ਕੋਰੋਨਾ ਦੀ ਦੂਜੀ ਡੋਜ਼ ਤੋਂ ਬਾਅਦ ਬੀਬੀ ਦੀ ਹਾਲਤ ਗੰਭੀਰ, PGI 'ਚ ਦਾਖ਼ਲ
Thursday, Apr 22, 2021 - 09:02 PM (IST)
ਰੂਪਨਗਰ,(ਸੱਜਣ ਸਿੰਘ ਸੈਣੀ)- ਜ਼ਿਲ੍ਹੇ ਵਿੱਚ ਇੱਕ ਨੌਜਵਾਨ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਇੱਕ ਲਿਖਤੀ ਸ਼ਿਕਾਇਤ ਦਿੰਦੇ ਹੋਏ ਕੋਰੋਨਾ ਵੈਕਸੀਨ 'ਤੇ ਕਈ ਸਵਾਲ ਚੁੱਕੇ ਹਨ। ਸ਼ਿਕਾਇਤ ਵਿੱਚ ਨੌਜਵਾਨ ਨੇ ਦੱਸਿਆ ਕਿ ਉਸਦੀ ਮਾਂ ਦੇ ਕੋਰੋਨਾ ਵੈਕਸੀਨ ਦੀ ਦੂਸਰੀ ਡੋਜ਼ ਲੱਗਣ ਤੋਂ ਬਾਅਦ ਹਾਲਤ ਖ਼ਰਾਬ ਹੋ ਗਈ ਜਿਨ੍ਹਾਂ ਨੂੰ ਹੁਣ ਪੀ.ਜੀ.ਆਈ. ਵਿਖੇ ਦਾਖਲ ਕਰਵਾਇਆ ਗਿਆ ਹੈ ।
ਇਹ ਵੀ ਪੜ੍ਹੋ- ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਦੇ 5456 ਨਵੇਂ ਮਾਮਲੇ ਆਏ ਸਾਹਮਣੇ, ਇੰਨੇ ਲੋਕਾਂ ਦੀ ਹੋਈ ਮੌਤ
ਰੂਪਨਗਰ ਦੇ ਸੁਰਿਆਂਸ਼ ਸ਼ਰਮਾ ਨੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਸ ਦੀ ਮਾਂ ਸ਼ਸ਼ੀ ਸ਼ਰਮਾ ਜੋ ਕਿ ਬਿਲਕੁਲ ਤੰਦਰੁਸਤ ਸੀ ਨੇ 22 ਫਰਵਰੀ ਨੂੰ ਸਿਵਲ ਹਸਪਤਾਲ ਵਿਖੇ ਕੋਰੋਨਾ ਵੈਕਸੀਨ ਦੀ ਦੂਸਰੀ ਡੋਜ਼ ਲਗਵਾਈ ਸੀ। ਜਿਸ ਦੇ ਬਾਅਦ ਉਸਦੀ ਮਾਂ ਦੀ ਸਿਹਤ ਖ਼ਰਾਬ ਹੋ ਗਈ ਦੇਖਦੇ ਹੀ ਦੇਖਦੇ ਹਾਲਤ ਇੰਨੀ ਖਰਾਬ ਹੋ ਗਈ ਕਿ ਉਨ੍ਹਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਉਣਾ ਪਿਆ । ਇਹ ਸਾਰਾ ਮਾਮਲਾ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਦੇ ਧਿਆਨ 'ਚ ਲਿਆਂਦਾ ਗਿਆ ਹੈ ਤੇ ਉਨ੍ਹਾਂ ਜਾਂਚ ਦਾ ਭਰੋਸਾ ਦਵਾਇਆ ਹੈ।
ਇਹ ਵੀ ਪੜ੍ਹੋ- 1 ਮਈ ਤੋਂ 18 ਸਾਲਾ ਦੇ ਉਪਰ ਵਾਲੇ ਵਰਗ ਨੂੰ ਲੱਗੇਗਾ ਕੋਰੋਨਾ ਟੀਕਾ : ਮੁੱਖ ਮੰਤਰੀ
ਅੱਗੇ ਪੀੜਤ ਨੌਜਵਾਨ ਨੇ ਕਿਹਾ ਕਿ ਸਰਕਾਰ ਇਕ ਪਾਸੇ ਤਾਂ ਕੋਰੋਨਾ ਦੀ ਵੈਕਸੀਨ ਸੇਫ ਕਹਿ ਰਹੀ ਹੈ ਅਤੇ ਇਸਨੂੰ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਪ੍ਰੰਤੂ ਦੂਜੇ ਪਾਸੇ ਕੋਰੋਨਾ ਵੈਕਸੀਨ ਦੇ ਮਾੜੇ ਪ੍ਰਭਾਵ ਤੋਂ ਬਾਅਦ ਲੋਕਾਂ ਦੇ ਇਲਾਜ ਦੀ ਜ਼ਿੰਮੇਵਾਰੀ ਨਹੀਂ ਲਈ ਜਾ ਰਹੀ। ਇੱਥੇ ਹੀ ਬੱਸ ਨਹੀਂ ਬਲਕਿ ਗ਼ਰੀਬਾਂ ਲਈ ਸਰਕਾਰ ਵੱਲੋਂ ਮੁਫ਼ਤ ਇਲਾਜ ਲਈ ਬਣਾਏ ਮੁਫ਼ਤ ਸਿਹਤ ਬੀਮਾ ਕਾਰਡ ਦਾ ਵੀ ਪੀੜਤ ਪਰਿਵਾਰ ਨੂੰ ਕੋਈ ਲਾਭ ਨਹੀਂ ਮਿਲ ਰਿਹਾ ।
ਦੱਸ ਦੇਈਏ ਕਿ ਜਿਸ ਤਰ੍ਹਾਂ ਸਰਕਾਰ ਲਗਾਤਾਰ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਲਗਵਾਉਣ ਲਈ ਅਪੀਲ ਕਰ ਰਹੀ ਹੈ ਅਜਿਹੇ ਵਿੱਚ ਜੇਕਰ ਵੈਕਸੀਨ ਦੇ ਬਾਅਦ ਕਿਸੇ ਦੀ ਸਿਹਤ ਖ਼ਰਾਬ ਹੁੰਦੀ ਹੈ ਤਾਂ ਉਸਦੇ ਇਲਾਜ ਦੀ ਜ਼ਿੰਮੇਵਾਰੀ ਸਰਕਾਰ ਨੂੰ ਚੁੱਕਣੀ ਚਾਹੀਦੀ ਹੈ ਤਾਂ ਜੋ ਲੋਕ ਬਿਨਾਂ ਕਿਸੇ ਡਰ ਭੈਅ ਦੇ ਕੋਰੋਨਾ ਦੀ ਵੈਕਸੀਨ ਲਗਾਉਣ ਲਈ ਅੱਗੇ ਆਉਣ ।