ਸਮਰਾਲਾ ਮਗਰੋਂ ਹੁਣ ਜ਼ੀਰਕਪੁਰ ’ਚ ਵੱਡਾ ਹਾਦਸਾ! ਪਤੰਗਬਾਜ਼ੀ ਨੇ ਉਜਾੜ ''ਤੇ ਦੋ ਪਰਿਵਾਰ
Monday, Jan 26, 2026 - 12:55 PM (IST)
ਜ਼ੀਰਕਪੁਰ (ਧੀਮਾਨ)- ਜਦੋਂ ਦੇਸ਼ ਅਤੇ ਜ਼ਿਲ੍ਹੇ ਦੇ ਲੋਕ ਗਣਤੰਤਰ ਦਿਵਸ ਦੀਆਂ ਖ਼ੁਸ਼ੀਆਂ ਮਨਾਉਣ ਲਈ ਤਿਆਰੀਆਂ ਕਰ ਰਹੇ ਸੀ ਤਾਂ ਉਸ ਤੋਂ ਇਕ ਸ਼ਾਮ ਪਹਿਲਾਂ ਜ਼ੀਰਕਪੁਰ ਦੀ ਹਰਮਿਲਾਪ ਨਗਰ ਕਾਲੋਨੀ ’ਚ ਅਜਿਹਾ ਦਰਦਨਾਕ ਹਾਦਸਾ ਵਾਪਰਿਆ ਕਿ ਹਰ ਕਿਸੇ ਦੀ ਰੂਹ ਕੰਬ ਗਈ। ਪਤੰਗ ਲੁੱਟਣ ਦੇ ਚੱਕਰ ’ਚ ਦੋ ਮਾਸੂਮ ਜ਼ਿੰਦਗੀਆਂ ਖ਼ਤਮ ਹੋ ਗਈਆਂ। ਸ਼ਾਮ ਕਰੀਬ 6 ਵਜੇ ਰੇਲਵੇ ਟਰੈਕ ਕੋਲ ਹੋਏ ਭਿਆਨਕ ਹਾਦਸੇ ’ਚ ਦੋ ਬੱਚੇ ਰੇਲ ਗੱਡੀ ਦੀ ਚਪੇਟ ’ਚ ਆ ਕੇ ਮੌਤ ਦੇ ਮੂੰਹ ’ਚ ਚਲੇ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਨਗਰ ਨਿਗਮ ਦੇ ਟਿਊਬਵੈੱਲ ਆਪ੍ਰੇਟਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਅੰਬਾਲਾ ਤੋਂ ਚੰਡੀਗੜ੍ਹ ਵੱਲ ਜਾ ਰਹੀ ਤੇਜ਼ ਰਫ਼ਤਾਰ ਰੇਲ ਗੱਡੀ ਨੇ ਹਰਮਿਲਾਪ ਨਗਰ ਨੇੜੇ ਦੋਵੇਂ ਬੱਚਿਆਂ ਨੂੰ ਕੁਚਲ ਦਿੱਤਾ। ਪਲ ਭਰ ’ਚ ਦੋ ਘਰਾਂ ਦੇ ਚਿਰਾਗ ਸਦਾ ਲਈ ਬੁੱਝ ਗਏ ਅਤੇ ਪੂਰੀ ਕਾਲੋਨੀ ਸੋਗ ’ਚ ਡੁੱਬ ਗਈ। ਮ੍ਰਿਤਕਾਂ ਦੀ ਪਛਾਣ ਸ਼ਿਵਮ (14) ਪੁੱਤਰ ਅਭਿਮਨਿਯੁ ਵਾਸੀ ਅਤੇ ਆਰੁਸ਼ ਕੁਮਾਰ (10) ਪੁੱਤਰ ਬਾਲ ਚੰਦਰ ਦੋਵੇਂ ਵਾਸੀ ਹਰਮਿਲਾਪ ਨਗਰ ਜ਼ੀਰਕਪੁਰ ਵਜੋਂ ਹੋਈ ਹੈ। ਇਸ ਮਾਮਲੇ ’ਚ ਜਾਂਚ ਅਧਿਕਾਰੀ ਸਤਬੀਰ ਸਿੰਘ ਨੇ ਦੱਸਿਆ ਕਿ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਪੰਚਕੂਲਾ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਪ੍ਰਵਾਸੀ ਪਰਿਵਾਰਾਂ ਨਾਲ ਸਬੰਧਤ ਹਨ ਦੋਵੇਂ ਮਾਸੂਮ
