ਡਾਕਟਰਾਂ ਲਈ ਵੱਡੀ ਖ਼ੁਸ਼ਖ਼ਬਰੀ! 60 ਫ਼ੀਸਦੀ ਤੱਕ ਵੱਧ ਗਈਆਂ ਤਨਖ਼ਾਹਾਂ
Wednesday, Mar 05, 2025 - 09:46 AM (IST)

ਚੰਡੀਗੜ੍ਹ (ਪਾਲ) : ਸਿਹਤ ਵਿਭਾਗ ਪਿਛਲੇ ਕਾਫੀ ਸਮੇਂ ਤੋਂ ਮੈਡੀਕਲ ਅਫ਼ਸਰਾਂ ਅਤੇ ਸਪੈਸ਼ਲਿਸਟਾਂ ਦੀ ਕਮੀ ਝੱਲ ਰਿਹਾ ਹੈ। ਵਿਭਾਗ ਨੇ ਹਾਲ ਹੀ 'ਚ ਮੈਡੀਕਲ ਅਫ਼ਸਰਾਂ ਲਈ 18 ਅਤੇ ਸਪੈਸ਼ਲਿਸਟਾਂ ਲਈ 16 ਅਸਾਮੀਆਂ ਲਈ ਇਸ਼ਤਿਹਾਰ ਦਿੱਤਾ ਸੀ, ਜਿਨ੍ਹਾਂ ਵਿਚੋਂ 10 ਅਸਾਮੀਆਂ ਗਾਇਨੀਕਾਲੋਜੀ ਵਿਭਾਗ ਲਈ ਹਨ। ਇਸ ਤੋਂ ਇਲਾਵਾ ਰੇਡੀਓਲੋਜੀ, ਮਾਈਕ੍ਰੋਬਾਇਓਲੋਜੀ, ਐਪੀਡੈਮੀਓਲੋਜੀ (ਮਹਾਮਾਰੀ ਵਿਗਿਆਨ) ਅਤੇ ਹਰ ਵਿਭਾਗ 'ਚ ਇਕ ਐਨਸਥੀਸੀਆ ਨੂੰ ਨਿਯੁਕਤ ਕੀਤਾ ਜਾਵੇਗਾ। ਇਹ ਸਾਰੀਆਂ ਅਸਾਮੀਆਂ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਠੇਕੇ 'ਤੇ ਹਨ। ਖ਼ਾਸ ਗੱਲ ਇਹ ਹੈ ਕਿ ਵਿਭਾਗ ਨੇ ਪਿਛਲੇ ਸਾਲ ਮੈਡੀਕਲ ਅਫ਼ਸਰਾਂ ਅਤੇ ਸਪੈਸ਼ਲਿਸਟਾਂ ਦੀ ਨਿਯੁਕਤੀ ਲਈ ਇਸ਼ਤਿਹਾਰ ਦਿੱਤਾ ਸੀ। ਇਸ 'ਚ ਜੀ. ਐੱਮ. ਐੱਸ. ਐੱਚ. ਸਿਵਲ ਹਸਪਤਾਲ ਮਨੀਮਾਜਰਾ, ਸੈਕਟਰ-45 ਅਤੇ ਸੈਕਟਰ-22 ਦੇ ਹਸਪਤਾਲਾਂ 'ਚ ਇਸ਼ਤਿਹਾਰ ਦੇਣ ਦੇ ਬਾਵਜੂਦ ਕਿਸੇ ਨੇ ਵੀ ਕੋਈ ਦਿਲਚਸਪੀ ਨਹੀਂ ਦਿਖਾਈ। ਹਸਪਤਾਲ ਪ੍ਰਸ਼ਾਸਨ ਅਨੁਸਾਰ ਘੱਟ ਤਨਖ਼ਾਹ ਇੱਕ ਵੱਡਾ ਕਾਰਨ ਹੈ, ਜਿਸ ਕਾਰਨ ਡਾਕਟਰ ਆਉਣ ਲਈ ਤਿਆਰ ਨਹੀਂ ਹਨ। ਜੇਕਰ ਕੋਈ ਡਾਕਟਰ ਨਿਯੁਕਤ ਹੁੰਦਾ ਵੀ ਹੈ ਤਾਂ ਉਹ ਜ਼ਿਆਦਾ ਦੇਰ ਤੱਕ ਨਹੀਂ ਰਹਿੰਦਾ। ਇਸ ਲਈ ਇਸ ਸਾਲ ਇਨ੍ਹਾਂ ਅਸਾਮੀਆਂ ਦਾ ਇਸ਼ਤਿਹਾਰ 60 ਫ਼ੀਸਦੀ ਤੱਕ ਤਨਖ਼ਾਹ ਵਾਧੇ ਨਾਲ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਔਖੀ ਘੜੀ! ਬੁਰੀ ਤਰ੍ਹਾਂ ਵਿਗੜੇ ਹਾਲਾਤ, ਔਖੇ-ਸੌਖੇ ਕੱਢਣੇ ਪੈਣਗੇ ਦਿਨ
ਇਨ੍ਹਾਂ ਸਾਰੀਆਂ ਅਸਾਮੀਆਂ ਲਈ ਹਾਲ ਹੀ 'ਚ ਇੰਟਰਵਿਊ ਲਏ ਗਏ ਹਨ, ਨਤੀਜੇ ਅਗਲੇ ਕੁੱਝ ਦਿਨਾਂ 'ਚ ਐਲਾਨੇ ਜਾਣਗੇ। ਹਸਪਤਾਲ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਐੱਮ. ਬੀ. ਬੀ. ਐੱਸ. ਅਤੇ ਐੱਮ. ਡੀ. ਡਾਕਟਰ ਸਰਕਾਰੀ ਨੌਕਰੀਆਂ ਲਈ ਅਰਜ਼ੀ ਨਹੀਂ ਦਿੰਦੇ ਕਿਉਂਕਿ ਨਿੱਜੀ ਹਸਪਤਾਲਾਂ ਤੋਂ ਤਨਖ਼ਾਹ 'ਚ ਕਾਫੀ ਅੰਤਰ ਹੈ ਅਤੇ ਹੋਰ ਸੂਬਿਆਂ 'ਚ ਮੈਡੀਕਲ ਅਫ਼ਸਰ ਦੀ ਪਿਛਲੀ ਮਾਸਿਕ ਤਨਖ਼ਾਹ 45,000 ਰੁਪਏ ਸੀ ਅਤੇ ਇਸ ਸਾਲ ਦੇ ਇਸ਼ਤਿਹਾਰ 'ਚ ਇਸ ਨੂੰ ਵਧਾ ਕੇ 72,000 ਰੁਪਏ ਕਰ ਦਿੱਤਾ ਗਿਆ ਹੈ, ਜਦੋਂ ਕਿ ਗਾਇਨੀਕੋਲੋਜੀ ਵਿਭਾਗ 'ਚ ਸਪੈਸ਼ਲਿਸਟ ਦੀ ਤਨਖ਼ਾਹ 75,000 ਰੁਪਏ ਤੋਂ 1 ਲੱਖ ਰੁਪਏ ਹੈ। ਰੇਡੀਓਲੋਜਿਸਟਾਂ ਅਤੇ ਐਨਸਥੀਟਿਸਟਾਂ ਲਈ ਨਵਾਂ ਤਨਖਾਹ ਸਕੇਲ 1,50,000 ਰੁਪਏ ਹੈ। ਮਾਈਕ੍ਰੋਬਾਇਓਲੋਜਿਸਟ ਅਤੇ ਐਪੀਡੀਮਿਓਲੋਜਿਸਟ ਲਈ ਇਹ 85,000 ਰੁਪਏ ਹੈ। ਖ਼ਾਲੀ ਅਸਾਮੀਆਂ ਨੂੰ ਭਰਨ ਲਈ ਮੂਲ ਤਨਖ਼ਾਹ 'ਚ ਵਾਧਾ ਕੀਤਾ ਗਿਆ ਹੈ ਕਿਉਂਕਿ ਸਾਰੀਆਂ ਸਿਹਤ ਸਹੂਲਤਾਂ 'ਚ ਵਾਧਾ ਹੋਇਆ ਹੈ ਨਾਲ ਹੀ ਪਹਿਲਾਂ ਦੇ ਮੁਕਾਬਲੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਵੱਧ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ ਵੱਡੀ ਖ਼ਬਰ, ਨਵੀਂ ਭਰਤੀ ਕਰਨ ਜਾ ਰਹੇ CM ਮਾਨ! (ਵੀਡੀਓ)
