ਰੇਲਵੇ EDFC ''ਤੇ 24 ਘੰਟੇ ਗਸ਼ਤ ਵਧਾਈ ਜਾਵੇਗੀ, ਡਰੋਨ ਰਾਹੀਂ ਨਿਗਰਾਨੀ ਹੋਵੇਗੀ ਸ਼ੁਰੂ : ਰਵਨੀਤ ਬਿੱਟੂ
Wednesday, Apr 29, 2026 - 03:25 PM (IST)
ਪਟਿਆਲਾ/ਚੰਡੀਗੜ੍ਹ (ਅੰਕੁਰ ਤਾਂਗੜੀ) : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਸ਼ੰਭੂ ਦੇ ਨੇੜੇ ਹਾਲ ਹੀ 'ਚ ਹੋਏ ਧਮਾਕੇ ਵਾਲੇ ਸਥਾਨ ਦਾ ਦੌਰਾ ਕੀਤਾ ਅਤੇ 'ਈਸਟਰਨ ਡੈਡੀਕੇਟਡ ਫ੍ਰੇਟ ਕੋਰੀਡੋਰ' (EDFC) ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਪੰਜਾਬ 'ਚ ਰੇਲਵੇ ਨੂੰ ਨਿਸ਼ਾਨਾ ਬਣਾ ਕੇ ਹੋ ਰਹੀਆਂ ਵਾਰ-ਵਾਰ ਘਟਨਾਵਾਂ 'ਤੇ ਗੰਭੀਰ ਚਿੰਤਾ ਪ੍ਰਗਟਾਈ ਅਤੇ ਸੁਰੱਖਿਆ ਤੇ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ ਸਖ਼ਤ ਕਦਮ ਚੁੱਕਣ ਦਾ ਭਰੋਸਾ ਦਿੱਤਾ। ਰਵਨੀਤ ਸਿੰਘ ਨੇ ਐਲਾਨ ਕੀਤਾ ਕਿ ਈ. ਡੀ. ਐੱਫ. ਸੀ. 'ਤੇ 24 ਘੰਟੇ ਗਸ਼ਤ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਨਿਗਰਾਨੀ ਪ੍ਰਣਾਲੀ ਦਾ ਵਿਸਥਾਰ ਹੋਵੇਗਾ। ਮੌਜੂਦਾ ਸਮੇਂ ਅੰਬਾਲਾ ਮੰਡਲ ਦੇ ਪੰਜਾਬ ਖੇਤਰ 'ਚ 173 ਸੀ. ਸੀ. ਟੀ. ਵੀ. ਕੈਮਰੇ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ ਅਤੇ ਹੋਰ ਕੈਮਰੇ ਲਗਾਉਣ ਦਾ ਕੰਮ ਜਾਰੀ ਹੈ। ਕੋਰੀਡੋਰ ਦੇ ਸੁੰਨਸਾਨ ਅਤੇ ਸੰਵੇਦਨਸ਼ੀਲ ਖੇਤਰਾਂ 'ਤੇ ਖ਼ਾਸ ਧਿਆਨ ਦਿੱਤਾ ਜਾਵੇਗਾ, ਜਿੱਥੇ ਡਰੋਨ ਨਿਗਰਾਨੀ ਸਮੇਤ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਟਰੈਕ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰੇਲਵੇ ਦੇ 'ਕੀ-ਮੈਨ' ਵੱਲੋਂ ਲਗਾਤਾਰ ਜ਼ਮੀਨੀ ਗਸ਼ਤ ਕੀਤੀ ਜਾਵੇਗੀ।
