ਚੌਂਕੀਦਾਰ ਦੇ ਕਤਲ ਮਾਮਲੇ ’ਚ ਦੋ ਸ਼ੱਕੀ ਲੋਕ ਹਿਰਾਸਤ ''ਚ

Monday, May 04, 2026 - 11:19 AM (IST)

ਚੌਂਕੀਦਾਰ ਦੇ ਕਤਲ ਮਾਮਲੇ ’ਚ ਦੋ ਸ਼ੱਕੀ ਲੋਕ ਹਿਰਾਸਤ ''ਚ

ਚੰਡੀਗੜ੍ਹ (ਸੁਸ਼ੀਲ) : ਮਨੀਮਾਜਰਾ ਬਿੱਟਾ ਪੈਟਰੋਲ ਪੰਪ ਨੇੜੇ ਪੀ. ਡਬਲਿਊ. ਡੀ. ਸਟੋਰ ਦੇ ਚੌਂਕੀਦਾਰ ਕਿਸ਼ਨ ਪਾਂਡੇ ਦੇ ਕਤਲ ਮਾਮਲੇ ’ਚ ਪੁਲਸ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਹੈ। ਪੁਲਸ ਸਟੋਰ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਡੰਪ ਡਾਟਾ ਲੈ ਰਹੀ ਹੈ, ਤਾਂ ਜੋ ਕਾਤਲਾਂ ਦਾ ਕੋਈ ਸੁਰਾਗ ਲੱਗ ਸਕੇ। ਪੁਲਸ ਮ੍ਰਿਤਕ ਦੇ ਮੋਬਾਇਲ ਫੋਨ ਦੀ ਕਾਲ ਡਿਟੇਲ ਚੈੱਕ ਕਰ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਚੌਂਕੀਦਾਰ ਦਾ ਕਤਲ ਜਾਣਕਾਰ ਨੌਜਵਾਨਾਂ ਨੇ ਕੀਤਾ ਹੈ। ਮਨੀਮਾਜਰਾ ਥਾਣਾ ਪੁਲਸ ਨੇ ਐਤਵਾਰ ਨੂੰ ਚੌਂਕੀਦਾਰ ਦੀ ਲਾਸ਼ ਦਾ ਪੋਸਟਮਾਰਟਮ ਡਾਕਟਰਾਂ ਦੇ ਇੱਕ ਪੈਨਲ ਤੋਂ ਕਰਵਾਇਆ। ਜਾਂਚ 'ਚ ਉਸਦੇ ਸਰੀਰ ’ਤੇ ਲਗਭਗ 15 ਸੱਟਾਂ ਦਾ ਖ਼ੁਲਾਸਾ ਹੋਇਆ। ਕਤਲ ਕਰਨ ਲਈ ਉਸ ਦਾ ਗਲਾ ਘੁੱਟਿਆ ਗਿਆ ਸੀ। ਮਨੀਮਾਜਰਾ ਥਾਣਾ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਪੁਲਸ ਮਾਮਲੇ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰ ਰਹੀ ਹੈ।

ਸ਼ਨੀਵਾਰ ਨੂੰ ਮਨੀਮਾਜਰਾ ਬਿੱਟਾ ਪੈਟਰੋਲ ਪੰਪ ਨੇੜੇ ਪੀ. ਡਬਲਿਊ. ਡੀ. ਸਟੋਰ ਦੇ ਚੌਂਕੀਦਾਰ ਕਿਸ਼ਨ ਪਾਂਡੇ ਦੀ ਲਾਸ਼ ਸਟੋਰ ਤੋਂ 200 ਮੀਟਰ ਦੂਰ ਅਰਧ ਨਗਨ ਹਾਲਤ ’ਚ ਪਈ ਮਿਲੀ ਸੀ। ਲਾਸ਼ ਮੂੰਹ ਭਾਰ ਪਈ ਸੀ ਅਤੇ ਉਸ ਦੇ ਗਲੇ ’ਚ ਬੈਲਟ ਬੰਨ੍ਹੀ ਹੋਈ ਸੀ। ਉਸਦੇ ਚਿਹਰੇ ਅਤੇ ਸਰੀਰ ’ਤੇ ਕਈ ਥਾਵਾਂ ’ਤੇ ਘੜੀਸਣ ਦੇ ਨਿਸ਼ਾਨ ਸਨ। ਜ਼ਖ਼ਮਾਂ ਤੋਂ ਖੂਨ ਨਿਕਲ ਕੇ ਸੁੱਕ ਗਿਆ ਸੀ। ਪਿੱਠ ਦੇ ਹੇਠਾਂ ਵਾਲੇ ਹਿੱਸੇ ’ਤੇ ਕੱਪੜੇ ਨਹੀਂ ਸਨ। ਡੌਗ ਸਕੁਐਡ ਦਾ ਡੌਗ ਲਾਸ਼ ਨੂੰ ਸੁੰਘਣ ਤੋਂ ਬਾਅਦ ਸਟੋਰ ਦੇ ਗੇਟ ਤੱਕ ਗਿਆ ਅਤੇ ਰੁਕ ਗਿਆ ਸੀ। ਮਨੀਮਾਜਰਾ ਥਾਣੇ ਵਿਚ ਅਣਪਛਾਤੇ ਵਿਰੁੱਧ ਕਤਲ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਟੋਰ ਜੇ. ਈ. ਸੰਨੀ ਨੇ ਦੱਸਿਆ ਕਿ ਕਿਸ਼ਨ ਕੋਈ ਨਸ਼ਾ ਨਹੀਂ ਕਰਦਾ ਸੀ। ਉਹ ਵਿਆਹਿਆ ਹੋਇਆ ਸੀ ਅਤੇ ਉਸਦੇ ਦੋ ਬੱਚੇ ਹਨ, ਜਿਨ੍ਹਾਂ ਵਿਚੋਂ ਬੱਚੀ 6 ਮਹੀਨੇ ਦੀ ਹੈ।
 


author

Babita

Content Editor

Related News