33.98 ਫ਼ੀਸਦੀ ਅਹੁਦੇ ਪਏ ਹਨ ਖ਼ਾਲੀ
ਜੀ. ਐੱਮ. ਐੱਸ. ਐੱਚ. ਦੀ ਗੱਲ ਕਰੀਏ ਤਾਂ ਇੱਥੇ ਹਰ ਰੋਜ਼ 3500 ਮਰੀਜ਼ ਅਤੇ ਉਨ੍ਹਾਂ ਦੇ ਨਾਲ ਅਟੈਂਡੈਂਟ ਆਉਂਦੇ ਹਨ। 500 ਬਿਸਤਰਿਆਂ ਵਾਲੇ ਇਸ ਹਸਪਤਾਲ 'ਚ ਚੰਡੀਗੜ੍ਹ ਸਣੇ ਆਸ-ਪਾਸ ਦੇ ਇਲਾਕਿਆਂ ਤੋਂ ਵੀ ਮਰੀਜ਼ ਆਉਂਦੇ ਹਨ, ਜਿਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 350 ਤੋਂ 400 ਮਾਮਲੇ ਗਾਇਨੀਕੋਲੋਜੀ ਵਿਭਾਗ 'ਚ ਹੀ ਆਉਂਦੇ ਹਨ। ਹਾਲਾਂਕਿ ਸਿਹਤ ਵਿਭਾਗ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਤੋਂ ਡਾਕਟਰਾਂ ਨੂੰ ਡੈਪੂਟੇਸ਼ਨ 'ਤੇ ਨਿਯੁਕਤ ਕਰਦਾ ਹੈ, ਪਰ ਜੀ. ਐੱਮ. ਐੱਸ. ਐੱਚ. ਦੀ ਹਾਲੀਆ ਆਡਿਟ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ 721 ਮਨਜ਼ੂਰਸ਼ੁਦਾ ਅਸਾਮੀਆਂ ਵਿਚੋਂ ਸਿਰਫ਼ 476 ਅਸਾਮੀਆਂ ਹੀ ਨਿਯਮਤ ਕਰਮਚਾਰੀਆਂ ਰਾਹੀਂ ਭਰੀਆਂ ਗਈਆਂ ਹਨ ਅਤੇ 245 ਅਸਾਮੀਆਂ (33.98 ਫ਼ੀਸਦੀ) ਖ਼ਾਲੀ ਪਈਆਂ ਹਨ। ਕਰਮਚਾਰੀਆਂ ਦੀ ਘਾਟ ਕਾਰਨ ਮੌਜੂਦਾ ਸਟਾਫ਼ 'ਤੇ ਬੋਝ ਵੱਧ ਗਿਆ ਹੈ ਅਤੇ ਵਿਭਾਗਾਂ ਦੇ ਰੋਜ਼ਾਨਾ ਦੇ ਕੰਮਕਾਜ ’ਤੇ ਇਸ ਦਾ ਅਸਰ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8