ਦੋਵੇਂ ਬੱਚੇ ਪ੍ਰਵਾਸੀ ਪਰਿਵਾਰਾਂ ਨਾਲ ਸਬੰਧਤ ਸਨ। ਆਰੁਸ਼ ਚੌਥੀ ਕਲਾਸ ਦਾ ਵਿਦਿਆਰਥੀ ਸੀ ਜਦਕਿ ਸ਼ਿਵਮ ਛੇਵੀਂ ਕਲਾਸ ’ਚ ਪੜ੍ਹਦਾ ਸੀ। ਸ਼ਿਵਮ ਦੇ ਪਿਤਾ ਨਿੱਜੀ ਡਰਾਈਵਰ ਹਨ ਅਤੇ ਆਰੁਸ਼ ਦੇ ਪਿਤਾ ਕੋਠੀ ’ਚ ਕੇਅਰ ਟੇਕਰ ਵਜੋਂ ਕੰਮ ਕਰਦੇ ਹਨ। ਹਰਮਿਲਾਪ ਨਗਰ ਦੇ ਵਸਨੀਕ ਅਤੇ ਸਮਾਜ ਸੇਵੀ ਸੁਰਿੰਦਰ ਵਰਮਾ ਮੁਤਾਬਕ ਦੋਵੇਂ ਬੱਚੇ ਸ਼ਾਮ ਦੇ ਸਮੇਂ ਪਤੰਗ ਲੁੱਟ ਰਹੇ ਸਨ। ਖੇਡ-ਖੇਡ ’ਚ ਪਤੰਗ ਰੇਲਵੇ ਲਾਈਨ ਵੱਲ ਚਲੀ ਗਈ। ਇਲਾਕੇ ’ਚ ਸੁਰੱਖਿਆ ਲਈ ਰੇਲਵੇ ਦੀਵਾਰ ਬਣੀ ਹੋਈ ਹੈ ਪਰ ਬਚਪਨ ਦੀ ਬੇਪਰਵਾਹੀ ਅਤੇ ਖੇਡ ਦੀ ਲਗਨ ਨੇ ਖ਼ਤਰੇ ਨੂੰ ਅਣਡਿੱਠਾ ਕਰ ਦਿੱਤਾ। ਅਗਲੇ ਹੀ ਪਲ ਤੇਜ਼ ਰਫ਼ਤਾਰ ਰੇਲ ਗੱਡੀ ਨੇ ਦੋਵੇਂ ਮਾਸੂਮ ਜ਼ਿੰਦਗੀਆਂ ਖੋਹ ਲਈਆਂ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਕਾਂਸਟੇਬਲ 'ਤੇ ਡਿੱਗੀ ਗਾਜ! ਹੋ ਗਿਆ ਵੱਡਾ ਐਕਸ਼ਨ, ਕਾਰਨਾਮਾ ਜਾਣ ਰਹਿ ਜਾਓਗੇ ਦੰਗ
ਰੋ-ਰੋ ਕੇ ਟੁੱਟ ਗਏ ਮਾਪੇ, ਕਾਲੋਨੀ ’ਚ ਛਾਇਆ ਮਾਤਮ
ਹਾਦਸੇ ਦੀ ਖ਼ਬਰ ਮਿਲਦਿਆਂ ਹੀ ਹਰਮਿਲਾਪ ਨਗਰ ’ਚ ਹੜਕੰਪ ਮਚ ਗਿਆ। ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਮਾਪਿਆਂ ਦੀਆਂ ਚੀਖਾਂ, ਮਾਵਾਂ ਦਾ ਵਿਰਲਾਪ ਅਤੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ, ਇਸ ਦ੍ਰਿਸ਼ ਨੇ ਹਰ ਕਿਸੇ ਦੇ ਦਿਲ ਨੂੰ ਚੀਰ ਕੇ ਰੱਖ ਦਿੱਤਾ। ਪੂਰੀ ਕਾਲੋਨੀ ’ਚ ਖ਼ਾਮੋਸ਼ੀ ਤੇ ਉਦਾਸੀ ਛਾ ਗਈ।
ਗਣਤੰਤਰ ਦਿਵਸ ਦੀ ਖ਼ੁਸ਼ੀ ਤੋਂ ਪਹਿਲਾਂ ਸੋਗ
ਜਦੋਂ ਦੇਸ਼ ਤਿਰੰਗੇ ਨਾਲ ਸਜਣ ਜਾ ਰਿਹਾ ਸੀ, ਉਸ ਤੋਂ ਇਕ ਦਿਨ ਪਹਿਲਾਂ ਦੋ ਪਰਿਵਾਰਾਂ ਦੀ ਦੁਨੀਆ ਉੱਜੜ ਗਈ। ਖ਼ੁਸ਼ੀਆਂ ਦੇ ਸ਼ੋਰ ਤੋਂ ਪਹਿਲਾਂ ਮੌਤ ਦੀ ਖ਼ਾਮੋਸ਼ੀ ਨੇ ਸਭ ਕੁਝ ਠਹਿਰਾ ਦਿੱਤਾ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਪਤੰਗਬਾਜ਼ੀ ਬੱਚਿਆਂ ਲਈ ਮੌਤ ਦਾ ਜਾਲ ਬਣਦੀ ਜਾ ਰਹੀ ਹੈ। ਰੇਲਵੇ ਟਰੈਕ, ਸੜਕਾਂ ਅਤੇ ਛੱਤਾਂ ਕੋਲ ਇਹ ਖੇਡ ਜਾਨਲੇਵਾ ਸਾਬਤ ਹੋ ਰਹੀ ਹੈ। ਹਰਮਿਲਾਪ ਨਗਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਸਨੀਕਾਂ ਨੇ ਹਲਕਾ ਡੇਰਾਬਸੀ ’ਚ ਪਤੰਗਬਾਜ਼ੀ ’ਤੇ ਸਥਾਈ ਰੋਕ ਲਾਉਣ ਦੀ ਮੰਗ ਕੀਤੀ, ਤਾਂ ਜੋ ਭਵਿੱਖ ’ਚ ਕਿਸੇ ਹੋਰ ਘਰ ਦਾ ਦੀਵਾ ਇਸ ਤਰ੍ਹਾਂ ਨਾ ਬੁੱਝੇ। ਹੁਣ ਸਵਾਲ ਉਠਦਾ ਹੈ ਕਿ ਕੀ ਹਰ ਵਾਰੀ ਮਾਸੂਮ ਜਾਨਾਂ ਜਾਣ ਤੋਂ ਬਾਅਦ ਹੀ ਸਖ਼ਤ ਕਦਮ ਚੁੱਕੇ ਜਾਣਗੇ? ਜਾਂ ਫਿਰ ਇਹ ਮੌਤਾਂ ਵੀ ਅੰਕੜਿਆਂ ’ਚ ਦੱਬ ਕੇ ਰਹਿ ਜਾਣਗੀਆਂ? ਇਹ ਹਾਦਸਾ ਸਿਰਫ਼ ਦੋ ਬੱਚਿਆਂ ਦੀ ਮੌਤ ਨਹੀਂ- ਇਹ ਸਮਾਜ, ਪ੍ਰਸ਼ਾਸਨ ਤੇ ਸਾਡੀ ਸਾਂਝੀ ਲਾਪਰਵਾਹੀ ’ਤੇ ਲੱਗਿਆ ਗੰਭੀਰ ਸਵਾਲ ਹੈ।
ਇਹ ਵੀ ਪੜ੍ਹੋ: Punjab: ਸੜਕ 'ਤੇ ਖੜ੍ਹੀ ਕਾਰ ਦਾ ਅੰਦਰਲਾ ਹਾਲ ਵੇਖ ਲੋਕਾਂ ਦੇ ਉੱਡੇ ਹੋਸ਼! ਇਸ ਹਾਲ 'ਚ ਮਿਲਿਆ ਨੌਜਵਾਨ
ਇਕ ਦਿਨ, ਦੋ ਹਾਦਸੇ… ਮਾਸੂਮ ਜਾਨਾਂ ’ਤੇ ਕਹਿਰ ਬਣੀ ਪਤੰਗਬਾਜ਼ੀ
ਜ਼ੀਰਕਪੁਰ ਦੀ ਹਰਮਿਲਾਪ ਨਗਰ ਕਾਲੋਨੀ ’ਚ ਵਾਪਰੀ ਇਹ ਦਰਦਨਾਕ ਘਟਨਾ ਕੋਈ ਇਕੱਲਾ ਹਾਦਸਾ ਨਹੀਂ। ਇਸ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਸਮਰਾਲਾ ’ਚ ਵੀ ਚਾਈਨਾ ਡੋਰ ਕਾਰਨ 15 ਸਾਲਾ ਵਿਦਿਆਰਥੀ ਤਰਨਜੋਤ ਦੀ ਜਾਨ ਚਲੀ ਗਈ ਸੀ। ਦੋ ਵੱਖ-ਵੱਖ ਥਾਵਾਂ ਪਰ ਕਾਰਨ ਇਕੋ—ਪਤੰਗਬਾਜ਼ੀ ਨਾਲ ਜੁੜੀ ਲਾਪਰਵਾਹੀ ਅਤੇ ਖ਼ਤਰਨਾਕ ਡੋਰ। ਸਮਰਾਲਾ ’ਚ ਜਿੱਥੇ ਚਾਈਨਾ ਡੋਰ ਨੇ ਬੱਚੇ ਦੀ ਗਰਦਨ ਕੱਟ ਕੇ ਉਸ ਦੀ ਜਾਨ ਲੈ ਲਈ, ਉੱਥੇ ਹੀ ਜ਼ੀਰਕਪੁਰ ’ਚ ਪਤੰਗ ਦੀ ਲਗਨ ਦੋ ਬੱਚਿਆਂ ਨੂੰ ਰੇਲਵੇ ਟਰੈਕ ਤੱਕ ਲੈ ਗਈ। ਇਕ ਹਾਦਸਾ ਡੋਰ ਨਾਲ, ਦੂਜਾ ਰੇਲ ਨਾਲ, ਪਰ ਦੋਹਾਂ ਦੀ ਜੜ੍ਹ ਇੱਕੋ ਹੈ।
ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਤਰਨਜੋਤ ਸਿੰਘ ਦੀ ਮੌਤ 'ਤੇ ਜਤਾਇਆ ਦੁੱਖ਼, ਕਿਹਾ-ਅਣਗਹਿਲੀ ਕਾਰਨ ਵਾਪਰ ਰਹੀਆਂ ਘਟਨਾਵਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
