵਜੇ ਆਪਣੀ ਫੈਕਟਰੀ ਪਹੁੰਚੇ ਸਨ। ਪਹਿਲਾਂ ਹੀ ਘਾਤ ਲਗਾ ਕੇ ਬੈਠੇ ਲੁਟੇਰਿਆਂ ਨੇ ਰਾਧੇ ਮੋਹਨ ਦੇ ਗੱਡੀ ’ਚੋਂ ਉਤਰਦੇ ਹੀ ਹਮਲਾ ਕਰ ਦਿੱਤਾ ਅਤੇ ਕੁਝ ਹੀ ਸਕਿੰਟਾਂ ’ਚ ਪੈਸਿਆਂ ਵਾਲਾ ਬੈਗ, ਜਿਸ ’ਚ ਐਪਲ ਕੰਪਨੀ ਦੇ 2 ਮੋਬਾਇਲ ਫੋਨ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 2 ਲੱਖ ਰੁਪਏ ਹੈ, ਲੁੱਟ ਕੇ ਫਰਾਰ ਹੋ ਗਏ। ਹਮਲੇ ਦੌਰਾਨ ਰਾਧੇ ਮੋਹਨ ਦੀ ਗਰਦਨ ’ਤੇ ਲੁਟੇਰਿਆਂ ਨੇ ਦੋ ਵਾਰ ਕੀਤੇ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਸੀ. ਪੀ. ਡਿਟੈਕਟਿਵ ਵਰਿੰਦਰ ਸਿੰਘ ਬਰਾੜ, ਏ. ਡੀ. ਸੀ. ਪੀ.-4 ਰੁਪਿੰਦਰ ਕੌਰ ਸਰਾਂ, ਏ. ਸੀ. ਪੀ. ਦਵਿੰਦਰ ਚੌਧਰੀ, ਇੰਸ. ਸੁਰਿੰਦਰ ਚੋਪੜਾ, ਇੰਸ. ਕੁਲਵੰਤ ਸਿੰਘ ਮੱਲ੍ਹੀ ਆਪਣੀਆਂ ਟੀਮਾਂ ਸਮੇਤ ਘਟਨਾ ਸਥਾਨ ’ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਬੇਅਦਬੀ ਮਾਮਲਿਆਂ ਦੇ ਨਿਆਂ ਨੂੰ ਉਡੀਕ ਰਹੇ ਪੰਜਾਬੀਆਂ ਦੀ ਆਵਾਜ਼ ਦਬਾ ਨਹੀਂ ਸਕਦੇ ਮੁੱਖ ਮੰਤਰੀ : ਸੁਖਬੀਰ ਬਾਦਲ

ਸੀ. ਸੀ. ਟੀ. ਵੀ. ’ਚ ਕੈਦ ਹੋਏ ਲੁਟੇਰੇ 
2 ਮੋਟਰਸਾਈਕਲਾਂ ’ਤੇ ਤੇਜ਼ਧਾਰ ਹਥਿਆਰਾਂ ਸਮੇਤ ਆਏ ਕਰੀਬ 6 ਲੁਟੇਰਿਆਂ ਨੇ ਗੇਟ ਦੇ ਅੰਦਰ ਦਾਖਲ ਹੁੰਦੇ ਹੀ ਰਾਧੇ ਮੋਹਨ ਥਾਪਰ  ’ਤੇ ਹਮਲਾ ਕਰ ਕੇ ਕੁਝ ਹੀ ਸਕਿੰਟਾਂ ’ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਸੀ. ਸੀ. ਟੀ. ਵੀ. ਫੁਟੇਜ ’ਚ ਸਾਹਮਣੇ ਆਇਆ ਕਿ ਫੈਕਟਰੀ ਮਾਲਕ ਰਾਧੇ ਮੋਹਨ ਥਾਪਰ ਜਿਉਂ ਹੀ ਆਪਣੀ ਗੱਡੀ ਤੋਂ ਉੱਤਰ ਕੇ ਗੇਟ ਦੇ ਅੰਦਰ ਦਾਖਲ ਹੋਏ ਤਾਂ ਪਹਿਲਾਂ ਇਕ ਮੋਟਰਸਾਈਕਲ ਬੜੀ ਤੇਜ਼ੀ ਨਾਲ ਆ ਕੇ ਰੁਕਿਆ, ਜਿਸ ’ਤੇ 3 ਲੁਟੇਰੇ ਸਵਾਰ ਸਨ, ਜਿਨ੍ਹਾਂ ’ਚੋਂ ਦੋ ਨੇ ਹਥਿਆਰਾਂ ਸਮੇਤ ਰਾਧੇ ਮੋਹਨ ’ਤੇ ਹਮਲਾ ਕੀਤਾ, 2 ਲੁਟੇਰੇ ਹੋਰ ਪਿੱਛੇ ਤੋਂ ਭੱਜਦੇ ਆਏ ਅਤੇ ਉਨ੍ਹਾਂ ਦਾ ਤੀਜਾ ਮੋਟਰਸਾਈਕਲ ਸਵਾਰ ਸੀ, ਜਿਸ  ਨੇ ਸਿਰ ’ਤੇ ਪਟਕਾ ਬੰਨ੍ਹਿਆ ਹੋਇਆ ਸੀ।

