ਖਹਿਰਾ ਵਲੋਂ 'ਕੋਰੋਨਾ ਟੈਸਟ' ਕਰਾਏ ਜਾਣ ਦੀ ਮੰਗ 'ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ

Tuesday, Mar 24, 2020 - 03:13 PM (IST)

ਬੇਗੋਵਾਲ (ਰਜਿੰਦਰ) : ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਯੂਰਪ ਤੋਂ ਫਰਵਰੀ ਮਹੀਨੇ ਪਰਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਦਾ 'ਕੋਰੋਨਾ' ਟੈਸਟ ਕਰਵਾਏ ਜਾਣ ਦੀ ਮੰਗ ਕੀਤੀ ਗਈ ਸੀ, ਜਿਸ ਦਾ ਜਵਾਬ ਬੀਬੀ ਜਗੀਰ ਕੌਰ ਵਲੋਂ ਦਿੰਦਿਆਂ ਕਿਹਾ ਗਿਆ ਹੈ ਕਿ ਉਹ ਆਪਣੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਚਿੰਤਤ ਹਨ। ਜਗਬਾਣੀ 'ਤੇ ਮੋਬਾਇਲ ਰਾਹੀਂ ਗੱਲਬਾਤ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਟਲੀ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਦਾ ਖੁਲਾਸਾ ਕੁਝ ਦਿਨ ਪਹਿਲਾਂ ਇਟਲੀ ਤੋਂ ਪਰਤੀ ਹੈ ਬੀਬੀ ਜਗੀਰ ਕੌਰ

ਉਨ੍ਹਾਂ ਕਿਹਾ ਕਿ 27 ਫਰਵਰੀ ਨੂੰ ਉਹ ਵਾਪਸ ਭਾਰਤ ਆ ਗਏ ਸਨ, ਜਿਸ ਤੋਂ ਬਾਅਦ ਉਹ ਲਗਾਤਾਰ ਐਸ.ਐਮ.ਓ. ਬੇਗੋਵਾਲ ਦੇ ਸੰਪਰਕ ਵਿਚ ਹਨ। ਬੀਬੀ ਨੇ ਕਿਹਾ ਕਿ ਵਿਦੇਸ਼ ਤੋਂ ਵਾਪਸ ਆ ਕੇ ਉਹ 14 ਦਿਨ ਘਰ ਵਿੱਚ ਹੀ ਰਹੇ ਹਨ ਅਤੇ ਇਸ ਸਮੇਂ ਦੌਰਾਨ ਡਾਕਟਰਾਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ ਤੇ ਕੋਈ ਜ਼ਰੂਰੀ ਸਮਾਗਮ ਵਿੱਚ ਹੀ ਉਹ ਗਏ ਹਨ, ਜਿੱਥੇ ਵੀ ਨਿਯਮਾਂ ਨੂੰ ਪੂਰੀ ਤਰ੍ਹਾਂ ਧਿਆਨ 'ਚ ਰੱਖਿਆ ਗਿਆ ਹੈ । ਉਨ੍ਹਾਂ ਕਿਹਾ ਕਿ ਇਟਲੀ ਵਿੱਚ ਜਿਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਉਹ ਰਹੇ ਹਨ, ਉਹ ਸਾਰੇ ਪੂਰੀ ਤਰ੍ਹਾਂ ਠੀਕ ਤੇ ਚੜ੍ਹਦੀ ਕਲਾ ਵਿੱਚ ਹਨ । ਉਨ੍ਹਾਂ ਕਿਹਾ ਕਿ ਇੱਥੇ ਵੀ ਉਹ ਜਿਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਰਹੇ, ਉਹ ਵੀ ਪੂਰੀ ਤਰ੍ਹਾਂ ਠੀਕ-ਠਾਕ ਹਨ।

ਇਹ ਵੀ ਪੜ੍ਹੋ : ਜ਼ਿਲਾ ਜਲੰਧਰ ਦੇ ਤਿੰਨ ਮਰੀਜ਼ ਪਾਜ਼ੇਟਿਵ ਆਉਣ ਤੋਂ ਬਾਅਦ ਪਿੰਡ ਵਿਰਕ ਪੂਰੀ ਤਰ੍ਹਾਂ ਸੀਲ

