ਕਿਤੇ ‘ਆਇਆ ਰਾਮ ਗਿਆ ਰਾਮ’ ਦੇ ਚੱਕਰ ’ਚ ਡੁੱਬ ਨਾ ਜਾਵੇ ਭਾਜਪਾ ਦਾ ਬੇੜਾ
Saturday, May 20, 2023 - 01:47 PM (IST)
ਜਲੰਧਰ (ਅਨਿਲ ਪਾਹਵਾ)–ਪੰਜਾਬ ’ਚ ਖ਼ੁਦ ਨੂੰ ਮਜ਼ਬੂਤ ਕਰਨ ਲਈ ਭਾਰਤੀ ਜਨਤਾ ਪਾਰਟੀ ਪਿਛਲੇ ਕੁਝ ਸਮੇਂ ਤੋਂ ਦੂਜੀਆਂ ਸਿਆਸੀ ਪਾਰਟੀਆਂ, ਜਿਨ੍ਹਾਂ ਦੀਆਂ ਨੀਤੀਆਂ ਦਾ ਉਹ ਵਿਰੋਧ ਕਰਦੀ ਰਹੀ ਹੈ, ਦੇ ਲੋਕਾਂ ਨੂੰ ਆਪਣੇ ਖੇਮੇ ਵਿਚ ਸ਼ਾਮਲ ਕਰ ਰਹੀ ਹੈ। ਇਹ ਸਿਲਸਿਲਾ ਕਾਫ਼ੀ ਦੇਰ ਤੋਂ ਚੱਲ ਰਿਹਾ ਹੈ, ਜਿਸ ਕਾਰਨ ਪਾਰਟੀ ਵਿਚ ਬਾਹਰਲੇ ਲੋਕਾਂ ਦਾ ਸ਼ਾਮਲ ਹੋਣਾ ਜਾਰੀ ਹੈ ਪਰ ਇਸ ਨਾਲ ਭਾਜਪਾ ਵਿਚ ਇਕ ਅਜੀਬ ਜਿਹੀ ਸਥਿਤੀ ਬਣ ਗਈ ਹੈ। ਜਿੱਥੇ ਬਾਹਰਲੇ ਲੋਕਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੇ ਜਾਣ ਤੋਂ ਪਾਰਟੀ ਦੇ ਆਪਣੇ ਨੇਤਾ ਨਾਰਾਜ਼ ਹਨ, ਉੱਥੇ ਹੀ ਬਾਹਰਲੇ ਲੋਕ ਵੀ ਹੁਣ ਭਾਜਪਾ ਦੀਆਂ ਅਨੁਸ਼ਾਸਨੀ ਨੀਤੀਆਂ ਸਬੰਧੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ - ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ 'ਚ ਹੰਗਾਮਾ, ਮੂੰਹ ਬੰਨ੍ਹ ਕੇ ਆਏ ਵਿਅਕਤੀ ਨੇ ਗ੍ਰੰਥੀ ਸਿੰਘ ’ਤੇ ਕੀਤਾ ਹਮਲਾ
‘ਗੈਰੋਂ ਪੇ ਕਰਮ’
ਪਿਛਲੇ ਲਗਭਗ ਇਕ ਸਾਲ ਤੋਂ ਕਾਂਗਰਸ ਤੇ ਅਕਾਲੀ ਦਲ ’ਚੋਂ ਲਗਭਗ 2 ਦਰਜਨ ਛੋਟੇ-ਵੱਡੇ ਨੇਤਾ ਭਾਜਪਾ ਵਿਚ ਸ਼ਾਮਲ ਹੋਏ ਹਨ। ਭਾਜਪਾ ਵਿਚ ਆਉਣ ਤੋਂ ਬਾਅਦ ਇਨ੍ਹਾਂ ਦਾ ਇੰਝ ਤਹਿ-ਦਿਲੋਂ ਸਵਾਗਤ ਕੀਤਾ ਗਿਆ ਜਿਵੇਂ ਪਾਰਟੀ ਨੂੰ ਨਾਯਾਬ ਹੀਰੇ ਮਿਲ ਗਏ ਹੋਣ। ਇਨ੍ਹਾਂ ਹੀਰਿਆਂ ਦੀ ਚਮਕ ਪਾਰਟੀ ਨੂੰ ਆਪਣੇ ਵਰਕਰਾਂ ਨਾਲੋਂ ਵੀ ਜ਼ਿਆਦਾ ਲੱਗੀ ਅਤੇ ਇਨ੍ਹਾਂ ਨੂੰ ਸਿਰ ਅੱਖਾਂ ’ਤੇ ਬਿਠਾਇਆ ਗਿਆ ਪਰ ਹੁਣ ਪਾਰਟੀ ਵਿਚ ਸਥਿਤੀ ਲਗਾਤਾਰ ਬਦਲ ਰਹੀ ਹੈ। ਬਾਹਰੋਂ ਪਾਰਟੀ ਵਿਚ ਆਏ ਨੇਤਾ ਹੁਣ ਘੁਟਨ ਮਹਿਸੂਸ ਕਰਨ ਲੱਗੇ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਭਾਜਪਾ ਅਤੇ ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਸਿਆਸੀ ਪਾਰਟੀਆਂ ਦੇ ਕਲਚਰ ਵਿਚ ਕਾਫ਼ੀ ਫਰਕ ਹੈ। ਭਾਜਪਾ ਵਿਚ ਜਿੱਥੇ ਅਨੁਸ਼ਾਸਨ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ, ਉੱਥੇ ਹੀ ਬਾਕੀ ਪਾਰਟੀਆਂ ਵਿਚ ਅਨੁਸ਼ਾਸਨ ਦਾ ਕੋਈ ਖ਼ਾਸ ਸਥਾਨ ਨਹੀਂ ਹੈ। ਖੁੱਲ੍ਹੇ ਮਾਹੌਲ ਵਿਚ ਰਹੇ ਦੂਜੀਆਂ ਸਿਆਸੀ ਪਾਰਟੀਆਂ ਦੇ ਨੇਤਾ ਹੁਣ ਭਾਜਪਾ ਵਿਚ ਖ਼ੁਦ ਨੂੰ ਕੰਫਰਟੇਬਲ ਮਹਿਸੂਸ ਨਹੀਂ ਕਰ ਰਹੇ। ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਕੁਝ ਦਿਨਾਂ ’ਚ ਉਹ ਭਾਜਪਾ ਨੂੰ ਅਲਵਿਦਾ ਕਹਿ ਦੇਣ। ਉਸ ਸਥਿਤੀ ’ਚ ਪਾਰਟੀ ਦੀ ਹਾਲਤ ਕੀ ਹੋਵੇਗੀ, ਇਹ ਸੋਚਣ ਵਾਲੀ ਗੱਲ ਹੈ।
‘ਅਪਨੋਂ ਪੇ ਸਿਤਮ’
ਕੁਝ ਅਜਿਹੀ ਹੀ ਸਥਿਤੀ ਭਾਜਪਾ ਵਿਚ ਵਰ੍ਹਿਆਂ ਤੋਂ ਦਰੀਆਂ ਵਿਛਾਉਣ ਤੋਂ ਲੈ ਕੇ ਚਾਹ-ਪਾਣੀ ਪਿਲਾਉਣ ਦਾ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਹੈ। ਬਾਹਰੋਂ ਆਏ ਨੇਤਾਵਾਂ ਨੂੰ ਇਨ੍ਹਾਂ ਨਾਲੋਂ ਵੀ ਜ਼ਿਆਦਾ ਵੈਲਿਊ ਦਿੱਤੀ ਗਈ, ਇਨ੍ਹਾਂ ਨੂੰ ਸਾਹਮਣੇ ਕੁਰਸੀਆਂ ’ਤੇ ਬਿਠਾਇਆ ਗਿਆ ਅਤੇ ਬਾਹਰੋਂ ਆਏ ਨੇਤਾਵਾਂ ਨੂੰ ਮੰਚ ’ਤੇ ਸੁਸ਼ੋਭਿਤ ਕੀਤਾ ਜਾਂਦਾ ਰਿਹਾ। ਕੁਝ ਦਿਨ ਪਹਿਲਾਂ ਪਾਰਟੀ ’ਚ ਆਏ ਲੋਕਾਂ ਨੂੰ ਅਤਿ-ਆਧੁਨਿਕ ‘ਸੋਫਿਸਟੀਕੇਟਿਡ’ ਹਥਿਆਰਾਂ ਨਾਲ ਲੈਸ ਜਵਾਨ ਸੁਰੱਖਿਆ ਵਜੋਂ ਮੁਹੱਈਆ ਕਰਵਾਏ ਗਏ, ਜਦਕਿ ਪਾਰਟੀ ਦੇ ਜਿਹੜੇ ਵਰਕਰ ਵਰ੍ਹਿਆਂ ਤੋਂ ਕੰਮ ਕਰ ਰਹੇ ਸਨ, ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਪਾਰਟੀ ਦੇ ਅੰਦਰ ਹੀ ਇਨ੍ਹਾਂ ਦੋ ਤਰ੍ਹਾਂ ਦੀਆਂ ਨੀਤੀਆਂ ਨੇ ਵਰਕਰਾਂ ਦਾ ਮਨੋਬਲ ਤੋੜ ਦਿੱਤਾ ਹੈ ਅਤੇ ਸਥਿਤੀ ਇਹ ਹੈ ਕਿ ਖ਼ੁਦ ਦੀ ਪਾਰਟੀ ਦੇ ਵਰਕਰ ਹੀ ਹੁਣ ਘੁਟਨ ਮਹਿਸੂਸ ਕਰਨ ਲੱਗੇ ਹਨ। ਕਿਤੇ ਅਜਿਹਾ ਨਾ ਹੋਵੇ ਕਿ ਦੂਜੀਆਂ ਪਾਰਟੀਆਂ ’ਚੋਂ ਆਏ ਲੋਕ ਆਪਣੇ ਨਾ ਬਣਨ ਅਤੇ ਉੱਪਰੋਂ ਆਪਣੇ ਵੀ ਬੇਗਾਨੇ ਹੋ ਜਾਣ।
ਇਹ ਵੀ ਪੜ੍ਹੋ - ਡਿਜੀਟਲ ਹੋਣ ਦੀ ਉਡੀਕ 'ਚ 'ਪੰਜਾਬ ਵਿਧਾਨ ਸਭਾ', ਚੌਥੀ ਵਾਰ ਵੀ ਟੈਂਡਰ ਹੋਇਆ ਰੱਦ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani