ਬੀਬੀ ਜਗੀਰ ਕੌਰ ਆਖਿਰ ਕਿਉਂ ਨਹੀਂ ਬਣ ਸਕੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ?

11/28/2019 8:34:29 AM

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਹੁਦੇ 'ਤੇ ਦੁਬਾਰਾ ਗੋਬਿੰਦ ਸਿੰਘ ਲੌਂਗੋਵਾਲ ਦੀ ਚੋਣ ਕਰ ਲਈ ਗਈ। ਅਕਾਲੀ ਹਲਕਿਆਂ 'ਚ ਇਹ ਚਰਚਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਇਕ ਵਾਰ ਫਿਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣਨ ਤੋਂ ਕਿਉਂ ਵਾਂਝੀ ਰਹਿ ਗਈ?
ਮੰਨਿਆ ਜਾ ਰਿਹਾ ਹੈ ਕਿ ਇਸ ਦੇ ਪਿੱਛੇ ਅਕਾਲੀ ਹਾਈਕਮਾਨ 'ਚ ਬੀਬੀ ਜਗੀਰ ਕੌਰ ਨੂੰ ਲੈ ਕੇ ਚੱਲ ਰਹੇ ਕੁਝ ਵਿਵਾਦ ਜ਼ਿੰਮੇਵਾਰ ਦੱਸੇ ਜਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਸੁਲਤਾਨਪੁਰ ਲੋਧੀ ਵਿਚ ਹੋਏ ਧਾਰਮਿਕ ਸਮਾਗਮਾਂ ਦੀ ਜ਼ਿੰਮੇਵਾਰੀ ਅਕਾਲੀ ਹਾਈਕਮਾਨ ਨੇ ਬੀਬੀ ਜਗੀਰ ਕੌਰ ਨੂੰ ਸੌਂਪੀ ਹੋਈ ਸੀ। ਦੱਸਿਆ ਜਾਂਦਾ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਸੁਲਤਾਨਪੁਰ ਲੋਧੀ 'ਚ ਲਗਵਾਈ ਗਈ ਪਲੇਟ 'ਤੇ ਅਧੂਰਾ ਮੂਲਮੰਤਰ ਲਿਖਵਾ ਦਿੱਤਾ ਸੀ। ਉਸ ਦਾ ਉਦਘਾਟਨ ਵੀ ਹਰਸਿਮਰਤ ਬਾਦਲ ਨੇ ਕੀਤਾ ਸੀ।
ਅਕਾਲੀ ਹਲਕਿਆਂ ਅਨੁਸਾਰ ਜਦੋਂ ਪਲੇਟ 'ਤੇ ਲਿਖੇ ਅਧੂਰੇ ਮੂਲ ਮੰਤਰ ਨੂੰ ਬੀਬੀ ਜਗੀਰ ਕੌਰ ਨੇ ਦੇਖਿਆ ਤਾਂ ਉਨ੍ਹਾਂ ਤੁਰੰਤ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨਾਲ ਗੱਲਬਾਤ ਕੀਤੀ। ਚੀਮਾ ਨੇ ਇਹ ਮਾਮਲਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਉਠਾਇਆ। ਉਨ੍ਹਾਂ ਬਾਦਲ ਨੂੰ ਕਿਹਾ ਕਿ ਅਧੂਰੀ ਨੇਮ ਪਲੇਟ ਨੂੰ ਤੁਰੰਤ ਬਦਲਿਆ ਜਾਵੇ ਨਹੀਂ ਤਾਂ ਇਸ ਨੂੰ ਬੇਅਦਬੀ ਸਮਝ ਕੇ ਵਿਰੋਧੀ ਮਾਮਲਾ ਉਠਾ ਲੈਣਗੇ। ਬਾਦਲ ਦੇ ਕਹਿਣ 'ਤੇ ਅਧੂਰੀ ਪਲੇਟ ਨੂੰ ਬਦਲਿਆ ਗਿਆ ਤੇ ਨਵੀਂ ਪਲੇਟ ਲਾਈ ਗਈ। ਇਸ ਗੱਲ ਦੀ ਭਿਣਕ ਜਦੋਂ ਹਰਸਿਮਰਤ ਬਾਦਲ ਨੂੰ ਹੋਈ ਤਾਂ ਉਹ ਬੀਬੀ ਜਗੀਰ ਕੌਰ ਨਾਲ ਅੰਦਰਖਾਤੇ ਈਰਖਾ ਰੱਖਣ ਲੱਗੀ।
ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਸ੍ਰੀ ਸੁਲਤਾਨਪੁਰ ਲੋਧੀ 'ਚ ਗੁਰਦੁਆਰੇ ਦੇ ਦਰਸ਼ਨ ਕਰਨ ਲਈ ਆਏ ਸਨ ਤਾਂ ਉਨ੍ਹਾਂ ਬੀਬੀ ਜਗੀਰ ਕੌਰ ਨੂੰ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਸਿਆਸੀ ਤੇ ਧਾਰਮਿਕ ਤੌਰ 'ਤੇ ਜ਼ਿਆਦਾ ਤਰਜ਼ੀਹ ਦਿੱਤੀ ਸੀ। ਇਸ ਨਾਲ ਵੀ ਹਰਸਿਮਰਤ ਕੌਰ ਬਾਦਲ ਬੀਬੀ ਜਗੀਰ ਕੌਰ ਨਾਲ ਈਰਖਾ ਰੱਖਣ ਲੱਗੀ ਸੀ। ਮੋਦੀ ਨੇ ਤਾਂ ਸੁਲਤਾਨਪੁਰ ਲੋਧੀ 'ਚ 2-3 ਮਿੰਟ ਤੱਕ ਬੀਬੀ ਜਗੀਰ ਕੌਰ ਨਾਲ ਗੱਲਬਾਤ ਵੀ ਕੀਤੀ, ਜਿਸ ਦਾ ਸਿੱਧਾ ਪ੍ਰਸਾਰਣ ਰਾਸ਼ਟਰੀ ਚੈਨਲਾਂ 'ਤੇ ਚੱਲਦਾ ਰਿਹਾ।
ਇਸੇ ਤਰ੍ਹਾਂ ਸੰਤ ਬਲਬੀਰ ਸਿੰਘ ਘੁੰਨਸ ਦੇ ਨਾਂ 'ਤੇ ਵੀ ਸਹਿਮਤੀ ਇਸ ਲਈ ਨਹੀਂ ਬਣੀ ਕਿਉਂਕਿ ਉਹ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਵੀ ਕਰੀਬੀ ਸਮਝੇ ਜਾਂਦੇ ਹਨ। ਸਾਬਕਾ ਮੰਤਰੀ ਤੋਤਾ ਸਿੰੰਘ ਦੀ ਵੀ ਢੀਂਡਸਾ ਨਾਲ ਨੇੜਤਾ ਦੱਸੀ ਜਾਂਦੀ ਹੈ। ਲੌਂਗੋਵਾਲ ਦੀ ਦੁਬਾਰਾ ਚੋਣ ਹੋਣ ਤੋਂ ਬਾਅਦ ਅਕਾਲੀ ਦਲ ਦੇ ਅੰਦਰ ਅੰਦਰੂਨੀ ਜੰਗ ਹੋਰ ਤੇਜ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।


Babita

Content Editor

Related News