ਪੰਜਾਬ 'ਚ ਨਵੀਂ ਖੇਡ ਨੀਤੀ ਦੀ ਸ਼ੁਰੂਆਤ, ਖਿਡਾਰੀਆਂ, ਕੋਚਾਂ ਤੇ ਪ੍ਰਮੋਟਰਾਂ ਲਈ ਵੱਡੇ ਐਲਾਨ

Monday, Jul 31, 2023 - 04:30 PM (IST)

ਚੰਡੀਗੜ੍ਹ (ਰਮਨਜੀਤ ਸਿੰਘ)- ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅੱਜ ਪੰਜਾਬ ਦੀ ਖੇਡ ਨੀਤੀ ਬਾਰੇ ਪ੍ਰੈੱਸ ਕਾਨਫਰੰਸ ਕੀਤੀ ਗਈ। ਖੇਡ ਮੰਤਰੀ ਵਲੋਂ ਨਵੀਂ ਖੇਡ ਨੀਤੀ ਦੇ ਬਿਓਰਾ ਪੇਸ਼ ਕਰਨ ਮੌਕੇ ਵਿਸ਼ੇਸ਼ ਤੌਰ ’ਤੇ ਮੁੱਖ ਸਕੱਤਰ ਸਰਵਜੀਤ ਸਿੰਘ ਤੇ ਮਾਹਿਰਾਂ ਦੀ ਕਮੇਟੀ ਦੇ ਮੈਂਬਰ ਦ੍ਰੋਣਾਚਾਰੀਆ ਐਵਾਰਡੀ ਗੁਰਬਖਸ਼ ਸਿੰਘ ਸੰਧੂ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਲੈਫਟੀਨੈਂਟ ਜਨਰਲ ਜੇ. ਐੱਸ. ਚੀਮਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਖੇਡ ਡਾਇਰੈਕਟਰ ਡਾ. ਰਾਜ ਕੁਮਾਰ ਸ਼ਰਮਾ ਵੀ ਹਾਜ਼ਰ ਸਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਦੇਣ ਲਈ ਕਾਡਰ ਸਥਾਪਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤਹਿਤ ਕੁੱਲ 500 ਪੋਸਟਾਂ ਦੀ ਵਿਵਸਥਾ ਕੀਤੀ ਗਈ,  ਜਿਨ੍ਹਾਂ ਵਿੱਚ 40 ਡਿਪਟੀ ਡਾਇਰੈਕਟਰ, 92 ਸੀਨੀਅਰ ਕੋਚ, 138 ਕੋਚ ਤੇ 230 ਜੂਨੀਅਰ ਕੋਚ ਸ਼ਾਮਲ ਹਨ। 

