ਅਕਾਲੀ ਦਲ ਨੂੰ ਵੱਡਾ ਝਟਕਾ, ਟਕਸਾਲੀ ਅਕਾਲੀ ਪਰਿਵਾਰ ਦੇ ਸੀਨੀਅਰ ਆਗੂ ਸੰਦੀਪ ਸਿੰਘ ਰਾਜਾ ਤੁੜ ‘ਆਪ’ ’ਚ ਸ਼ਾਮਲ
Sunday, Nov 26, 2023 - 02:19 PM (IST)
ਪਟਿਆਲਾ (ਰਾਜੇਸ਼ ਪੰਜੌਲਾ, ਮਨਦੀਪ ਜੋਸਨ) : ਜ਼ਿਲ੍ਹੇ ’ਚ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਅਕਾਲੀ ਦਲ ਦਾ ਥੰਮ੍ਹ ਤੁੜ ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਿਆ। ਸੀਨੀਅਰ ਅਕਾਲੀ ਆਗੂ ਅਤੇ ਤੁੜ ਪਰਿਵਾਰ ਦੇ ਰਾਜਨੀਤਕ ਵਾਰਿਸ ਸੰਦੀਪ ਸਿੰਘ ਰਾਜਾ ਤੁੜ ਇਥੇ ਸਰਕਟ ਹਾਊਸ ਵਿਖੇ ਮੁੱਖ ਮੰਤਰੀ ਦੀ ਧਰਮਪਤਨੀ ਡਾ. ਗੁਰਪ੍ਰੀਤ ਕੌਰ, ਮੁੱਖ ਮੰਤਰੀ ਦੀ ਭੈਣ ਮਨਪ੍ਰੀਤ ਕੌਰ, ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਸਮੇਤ ਸਮੁੱਚੇ ਵਿਧਾਇਕਾਂ ਦੀ ਹਾਜ਼ਰੀ ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ। ਜਥੇ. ਮੋਹਨ ਸਿੰਘ ਤੁੜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਹਨ। ਇਸੇ ਤਰ੍ਹਾਂ ਜਥੇ. ਲਹਿਣਾ ਸਿੰਘ ਤੁੜ ਧਰਮਯੁੱਧ ਮੋਰਚਾ ਦੀ ਅਗਵਾਈ ਕਰਨ ਵਾਲੇ ਸਨ ਅਤੇ 1980 ’ਚ ਮੈਂਬਰ ਪਾਰਲੀਮੈਂਟ ਬਣੇ ਸਨ। ਉਸ ਸਮੇਂ ਸਮੁੱਚਾ ਅਕਾਲੀ ਦਲ ਹਾਰ ਗਿਆ ਸੀ ਪਰ ਜਥੇ. ਲਹਿਣਾ ਸਿੰਘ ਤੁੜ ਲੋਕ ਸਭਾ ਸਪੀਕਰ ਗੁਰਦਿਆਲ ਸਿੰਘ ਢਿੱਲੋਂ ਨੂੰ ਹਰਾ ਕੇ ਐੱਮ. ਪੀ. ਬਣੇ ਸਨ। ਜਥੇ. ਮੋਹਨ ਸਿੰਘ ਤੁੜ ਨੇ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਤਾਪ ਸਿੰਘ ਕੈਰੋਂ ਨੂੰ ਹਰਾਇਆ ਸੀ।
ਤੁੜ ਪਰਿਵਾਰ ਦਾ ਪੰਜਾਬ ਅਤੇ ਅਕਾਲੀ ਰਾਜਨੀਤੀ ਵਿਚ ਬਹੁਤ ਵੱਡਾ ਨਾਂ ਹੈ। ਸੰਦੀਪ ਸਿੰਘ ਰਾਜਾ ਤੁੜ ਇਸ ਪਰਿਵਾਰ ਦੇ ਰਾਜਨੀਤਕ ਵਾਰਿਸ ਹਨ ਅਤੇ ਲੰਬੇ ਸਮੇਂ ਤੋਂ ਅਕਾਲੀ ਦਲ ’ਚ ਕੰਮ ਕਰ ਰਹੇ ਸਨ ਪਰ ਅਕਾਲੀ ਦਲ ਦੀਆਂ ਪੰਥ ਅਤੇ ਪੰਜਾਬ ਵਿਰੋਧੀ ਨੀਤੀਆਂ ਤੇ ਟਕਸਾਲੀ ਵਰਕਰਾਂ ਨੂੰ ਖੁੱਡੇ ਲਾਈਨ ਲਾ ਕੇ ਆਪਣੇ ਪਰਿਵਾਰਾਂ ਨੂੰ ਅੱਗੇ ਕਰਨ ਕਰ ਕੇ ਉਨ੍ਹਾਂ ਨੇ ਅਕਾਲੀ ਦਲ ਨੂੰ ਛੱਡਣ ਦਾ ਫੈਸਲਾ ਕੀਤਾ। ਤੁੜ ਪਰਿਵਾਰ ਦਾ ਹਰ ਅਕਾਲੀ ਮੋਰਚੇ ’ਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਸੰਦੀਪ ਸਿੰਘ ਰਾਜਾ ਤੁੜ ਖੁਦ ਕਈ ਵਾਰ ਜੇਲ੍ਹ ਕੱਟ ਚੁੱਕੇ ਹਨ। ਰਾਜਾ ਤੁੜ ਦਾ ਹਲਕਾ ਸਨੌਰ, ਘਨੌਰ, ਸ਼ੁਤਰਾਣਾ, ਪਟਿਆਲਾ ਦਿਹਾਤੀ ਅਤੇ ਪਟਿਆਲਾ ਸ਼ਹਿਰੀ ’ਚ ਬਹੁਤ ਵੱਡਾ ਆਧਾਰ ਹੈ। ਉਨ੍ਹਾਂ ਦੇ ਅਕਾਲੀ ਦਲ ਛੱਡਣ ਨਾਲ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਵੱਡਾ ਲਾਭ ਮਿਲੇਗਾ। ਮੁੱਖ ਮੰਤਰੀ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਸੰਦੀਪ ਸਿੰਘ ਰਾਜਾ ਤੁੜ ਨੂੰ ਪਾਰਟੀ ’ਚ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ ਕਿਉਂਕਿ ਤੁੜ ਪਰਿਵਾਰ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ’ਤੇ ਪਹਿਰਾ ਦਿੱਤਾ ਹੈ। ਅਕਾਲੀ ਦਲ ਨੇ ਪੰਜਾਬ ਹਿਤੈਸ਼ੀਆਂ ਨੂੰ ਖੁੱਡੇ ਲਾਈਨ ਲਾਇਆ, ਜਿਸ ਕਰ ਕੇ ਹੀ ਪੰਜਾਬ ਦਾ ਹਿੱਤ ਚਾਹੁਣ ਵਾਲੇ ਲੋਕ ਅਕਾਲੀ ਦਲ ਛੱਡ ਕੇ ਪੰਜਾਬ ਦਾ ਭਲਾ ਚਾਹੁਣ ਵਾਲੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਰਹੇ ਹਨ।
ਇਸ ਮੌਕੇ ਪਾਰਟੀ ਦੇ ਆਗੂ ਜਰਨੈਲ ਸਿੰਘ ਅਲੀਪੁਰ ਨੇ ਕਿਹਾ ਕਿ ਤੁੜ ਪਰਿਵਾਰ ਦੇ ਪਾਰਟੀ ’ਚ ਆਉਣ ਨਾਲ ਸਿਰਫ ਪਟਿਆਲਾ ਜ਼ਿਲਾ ’ਚ ਹੀ ਨਹੀਂ, ਸਗੋਂ ਪੂਰੇ ਪੰਜਾਬ ’ਚ ਪਾਰਟੀ ਨੂੰ ਬਹੁਤ ਵੱਡਾ ਲਾਭ ਮਿਲੇਗਾ। ਕੈਬਨਿਟ ਮੰਤਰੀ ਜੌੜਾਮਾਜਰਾ ਅਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਸਮੇਤ ਸਮੁੱਚੇ ਵਿਧਾਇਕਾਂ ਨੇ ਕਿਹਾ ਕਿ ਤੁੜ ਪਰਿਵਾਰ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ ਕਿਉਂਕਿ ਇਸ ਪਰਿਵਾਰ ਨੇ ਹਮੇਸ਼ਾ ਹੀ ਪੰਜਾਬ ਅਤੇ ਪੰਥ ਦੀ ਲਡ਼ਾਈ ਲਡ਼ੀ ਹੈ। ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸੰਦੀਪ ਸਿੰਘ ਰਾਜਾ ਤੁੜ ਨੇ ਕਿਹਾ ਕਿ ਅਕਾਲੀ ਦਲ ਹੁਣ ‘ਖਾਲੀ ਦਲ’ ਹੋ ਗਿਆ ਹੈ।