ਸ਼ੱਕ ਦੇ ਆਧਾਰ ’ਤੇ ਡਰਾਈਵਰ ਨੂੰ ਪੁੱਛਗਿੱਛ ਲਈ ਲਿਆ ਹਿਰਾਸਤ ’ਚ, ਛੱਡਿਆ
ਘਟਨਾ ਦੀ ਮੁੱਢਲੀ ਜਾਂਚ ਦੌਰਾਨ ਪੁਲਸ ਨੇ ਰਾਧੇ ਮੋਹਨ ਦੀ ਕਾਰ ਦੇ ਡਰਾਈਵਰ ਨੂੰ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਸੀ। ਸੂਤਰਾਂ ਦੀ ਮੰਨੀ ਜਾਵੇ ਤਾਂ ਕਈ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਪੁਲਸ ਨੇ ਡਰਾਈਵਰ ਨੂੰ ਛੱਡ ਦਿੱਤਾ।

ਲੋਕੇਸ਼ਨ ਦੇ ਸਹਾਰੇ ਲੁਟੇਰਿਆਂ ਨੇੜੇ ਪੁੱਜੀ ਪੁਲਸ, ਅਧਿਕਾਰੀਆਂ ਨੇ ਨਹੀਂ ਕੀਤੀ ਪੁਸ਼ਟੀ
ਸੂਤਰਾਂ ਦੀ ਮੰਨੀਏ ਤਾਂ ਬੈਗ ’ਚ ਮੌਜੂਦ ਸਾਢੇ 9 ਲੱਖ ਦੀ ਨਕਦੀ ਦੇ ਨਾਲ ਪਏ ਐਪਲ ਕੰਪਨੀ ਦੇ ਦੋ ਮੋਬਾਇਲ ਫੋਨਾਂ ਦੀ ਲੋਕੇਸ਼ਨ ਦੇ ਸਹਾਰੇ ਪੁਲਸ ਲੁਟੇਰਿਆਂ ਦੇ ਬਹੁਤ ਨੇੜੇ ਪੁੱਜ ਚੁੱਕੀ ਹੈ। ਸੂਤਰ ਦੱਸਦੇ ਹਨ ਕਿ ਘਟਨਾ ਤੋਂ ਬਾਅਦ ਲੁਟੇਰਿਆਂ ਦੀ ਪਹਿਲੀ ਲੋਕੇਸ਼ਨ ਜਨਕਪੁਰੀ ਅਤੇ ਫਿਰ ਗਿੱਲ ਨਹਿਰ ਦੇ ਸਾਹਮਣੇ ਆਈ, ਜਿਸ ਤੋਂ ਬਾਅਦ ਪੁਲਸ ਦੀਆਂ ਵੱਖ-ਵੱਖ ਟੀਮਾਂ ਨੂੰ ਲੁਟੇਰਿਆਂ ਦੇ ਪਿੱਛੇ ਲਗਾਉਣ ਦੇ ਨਾਲ ਹੀ ਅੱਗੇ ਦੇ ਥਾਣੇ, ਚੌਕੀਆਂ ਅਤੇ ਨਾਕਾਬੰਦੀ ਟੀਮਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਜਦੋਂ ਇਸ ਸਬੰਧੀ ਉੱਚ ਪੁਲਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਕਿਸੇ ਵੀ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
 


author

Manoj

Content Editor

Related News