ਮੰਤਰੀ ਨੇ ਦੱਸਿਆ ਕਿ ਓਲੰਪਿਕ ਖੇਡਾਂ ਦੇ ਸੋਨੇ, ਚਾਂਦੀ ਤੇ ਕਾਂਸੀ ਤਮਗਾ ਜੇਤੂਆਂ ਦੀ ਮੌਜੂਦਾ ਇਨਾਮੀ ਰਾਸ਼ੀ ਕ੍ਰਮਵਾਰ 2.25 ਕਰੋੜ, 1.50 ਕਰੋੜ ਤੇ 1 ਕਰੋੜ ਰੁਪਏ ਤੋਂ ਵਧਾ ਕੇ ਕ੍ਰਮਵਾਰ 3 ਕਰੋੜ, 2 ਕਰੋੜ ਤੇ 1 ਕਰੋੜ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਰੀਬ 25 ਖੇਡਾਂ ਦੇ ਤਮਗਾ ਜੇਤੂਆਂ ਨੂੰ ਨਕਦ ਇਨਾਮ ਮਿਲਦੇ ਸਨ ਜਦਕਿ ਹੁਣ ਇਨ੍ਹਾਂ ਦੀ ਗਿਣਤੀ ਵਧਾ ਕੇ 80 ਤੋਂ ਵੱਧ ਕਰ ਦਿੱਤੀ ਗਈ ਹੈ। ਨਵੇਂ ਖੇਡ ਮੁਕਾਬਲਿਆਂ ’ਚ ਸਪੈਸ਼ਲ ਓਲੰਪਿਕਸ, ਡੈੱਫ ਓਲੰਪਿਕਸ, ਪੈਰਾ ਵਰਲਡ ਗੇਮਜ਼ (75, 50 ਤੇ 30 ਲੱਖ ਰੁਪਏ), ਬੈਡਮਿੰਟਨ ਦੇ ਥਾਮਸ ਕੱਪ, ਓਬੇਰ ਕੱਪ, ਬੀ. ਡਬਲਯੂ. ਐੱਫ. ਵਰਲਡ ਟੂਰ ਫਾਈਨਲ (75, 50 ਤੇ 40 ਲੱਖ ਰੁਪਏ), ਟੈਨਿਸ ਦੇ ਸਾਰੇ ਗ੍ਰੈਂਡ ਸਲੈਮ (75, 50 ਤੇ 40 ਲੱਖ ਰੁਪਏ), ਅਜ਼ਲਾਨ ਸ਼ਾਹ ਹਾਕੀ ਕੱਪ (75, 50 ਤੇ 40 ਲੱਖ ਰੁਪਏ), ਡਾਇਮੰਡ ਲੀਗ ਤੇ ਮਾਨਤਾ ਪ੍ਰਾਪਤ ਇੰਟਰਨੈਸ਼ਨਲ ਸੰਸਥਾਵਾਂ ਦੇ ਮਾਨਤਾ ਪ੍ਰਾਪਤ ਟੂਰਨਾਮੈਂਟ (75, 50 ਤੇ 40 ਲੱਖ ਰੁਪਏ), ਡੈੱਫ ਵਰਲਡ ਕੱਪ, ਬਲਾਈਂਡ ਵਰਲਡ ਕੱਪ (60, 40 ਤੇ 20 ਲੱਖ ਰੁਪਏ), ਯੂਥ ਓਲੰਪਿਕ ਖੇਡਾਂ (50, 30 ਤੇ 20 ਲੱਖ ਰੁਪਏ) ਆਦਿ ਸ਼ਾਮਲ ਕੀਤਾ ਗਿਆ ਹੈ।

ਕੋਚਾਂ ਦੀ ਗਿਣਤੀ 309 ਤੋਂ ਵਧਾ ਕੇ 2360 ਕਰਨ ਦਾ ਫੈਸਲਾ

ਮੀਤ ਹੇਅਰ ਨੇ ਅੱਗੇ ਦੱਸਿਆ ਕਿ ਤਮਗਾ ਜੇਤੂ ਖਿਡਾਰੀਆਂ ਲਈ ਤਿਆਰ ਕੀਤੇ ਵਿਸ਼ੇਸ਼ ਕਾਡਰ ’ਚ 500 ਪੋਸਟਾਂ ਦੀ ਵਿਵਸਥਾ ਹੈ, ਜਿਨ੍ਹਾਂ ’ਚ 40 ਡਿਪਟੀ ਡਾਇਰੈਕਟਰ, 92 ਸੀਨੀਅਰ ਕੋਚ, 138 ਕੋਚ ਤੇ 230 ਜੂਨੀਅਰ ਕੋਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹਰਿਆਣਾ ’ਚ 2017 ਕੋਚਾਂ ਦੇ ਮੁਕਾਬਲੇ ਪੰਜਾਬ ’ਚ ਸਿਰਫ 309 ਕੋਚ ਹਨ ਅਤੇ ਨਵੀਂ ਖੇਡ ਨੀਤੀ ਅਨੁਸਾਰ 2360 ਕੋਚਾਂ ਦੀ ਪ੍ਰਸਤਾਵਨਾ ਹੈ।

ਇਹ ਵੀ ਪੜ੍ਹੋ: ਵਿਸ਼ਵ ਪੱਧਰੀ ਟੂਰਨਾਮੈਂਟ ’ਚ ਹਿਜਾਬ ਪਹਿਨ ਕੇ ਖੇਡਣ ਵਾਲੀ ਪਹਿਲੀ ਖਿਡਾਰਨ ਬਣੀ ਮੋਰੱਕੋ ਦੀ ਬੈਂਜ਼ੀਨਾ

ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਤੋਂ ਪਹਿਲਾਂ ਤਿਆਰੀਆਂ ਲਈ ਮਿਲੇਗੀ ਰਾਸ਼ੀ

ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਦੀ ਸਿਰਫ ਤਿਆਰੀ ਲਈ ਪਹਿਲੀ ਵਾਰ ਨਗਦ ਇਨਾਮ ਰਾਸ਼ੀ ਦਾ ਐਲਾਨ ਕਰਦਿਆਂ ਮੀਤ ਹੇਅਰ ਨੇ ਦੱਸਿਆ ਕਿ ਓਲੰਪਿਕ ਖੇਡਾਂ ਤੇ ਪੈਰਾਲੰਪਿਕ ਖੇਡਾਂ ਲਈ 15 ਲੱਖ ਰੁਪਏ, ਡੈੱਫ ਓਲੰਪਿਕਸ, ਸਪੈਸ਼ਲ ਓਲੰਪਿਕਸ, ਵਿਸ਼ਵ ਚੈਂਪੀਅਨਸ਼ਿਪ ਤੇ ਵਿਸ਼ਵ ਕੱਪ (4 ਸਾਲਾਂ ਬਾਅਦ ਲਈ), ਏਸ਼ੀਅਨ ਖੇਡਾਂ, ਪੈਰਾ ਏਸ਼ੀਅਨ ਤੇ ਡੈੱਫ ਏਸ਼ੀਅਨ ਖੇਡਾਂ, ਕਾਮਨਵੈਲਥ, ਪੈਰਾ ਤੇ ਡੈੱਫ ਕਾਮਨਵੈਲਥ ਖੇਡਾਂ, ਚਾਰ ਸਾਲਾਂ ਬਾਅਦ ਹੋਣ ਵਾਲੀਆਂ ਵਿਸ਼ਵ ਖੇਡਾਂ ਲਈ 8-8 ਲੱਖ ਰੁਪਏ, ਸਪੈਸ਼ਲ ਓਲੰਪਿਕਸ ਲਈ 7 ਲੱਖ ਰੁਪਏ, ਆਈ. ਸੀ. ਸੀ. ਵਿਸ਼ਵ ਕੱਪ, ਵਿਸ਼ਵ ਟੈਸਟ ਚੈਂਪੀਅਨਸ਼ਿਪ, ਟੀ-20 ਵਿਸ਼ਵ ਕੱਪ ਤੇ ਬਲਾਈਂਡ ਵਿਸ਼ਵ ਕੱਪ ਲਈ 6 ਲੱਖ ਰੁਪਏ, ਹਰ ਸਾਲ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੇ ਐਫਰੋ ਏਸ਼ੀਅਨ ਖੇਡਾਂ ਲਈ 5 ਲੱਖ ਰੁਪਏ, ਯੂਥ ਓਲੰਪਿਕਸ, ਏਸ਼ੀਅਨ ਤੇ ਕਾਮਨਵੈਲਥ ਚੈਂਪੀਅਨਸ਼ਿਪ ਲਈ 4 ਲੱਖ ਰੁਪਏ, ਸੈਫ ਖੇਡਾਂ ਤੇ ਸੈਫ ਚੈਂਪੀਅਨਸ਼ਿਪ ਲਈ 3 ਲੱਖ ਰੁਪਏ, ਵਿਸ਼ਵ ਯੂਨੀਵਰਸਿਟੀ ਖੇਡਾਂ, ਯੂਥ ਕਾਮਨਵੈਲਥ ਖੇਡਾਂ, ਵਿਸ਼ਵ ਜੂਨੀਅਰ ਖੇਡਾਂ ਤੇ ਚੈਂਪੀਅਨਸ਼ਿਪ ਲਈ 1 ਲੱਖ ਰੁਪਏ ਦਿੱਤੇ ਜਾਣਗੇ।

ਇਹ ਵੀ ਪੜ੍ਹੋ: ਮਣੀਪੁਰ ਹਿੰਸਾ ’ਤੇ ਛਲਕਿਆ ਫੁੱਟਬਾਲਰ ਚਿੰਗਲੇਨਸਾਨਾ ਸਿੰਘ ਦਾ ਦਰਦ, 'ਹਿੰਸਾ ਨੇ ਘਰ, ਸੁਫ਼ਨਾ, ਸਭ ਕੁਝ ਖੋਹ ਲਿਆ'

