ਪੰਜਾਬ ਅੰਦਰ ਝੋਨੇ ਦੀ ਲਵਾਈ ਦਾ ਸ਼ਡਿਊਲ ਜਾਰੀ
Wednesday, Apr 29, 2026 - 06:10 PM (IST)
ਚੰਡੀਗੜ੍ਹ : ਸੂਬੇ ਵਿਚ ਝੋਨੇ ਦੀ ਲਵਾਈ ਦਾ ਸ਼ਡਿਊਲ ਜਾਰੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਕੀਤੀ ਜਾਵੇਗੀ ਜਦੋਂ ਕਿ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ ਸ਼ੁਰੂ ਹੋਵੇਗੀ। ਝੋਨੇ ਦੀ ਸਿੱਧੀ ਬਜਾਈ 15 ਮਈ ਤੋਂ ਸ਼ੁਰੂ ਹੋ ਕੇ 31 ਮਈ ਤੱਕ ਹੋਵੇਗੀ। ਇਸ ਤੋਂ ਬਾਅਦ 1 ਜੂਨ ਨੂੰ ਪੰਜਾਬ ਦੇ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ ਅਤੇ ਮੋਹਾਲੀ ਵਿਚ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ। ਜਿਸ ਉਪਰੰਤ 5 ਜੂਨ ਤੋਂ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਮੁਕਤਸਰ ਅਤੇ ਫਜ਼ੀਲਕਾ ਵਿੱਚ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾਵੇਗੀ।
ਆਖਰੀ ਪੜਾਅ 9 ਜੂਨ ਤੋਂ ਸ਼ੁਰੂ ਹੋਵੇਗਾ। ਜਿਸ ਦੌਰਾਨ ਲੁਧਿਆਣਾ, ਮਲੇਰਕੋਟਲਾ, ਮਾਨਸਾ, ਪਟਿਆਲਾ, ਮੋਗਾ, ਬਰਨਾਲਾ, ਜਲੰਧਰ, ਸੰਗਰੂਰ, ਕਪੂਰਥਲਾ ਅਤੇ ਨਵਾਂ ਸ਼ਹਿਰ ਵਿੱਚ ਝੋਨੇ ਦੀ ਲਵਾਈ ਹੋਵੇਗੀ। ਸੂਤਰਾਂ ਅਨੁਸਾਰ ਝੋਨੇ ਦੀ ਲਵਾਈ ਦੌਰਾਨ ਅੱਠ ਘੰਟੇ ਬਿਜਲੀ ਦੀ ਸਪਲਾਈ ਕੀਤੀ ਜਾਵੇਗੀ, ਇਸ ਤੋਂ ਇਲਾਵਾ ਝੋਨੇ ਦੀ ਲਵਾਈ ਲਈ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਕਰਨ ਵਾਸਤੇ ਇਕ ਮਈ ਤੋਂ ਸੂਬੇ ਦੇ ਸਾਰੇ ਖਾਲ਼ਾਂ ਵਿਚ ਨਹਿਰੀ ਪਾਣੀ ਛੱਡਿਆ ਜਾਵੇਗਾ।
