ਵੱਡਾ ਐਕਸ਼ਨ: ਨਿਗਮ ਨੇ 3 ਬਿਲਡਿੰਗਾਂ ਨੂੰ ਕੀਤਾ ਸੀਲ ਅਤੇ ਇਕ ਨਾਜਾਇਜ਼ ਨਿਰਮਾਣ ਤੋੜਿਆ

Saturday, Jul 17, 2021 - 12:22 PM (IST)

ਵੱਡਾ ਐਕਸ਼ਨ: ਨਿਗਮ ਨੇ 3 ਬਿਲਡਿੰਗਾਂ ਨੂੰ ਕੀਤਾ ਸੀਲ ਅਤੇ ਇਕ ਨਾਜਾਇਜ਼ ਨਿਰਮਾਣ ਤੋੜਿਆ

ਜਲੰਧਰ (ਖੁਰਾਣਾ)– ਪੰਜਾਬ ਵਿਧਾਨ ਸਭਾ ਦੀ ਲੋਕਲ ਬਾਡੀਜ਼ ਮਾਮਲਿਆਂ ਸਬੰਧੀ ਕਮੇਟੀ 19 ਅਤੇ 20 ਜੁਲਾਈ ਨੂੰ ਜਲੰਧਰ ਨਿਗਮ ਅਤੇ ਇੰਪਰੂਵਮੈਂਟ ਟਰੱਸਟ ਵਿਚ ਚੈਕਿੰਗ ਆਦਿ ਕਰਨ ਆ ਰਹੀ ਹੈ, ਜਿਸ ਤੋਂ ਪਹਿਲਾਂ ਹੀ ਜਲੰਧਰ ਨਿਗਮ ਨੇ ਵੱਡਾ ਐਕਸ਼ਨ ਕਰਦਿਆਂ ਜਿਥੇ ਨਾਜਾਇਜ਼ ਢੰਗ ਨਾਲ ਬਣੀਆਂ ਤਿੰਨ ਬਿਲਡਿੰਗਾਂ ਨੂੰ ਸੀਲ ਕਰ ਦਿੱਤਾ, ਉਥੇ ਹੀ ਲਵ-ਕੁਸ਼ ਚੌਕ ਵਿਚ ਹੋਏ ਇਕ ਨਾਜਾਇਜ਼ ਨਿਰਮਾਣ ਨੂੰ ਡਿੱਚ ਮਸ਼ੀਨਾਂ ਦੀ ਸਹਾਇਤਾ ਨਾਲ ਮਲੀਆਮੇਟ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦੇਵੇਗੀ ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ

ਜ਼ਿਕਰਯੋਗ ਹੈ ਕਿ ਇਸ ਨਾਜਾਇਜ਼ ਨਿਰਮਾਣ ਬਾਰੇ ਨਿਗਮ ਨੂੰ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਕਿ ਰਾਤ ਸਮੇਂ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਬਾਹਰੋਂ ਸ਼ਟਰ ਵੀ ਬੰਦ ਰੱਖਿਆ ਜਾਂਦਾ ਹੈ। ਪਹਿਲਾਂ ਨਿਗਮ ਨੇ ਇਸ ਕੰਮ ਰੁਕਵਾਇਆ ਅਤੇ ਨੋਟਿਸ ਜਾਰੀ ਕਰਨ ਤੋਂ ਬਾਅਦ ਅੱਜ ਡਿੱਚ ਮਸ਼ੀਨਾਂ ਨਾਲ ਉਸ ਨੂੰ ਤੋੜ ਦਿੱਤਾ। ਨਿਗਮ ਦੀ ਇਸੇ ਟੀਮ ਨੇ ਪ੍ਰਤਾਪ ਬਾਗ ਰੋਡ ’ਤੇ ਭਾਜਪਾ ਆਗੂ ਅਸ਼ੋਕ ਮਲਹੋਤਰਾ ਦੀ ਬਿਲਡਿੰਗ ਵਿਚ ਹੋਏ ਨਾਜਾਇਜ਼ ਨਿਰਮਾਣ ਨੂੰ ਫਿਰ ਸੀਲ ਕਰ ਦਿੱਤਾ। ਇਸ ਤੋਂ ਇਲਾਵਾ ਨਿਗਮ ਦੀ ਇਕ ਹੋਰ ਟੀਮ ਨੇ ਬਬਰੀਕ ਚੌਕ ਨੇੜੇ ਨਾਜਾਇਜ਼ ਢੰਗ ਨਾਲ ਬਣੀ ਕਮਰਸ਼ੀਅਲ ਬਿਲਡਿੰਗ ਨੂੰ ਸੀਲ ਲਾਈ ਅਤੇ ਬ੍ਰਾਂਡਰਥ ਰੋਡ ’ਤੇ ਨਾਗਪਾਲ ਹੈਂਡਲੂਮ ਵਾਲੀ ਬਿਲਡਿੰਗ ਨੂੰ ਵੀ ਸੀਲ ਕੀਤਾ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ: ਸੜਕ ਹਾਦਸੇ ਨੇ ਉਜਾੜ ਦਿੱਤੇ ਦੋ ਪਰਿਵਾਰ, ਰਿਸ਼ਤੇ 'ਚ ਲੱਗਦੇ ਭੈਣ-ਭਰਾ ਨੂੰ ਮਿਲੀ ਦਰਦਨਾਕ ਮੌਤ

