ਪੰਜਾਬ ਦੀ ਸਿਆਸਤ 'ਚ ਹਲਚਲ! ਭਾਜਪਾ 'ਚ ਸ਼ਾਮਲ ਹੋਇਆ ਸਾਬਕਾ ਵੱਡਾ ਅਫ਼ਸਰ

Monday, May 04, 2026 - 11:34 AM (IST)

ਪੰਜਾਬ ਦੀ ਸਿਆਸਤ 'ਚ ਹਲਚਲ! ਭਾਜਪਾ 'ਚ ਸ਼ਾਮਲ ਹੋਇਆ ਸਾਬਕਾ ਵੱਡਾ ਅਫ਼ਸਰ

ਫ਼ਤਹਿਗੜ੍ਹ ਸਾਹਿਬ (ਸੁਰੇਸ਼)- ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦੇ ਸੇਵਾਮੁਕਤ ਸੀਨੀਅਰ ਅਧਿਕਾਰੀ ਅਤੇ ਪੰਜਾਬ ਦੇ ਬੰਗਾ ਦੇ ਵਸਨੀਕ ਧਰਮਪਾਲ ਐਤਵਾਰ ਨੂੰ ਭਾਜਪਾ ’ਚ ਸ਼ਾਮਲ ਹੋ ਗਏ। ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ’ਚ ਪਾਰਟੀ ਦੀ ਮੈਂਬਰਸ਼ਿਪ ਲਈ। ਇਸ ਮੌਕੇ ਭਾਜਪਾ ਦੇ ਐੱਸ. ਸੀ. ਮੋਰਚਾ ਦੇ ਸੂਬਾ ਪ੍ਰਧਾਨ ਐੱਸ. ਆਰ. ਲੱਧੜ ਅਤੇ ਸੀਨੀਅਰ ਭਾਜਪਾ ਆਗੂ ਅਮਨ ਕੁਮਾਰ ਸਮੇਤ ਕਈ ਸੀਨੀਅਰ ਆਗੂ ਅਤੇ ਵਰਕਰ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਧਰਮਪਾਲ ਪੰਜਾਬ ਦੇ ਰਾਜਪਾਲ ਦੇ ਸਾਬਕਾ ਸਲਾਹਕਾਰ ਰਹਿ ਚੁੱਕੇ ਹਨ, ਜੋ ਪ੍ਰਸ਼ਾਸਨਿਕ ਸੇਵਾ ’ਚ ਆਪਣੇ ਲੰਬੇ ਅਤੇ ਤਜਰਬੇਕਾਰ ਕਰੀਅਰ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਭਾਜਪਾ ’ਚ ਸ਼ਾਮਲ ਹੋਣ ਨੂੰ ਪਾਰਟੀ ਲਈ ਅਹਿਮ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਤਜਰਬਾ ਅਤੇ ਪ੍ਰਸ਼ਾਸਨਿਕ ਸਮਝ ਸੰਗਠਨ ਨੂੰ ਮਜ਼ਬੂਤ ਕਰੇਗੀ ਅਤੇ ਜਨਤਕ ਸੇਵਾ ਦੇ ਕੰਮ ਨੂੰ ਤੇਜ਼ ਕਰੇਗੀ।

ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਜਪਾ ਦੇਸ਼ ਅਤੇ ਸਮਾਜ ਦੇ ਵਿਕਾਸ ਲਈ ਸਮਰਪਿਤ ਪਾਰਟੀ ਹੈ ਅਤੇ ਧਰਮਪਾਲ ਵਰਗੇ ਤਜਰਬੇਕਾਰ ਵਿਅਕਤੀ ਦੇ ਸ਼ਾਮਲ ਹੋਣ ਨਾਲ ਪਾਰਟੀ ਨੂੰ ਨਵੀਂ ਊਰਜਾ ਮਿਲੇਗੀ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਧਰਮਪਾਲ ਆਪਣੀ ਕਾਰਜਸ਼ੈਲੀ ਅਤੇ ਤਜਰਬੇ ਨਾਲ ਜਨਤਾ ਦੀਆਂ ਉਮੀਦਾਂ ’ਤੇ ਖਰੇ ਉਤਰਨਗੇ।

ਇਸ ਮੌਕੇ ਧਰਮਪਾਲ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ’ਚ ਸ਼ਾਮਲ ਹੋਏ ਹਨ। ਉਹ ਹੁਣ ਪੂਰੀ ਲਗਨ ਨਾਲ ਪਾਰਟੀ ਲਈ ਕੰਮ ਕਰਨਗੇ ਅਤੇ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਯੋਗਦਾਨ ਪਾਉਣਗੇ। ਭਾਜਪਾ ਆਗੂ ਅਮਨ ਕੁਮਾਰ ਅਤੇ ਹੋਰ ਪਾਰਟੀ ਵਰਕਰਾਂ ਨੇ ਉਨ੍ਹਾਂ ਦਾ ਪਾਰਟੀ ’ਚ ਸ਼ਾਮਲ ਹੋਣ ’ਤੇ ਸਵਾਗਤ ਕਰਦੇ ਹੋਏ ਇਸ ਨੂੰ ਭਵਿੱਖ ’ਚ ਸੰਗਠਨ ਦੇ ਵਿਸਥਾਰ ਲਈ ਇਕ ਸਕਾਰਾਤਮਕ ਕਦਮ ਦੱਸਿਆ।


author

Anmol Tagra

Content Editor

Related News