ਬੀਬੀ ਨੇ ਕਿਹਾ ਕਿ ਹੁਣ ਉਹ ਆਪਣੇ ਘਰ ਵਿੱਚ ਮੌਜੂਦ ਹਨ ਤੇ ਕਰਫਿਊ ਦੌਰਾਨ ਸਾਰਿਆਂ ਨਾਲ ਮਿਲਣਾ ਬੰਦ ਕੀਤਾ ਹੋਇਆ ਹੈ। ਇਸ ਦੌਰਾਨ ਉਨ੍ਹਾਂ ਨੇ ਘਰ ਵਿੱਚ ਸਹਿਜ ਪਾਠ ਸ਼ੁਰੂ ਕੀਤਾ ਹੋਇਆ ਹੈ ਤੇ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਸਿਹਤ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਤੇ ਆਪਣੇ ਘਰਾਂ ਵਿੱਚ ਹੀ ਰਹਿਣ ਤੇ ਨਿਯਮਾਂ ਦੀ ਉਲੰਘਣਾ ਨਾ ਕਰਨ । ਉਨ੍ਹਾਂ ਕਿਹਾ ਕਿ ਉਹ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਨ ਕਿ ਉਹ ਵੀ ਆਪਣੇ ਘਰਾਂ ਵਿੱਚ ਸਹਿਜ ਪਾਠ ਸ਼ੁਰੂ ਕਰਨ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ।  
ਖਹਿਰਾ ਨੇ ਕੀਤੀ ਸੀ ਕੋਰੋਨਾ ਟੈਸਟ ਦੀ ਮੰਗ
ਦਰਅਸਲ ਸੁਖਪਾਲ ਖਹਿਰਾ ਨੇ ਆਪਣੇ ਫੇਸਬੁਕ ਪੇਜ 'ਤੇ ਪੋਸਟ ਪਾ ਕੇ ਦਾਅਵਾ ਕੀਤਾ ਹੈ ਕਿ ਬੀਬੀ ਜਗੀਰ ਕੌਰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਫ਼ਰਵਰੀ-ਮਾਰਚ ਮਹੀਨੇ ਇਟਲੀ ਸਮੇਤ ਯੂਰਪ ਦੇ ਅਨੇਕਾਂ ਮੁਲਕਾਂ ਦੇ ਦੌਰੇ ਉਪਰੰਤ ਹੁਣ ਕੁਝ ਦਿਨ ਪਹਿਲਾਂ ਹੀ ਵਾਪਸ ਆਏ ਹਨ। ਇਸ ਪੋਸਟ ਵਿਚ ਖਹਿਰਾ ਨੇ ਬੀਬੀ ਜਗੀਰ ਕੌਰ ਦੀ ਬਕਾਇਦਾ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਖਹਿਰਾ ਨੇ ਕਿਹਾ ਕਿ ਬਹੁਤ ਅਫ਼ਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਨੇ ਨਾ ਤਾਂ ਕਿਸੇ ਪ੍ਰਕਾਰ ਦਾ ਮੈਡੀਕਲ ਚੈਕਅੱਪ ਕਰਵਾਇਆ ਅਤੇ ਨਾ ਹੀ ਖ਼ੁਦ ਨੂੰ ਆਈਸੋਲੇਟ ਕੀਤਾ। ਜੇਕਰ ਖ਼ੁਦ ਨੂੰ ਜ਼ਿੰਮੇਵਾਰ ਲੀਡਰ ਅਖਵਾਉਣ ਵਾਲੇ ਲੋਕ ਭਿਆਨਕ ਸਮੱਸਿਆ ਦੀ ਇਸ ਪ੍ਰਕਾਰ ਨਿਯਮਾਂ ਦਾ ਉਲੰਘਣ ਕਰਨਗੇ ਤਾਂ ਆਮ ਜਨਤਾ ਤੋਂ ਕੀ ਉਮੀਦ ਕਰ ਸਕਦੇ ਹਾਂ? ਮੈਨੂੰ ਪੂਰੀ ਆਸ ਹੈ ਕਿ ਉਹ ਹੁਣ ਵੀ ਖੁਦ ਨੂੰ ਆਈਸੋਲੇਟ ਕਰਨਗੇ ਅਤੇ ਆਪਣਾ ਮੈਡੀਕਲ ਚੈਕਅੱਪ ਕਰਵਾਉਣਗੇ। ਖਹਿਰਾ ਨੇ ਕਿਹਾ ਕਿ ਇਹ ਸਾਰਾ ਮਸਲਾ ਉਹ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਧਿਆਨ ਵਿਚ ਵੀ ਲਿਆ ਚੁੱਕੇ ਹਨ।
ਇਹ ਵੀ ਪੜ੍ਹੋ : ਕੁਦਰਤੀ ਰੂਪ ਨਾਲ ਪੈਦਾ ਹੋਇਆ ਹੈ 'ਕੋਰੋਨਾ', ਨਹੀਂ ਹੋਇਆ ਕਿਸੇ ਲੈਬ 'ਚੋਂ ਤਿਆਰ
 


Babita

Content Editor

Related News