ਕੋਚਾਂ ਤੇ ਪ੍ਰਮੋਟਰਾਂ ਲਈ ਖੇਡ ਐਵਾਰਡ ਦੀ ਸ਼ੁਰੂਆਤ (ਪਹਿਲੀ ਵਾਰ)

ਬਲਬੀਰ ਸਿੰਘ ਸੀਨੀਅਰ ਕੋਚ ਐਵਾਰਡ

ਕੋਚਾਂ ਨੂੰ ਕੌਮੀ ਪੱਧਰ ਦੇ ਦਰੋਣਾਚਾਰੀਆ ਐਵਾਰਡ ਦੀ ਤਰਜ਼ ਉਤੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੋਚ ਐਵਾਰਡ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਵਿੱਚ 5 ਲੱਖ ਰੁਪਏ ਇਨਾਮ ਰਾਸ਼ੀ, ਟਰਾਫੀ ਤੇ ਬਲੇਜ਼ਰ ਸ਼ਾਮਲ ਹੋਵੇਗਾ।

ਮਿਲਖਾ ਸਿੰਘ ਸਪੋਰਟਸ ਪ੍ਰਮੋਸ਼ਨ ਐਵਾਰਡ

ਖੇਡਾਂ ਨੂੰ ਪ੍ਰਮੋਟ ਕਰਨ ਵਾਲੀ ਕੋਈ ਵੀ ਨਿੱਜੀ ਸੰਸਥਾ ਜਾਂ ਵਿਅਕਤੀ ਲਈ ਮਿਲਖਾ ਸਿੰਘ ਐਵਾਰਡ ਫਾਰ ਸਪੋਰਟਸ ਪ੍ਰਮੋਟਰਜ਼/ਆਰਗੇਨਾਈਜੇਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ। ਸਾਲ ਵਿੱਚ ਦੋ ਜਣਿਆਂ ਨੂੰ ਐਵਾਰਡ ਦਿੱਤਾ ਜਾਵੇਗਾ। ਇਨਾਮ ਰਾਸ਼ੀ ਵਿੱਚ 5 ਲੱਖ ਰੁਪਏ, ਮਮੈਂਟੋ, ਬਲੇਜ਼ਰ ਤੇ ਸਨਮਾਨ ਪੱਤਰ ਸ਼ਾਮਲ ਹੋਵੇਗਾ।

‘ਬਲਬੀਰ ਸਿੰਘ ਸੀਨੀਅਰ ਵਜ਼ੀਫਾ’ ਸਕੀਮ ਦੀ ਸ਼ੁਰੂਆਤ

ਖੇਡ ਮੰਤਰੀ ਨੇ ਦੱਸਿਆ ਕਿ ਕੌਮੀ ਪੱਧਰ ’ਤੇ ਤਮਗਾ ਜੇਤੂਆਂ ਨੂੰ ਮਹੀਨਾਵਾਰ ਵਜ਼ੀਫਾ ਦੇਣ ਲਈ ਪਹਿਲੀ ਵਾਰ ‘ਬਲਬੀਰ ਸਿੰਘ ਸੀਨੀਅਰ ਵਜ਼ੀਫਾ ਸਕੀਮ’ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਕੀਮ ਤਹਿਤ ਸੀਨੀਅਰ ਪੱਧਰ ’ਤੇ ਨੈਸ਼ਨਲ ਤਮਗਾ ਜੇਤੂਅਾਂ ਨੂੰ ਇਕ ਸਾਲ ਲਈ 16 ਹਜ਼ਾਰ ਰੁਪਏ ਵਜ਼ੀਫਾ ਅਤੇ ਜੂਨੀਅਰ ਪੱਧਰ ’ਤੇ ਨੈਸ਼ਨਲ ਤਮਗਾ ਜੇਤੂ ਨੂੰ ਇਕ ਸਾਲ ਲਈ 12 ਹਜ਼ਾਰ ਰੁਪਏ ਵਜ਼ੀਫਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਦਾ ਮੋਸਟ ਵਾਂਟਿਡ ਅਪਰਾਧੀ ਪਹੁੰਚਿਆ ਅਮਰੀਕਾ, ਸਿਆਸੀ ਸ਼ਰਨ ਦੇ ਨਾਂ ’ਤੇ ਫਿਰ ਤਿਰੰਗੇ ਦਾ ਅਪਮਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News