ਵਰਣਨਯੋਗ ਹੈ ਕਿ ਨਾਗਪਾਲ ਵਾਲੀ ਬਿਲਡਿੰਗ ਨੂੰ ਲੈ ਕੇ ਸੀਲਿੰਗ ਦੇ ਆਰਡਰ ਨਿਗਮ ਕਮਿਸ਼ਨਰ ਵੱਲੋਂ 20 ਅਪ੍ਰੈਲ ਨੂੰ ਹੀ ਜਾਰੀ ਕੀਤੇ ਜਾ ਚੁੱਕੇ ਸਨ ਪਰ ਨਿਗਮ ਨੇ ਅਜੇ ਤੱਕ ਉਥੇ ਸੀਲ ਨਹੀਂ ਲਾਈ ਸੀ। ਇਸ ਬਿਲਡਿੰਗ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦਿੱਤੀ ਗਈ ਸੂਚੀ ਵਿਚ ਵੀ ਚੱਲ ਰਿਹਾ ਹੈ।

ਨਾਗਪਾਲ ਨੇ ਖੁੱਲ੍ਹਵਾ ਲਈ ਸੀਲ ਅਤੇ ਮਲਹੋਤਰਾ ਨੇ ਤਾਂ ਤੋੜ ਹੀ ਦਿੱਤੀ
ਬ੍ਰਾਂਡਰਥ ਰੋਡ ’ਤੇ ਮਲਹੋਤਰਾ ਬਿਲਡਿੰਗ ਦਾ ਮਾਮਲਾ ਭਾਵੇਂ ਹਾਈ ਕੋਰਟ ਵਿਚ ਚੱਲ ਰਿਹਾ ਹੈ ਪਰ ਫਿਰ ਵੀ ਇਸ ਨੂੰ ਬਚਾਉਣ ਲਈ ਕਾਂਗਰਸੀਆਂ ਦਾ ਦਬਾਅ ਅੱਜ ਫਿਰ ਕੰਮ ਆਇਆ, ਜਿਸ ਕਾਰਨ ਇਸ ਬਿਲਡਿੰਗ ਨੂੰ ਲਾਈ ਗਈ ਸੀਲ ਕੁਝ ਹੀ ਘੰਟਿਆਂ ਬਾਅਦ ਖੋਲ੍ਹ ਦਿੱਤੀ ਗਈ, ਜਿਸ ਤੋਂ ਬਾਅਦ ਸ਼ੋਅਰੂਮ ਵਿਚ ਦੁਬਾਰਾ ਕੰਮ ਚਾਲੂ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬਿਲਡਿੰਗ ਦੇ ਉਸ ਹਿੱਸੇ ਨੂੰ ਦੋਬਾਰਾ ਸੀਲ ਲਾਈ ਜਾਵੇਗੀ, ਜਿਸ ਦਾ ਸਮਝੌਤਾ ਨਹੀਂ ਹੋ ਸਕਦਾ। ਜ਼ਿਕਰਯੋਗ ਹੈ ਕਿ ਮਲਹੋਤਰਾ ਬਿਲਡਿੰਗ ਦੇ ਨਾਲ ਇਕ ਸਰਕਾਰੀ ਗਲੀ ਹੈ, ਜਿਸ ਦੇ ਪਿੱਛੇ ਮਕਾਨ ਨੂੰ ਖ਼ਰੀਦ ਕੇ ਉਸ ਨੂੰ ਇਕ ਸ਼ੋਅਰੂਮ ਵਿਚ ਮਿਲਾ ਲਿਆ ਗਿਆ ਹੈ। ਫਿਲਹਾਲ ਇਸ ਨਾਜਾਇਜ਼ ਨਿਰਮਾਣ ਨੂੰ ਲੈ ਕੇ ਨਿਗਮ ਦੀ ਕਾਰਵਾਈ ਚੱਲ ਰਹੀ ਹੈ। ਨਿਗਮ ਨੇ ਸ਼ੋਅਰੂਮ ਦੇ ਪਿੱਛੇ ਹੋਏ ਨਿਰਮਾਣ ਨੂੰ ਸੀਲ ਵੀ ਕੀਤਾ ਸੀ, ਜਿਸ ਨੂੰ ਸਿਆਸੀ ਦਬਾਅ ਕਾਰਨ ਖੋਲ੍ਹ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਫਗਵਾੜਾ: ਪਿਆਰ 'ਚ ਮਿਲਿਆ ਧੋਖਾ, ਪਰੇਸ਼ਾਨ ਨੌਜਵਾਨ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ

ਦੂਜੇ ਪਾਸੇ ਪ੍ਰਤਾਪ ਬਾਗ ਰੋਡ ’ਤੇ ਭਾਜਪਾ ਆਗੂ ਅਸ਼ੋਕ ਮਲਹੋਤਰਾ ਦੀ ਜਿਸ ਵਿਵਾਦਿਤ ਬਿਲਡਿੰਗ ਨੂੰ ਅੱਜ ਨਿਗਮ ਦੀ ਟੀਮ ਨੇ ਦਿਨ ਚੜ੍ਹਨ ਤੋਂ ਪਹਿਲਾਂ ਦੋਬਾਰਾ ਸੀਲ ਕੀਤਾ, ਉਸ ਨੂੰ ਕੁਝ ਘੰਟਿਆਂ ਬਾਅਦ ਹਥੌੜਿਆਂ ਨਾਲ ਫਿਰ ਤੋੜ ਦਿੱਤਾ ਗਿਆ। ਕੁਝ ਦਿਨ ਪਹਿਲਾਂ ਨਿਗਮ ਨੇ ਉਥੇ ਜਿਹੜੀ ਸੀਲ ਲਾਈ ਸੀ, ਉਸਨੂੰ ਵੀ ਹਥੌੜਿਆਂ ਨਾਲ ਤੋੜ ਦਿੱਤਾ ਗਿਆ ਸੀ। ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਿਗਮ ਵੱਲੋਂ ਲਾਈ ਸੀਲ ਤੋੜਨ ਦੇ ਦੋਸ਼ ’ਚ ਬਿਲਡਿੰਗ ਦੇ ਮਾਲਕ ਵਿਰੁੱਧ ਪੁਲਸ ਕੇਸ ਦਰਜ ਕਰਨ ਦੀ ਸਿਫਾਰਸ਼ ਕਰ ਦਿੱਤੀ ਗਈ ਹੈ ਅਤੇ ਹੁਣ ਕਾਰਵਾਈ ਪੁਲਸ ਨੇ ਹੀ ਕਰਨੀ ਹੈ।

ਇਹ ਵੀ ਪੜ੍ਹੋ: ਜਲੰਧਰ: ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਪੁੱਤ, ਯੂਕ੍ਰੇਨ ’ਚ ਡੁੱਬਣ ਨਾਲ ਹੋਈ ਮੌਤ