ਮੰਤਰੀ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ 'ਚ ਕਰੀਬ 35 ਕਿਲੋਮੀਟਰ ਦੇ ਦਾਇਰੇ 'ਚ ਇਹ ਦੂਜੀ ਘਟਨਾ ਹੈ। ਪਹਿਲੀ ਘਟਨਾ 23 ਜਨਵਰੀ ਨੂੰ ਹੋਈ ਸੀ, ਜੋ ਨੈਸ਼ਨਲ ਹਾਈਵੇ-44 ਤੋਂ ਕਰੀਬ 800–900 ਮੀਟਰ ਦੀ ਦੂਰੀ 'ਤੇ ਸੀ, ਜਦੋਂ ਕਿ ਤਾਜ਼ਾ ਧਮਾਕੇ ਵਾਲੀ ਥਾਂ ਹਾਈਵੇ ਤੋਂ ਸਿਰਫ਼ 300 ਮੀਟਰ ਦੂਰ ਹੈ। ਮੁੱਢਲੀ ਜਾਂਚ ਤੋਂ ਸੰਕੇਤ ਮਿਲਦੇ ਹਨ ਕਿ ਅਸਮਾਜਿਕ ਤੱਤ ਹਾਈਵੇ ਤੋਂ ਆਸਾਨ ਪਹੁੰਚ ਦਾ ਫ਼ਾਇਦਾ ਉਠਾਉਂਦੇ ਹੋਏ ਰੇਲਵੇ ਟਰੈਕ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ 'ਚ ਬਾਹਰੀ ਤੱਤਾਂ ਦੀ ਸ਼ਮੂਲੀਅਤ ਦੇ ਸੰਕੇਤ ਮਿਲ ਰਹੇ ਹਨ, ਜੋ ਰੇਲਵੇ ਵਰਗੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਖੇਤਰ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਘਟਨਾਵਾਂ ਨਾ ਸਿਰਫ਼ ਸੁਰੱਖਿਆ ਲਈ ਖ਼ਤਰਾ ਹਨ, ਸਗੋਂ ਸੂਬੇ ਦੀਆਂ ਆਰਥਿਕ ਗਤੀਵਿਧੀਆਂ ਨੂੰ ਸੱਟ ਮਾਰਨ ਦੀ ਇੱਕ ਸਾਜ਼ਿਸ਼ ਵੀ ਹਨ।
ਈਸਟਰਨ ਡੈਡੀਕੇਟਡ ਫ੍ਰੇਟ ਕੋਰੀਡੋਰ, ਜੋ ਸਾਹਨੇਵਾਲ ਨੂੰ ਪੱਛਮੀ ਬੰਗਾਲ ਨਾਲ ਜੋੜਦਾ ਹੈ, ਇੱਕ ਅਹਿਮ ਆਰਥਿਕ ਕੜੀ ਹੈ, ਜਿੱਥੇ ਰੋਜ਼ਾਨਾ ਕਰੀਬ 30 ਮਾਲ ਗੱਡੀਆਂ ਉਦਯੋਗਿਕ ਅਤੇ ਖੇਤੀਬਾੜੀ ਉਤਪਾਦਾਂ ਦੀ ਢੋਆ-ਢੁਆਈ ਕਰਦੀਆਂ ਹਨ। ਇਸ ਨੈੱਟਵਰਕ 'ਚ ਕੋਈ ਵੀ ਵਿਘਨ ਸੂਬੇ ਅਤੇ ਦੇਸ਼ ਦੀ ਆਰਥਿਕਤਾ ਲਈ ਨੁਕਸਾਨਦੇਹ ਹੈ। ਮੰਤਰੀ ਨੇ ਲੋਕੋ ਪਾਇਲਟ ਦੀ ਮੁਸਤੈਦੀ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਝਟਕਾ ਮਹਿਸੂਸ ਹੁੰਦੇ ਹੀ ਤੁਰੰਤ ਟਰੇਨ ਰੋਕ ਦਿੱਤੀ, ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਇਸ ਤੋਂ ਤੁਰੰਤ ਬਾਅਦ ਸੁਰੱਖਿਆ ਅਤੇ ਐਮਰਜੈਂਸੀ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਸਨ। ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਮੰਤਰੀ ਨੇ ਕਿਹਾ ਕਿ ਰੇਲਵੇ ਸੰਪਤੀ ਦੀ ਸੁਰੱਖਿਆ ਅਤੇ ਯਾਤਰੀਆਂ ਤੇ ਮਾਲ ਗੱਡੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।