ਵਿਧਾਨ ਸਭਾ ਕਮੇਟੀ ਨੂੰ ਹੋਈ ਕਿਰਨ ਬੁੱਕ ਡਿਪੂ ਦੀ ਸ਼ਿਕਾਇਤ, ਨਿਗਮ ਕਰ ਸਕਦੈ ਉਸ ਨੂੰ ਵੀ ਸੀਲ
ਜ਼ਿਕਰਯੋਗ ਹੈ ਕਿ ਸਿਆਸੀ ਦਬਾਅ ਕਾਰਨ ਮਾਈ ਹੀਰਾਂ ਗੇਟ ਵਿਚ ਕਿਰਨ ਬੁੱਕ ਡਿਪੂ ਵਾਲੀ ਬਿਲਡਿੰਗ ਵਿਚ ਪਿਛਲੇ ਦਿਨੀਂ ਨਾਜਾਇਜ਼ ਨਿਰਮਾਣ ਕੀਤਾ ਗਿਆ ਸੀ, ਜਿਸ ਕਾਰਨ ਨਿਗਮ ਨੇ ਉਥੇ ਸੀਲ ਵੀ ਲਾਈ ਸੀ। ਉਸ ਦੇ ਬਾਵਜੂਦ ਉਥੇ ਨਾ ਸਿਰਫ਼ ਨਿਰਮਾਣ ਕਾਰਜ ਪੂਰਾ ਕਰ ਲਿਆ ਗਿਆ, ਸਗੋਂ ਅਜੇ ਵੀ ਉਥੇ ਕਾਰੋਬਾਰ ਕੀਤਾ ਜਾ ਰਿਹਾ ਹੈ। ਦੁਕਾਨਾਂ ਦੇ ਪਿੱਛੇ ਰਿਹਾਇਸ਼ੀ ਮਕਾਨ ਖਰੀਦ ਕੇ ਉਥੇ ਵੀ ਕਮਰਸ਼ੀਅਲ ਬਿਲਡਿੰਗ ਬਣਾਏ ਜਾਣ ਸਬੰਧੀ ਸੀਲਿੰਗ ਦੀ ਕਾਰਵਾਈ ਕੀਤੀ ਗਈ ਸੀ ਪਰ ਉਸ ਮਾਮਲੇ ਵਿਚ ਵੀ ਨਿਗਮ ਦਬਾਅ ਦਾ ਹੀ ਸਾਹਮਣਾ ਕਰਦਾ ਰਿਹਾ। ਹੁਣ ਵਿਧਾਨ ਸਭਾ ਕਮੇਟੀ ਨੂੰ ਆਰ. ਟੀ. ਆਈ. ਵਰਕਰ ਰਵੀ ਛਾਬੜਾ ਨੇ ਲਿਖਤੀ ਸ਼ਿਕਾਇਤ ਭੇਜ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਆਪਣੀ ਚਮੜੀ ਬਚਾਉਣ ਲਈ ਨਿਗਮ ਅਧਿਕਾਰੀ ਇਸ ਬਿਲਡਿੰਗ ਨੂੰ ਵੀ ਕਮੇਟੀ ਦੇ ਆਉਣ ਤੋਂ ਪਹਿਲਾਂ ਹੀ ਸੀਲ ਲਾ ਸਕਦੇ ਹਨ। ਸ਼ਹਿਰ ਦੀਆਂ ਕਈ ਹੋਰ ਨਾਜਾਇਜ਼ ਬਿਲਡਿੰਗਾਂ ’ਤੇ ਸੀਲਿੰਗ ਦਾ ਖਤਰਾ ਮੰਡਰਾਅ ਰਿਹਾ ਹੈ।

ਇਹ ਵੀ ਪੜ੍ਹੋ: ਕਾਂਗਰਸ ਦੇ ਕਾਟੋ ਕਲੇਸ਼ ਦਰਮਿਆਨ ਕੁਝ ਮੰਤਰੀਆਂ ਨੇ ਬਣਾਈ ‘ਦੇਖੋ ਤੇ ਉਡੀਕ ਕਰੋ’ ਦੀ ਨੀਤੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News