ਬੀਬੀ ਜਗੀਰ ਕੌਰ ਨੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ

10/12/2019 12:41:11 PM

ਸੁਲਤਾਨਪੁਰ ਲੋਧੀ (ਸੋਢੀ)— ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵੱਲੋਂ ਡਿਪਟੀ ਡਾਇਰੈਕਟਰ ਡਾ. ਜੁਗਰਾਜ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਜਾਗਰੂਕਤਾ ਕੈਂਪ ਲਾਇਆ ਗਿਆ। ਇਸ 'ਚ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਵੱਡੀ ਗਿਣਤੀ ਪ੍ਰਚਾਰਕਾਂ ਤੇ ਗ੍ਰੰਥੀ ਸਾਹਿਬਾਨ ਆਦਿ ਨੇ ਸ਼ਿਰਕਤ ਕੀਤੀ।ਬੀਬੀ ਜਗੀਰ ਕੌਰ ਨੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਜੁਗਰਾਜ ਸਿੰਘ ਦੀ ਟੀਮ ਵੱਲੋਂ ਵਧ ਰਹੇ ਪ੍ਰਦੂਸ਼ਣ ਦੀ ਰੋਕਥਾਮ ਲਈ ਜ਼ਿਲੇ 'ਚ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਇਲਾਕੇ ਦੇ ਸਮੂਹ ਕਿਸਾਨਾਂ ਅਤੇ ਹੋਰ ਸੰਗਤਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਦੇਖਦੇ ਹੋਏ ਪਰਾਲੀ ਨੂੰ ਅੱਗ ਨਾ ਲਾਉਣ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਇਕ ਕਰੋੜ ਤੋਂ ਵੱਧ ਸ਼ਰਧਾਲੂ ਗੁਰੂ ਨਗਰੀ ਸੁਲਤਾਨਪੁਰ ਲੋਧੀ 'ਚ ਕਰਵਾਏ ਜਾ ਰਹੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ 'ਚ ਹਿੱਸਾ ਲੈਣ ਅਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ 'ਚ ਨਤਮਸਤਕ ਹੋਣ ਲਈ ਆ ਰਹੇ ਹਨ ਅਤੇ ਜੇਕਰ ਅਸੀਂ ਪਰਾਲੀ ਤੇ ਹੋਰ ਰਹਿੰਦ ਖੂੰਦ ਨੂੰ ਅੱਗ ਲਾਉਂਦੇ ਰਹੇ ਤਾਂ ਪ੍ਰਦੂਸ਼ਣ ਹੋਰ ਵੱਧ ਜਾਵੇਗਾ, ਜਿਸ ਨਾਲ ਭਾਰੀ ਗਿਣਤੀ 'ਚ ਪੁੱਜੀਆਂ ਸੰਗਤਾਂ ਦਾ ਵੀ ਦਮ ਘੁੱਟਣ ਲੱਗੇਗਾ। ਜਾਗਰੂਕਤਾ ਕੈਂਪ 'ਚ ਕ੍ਰਿਸ਼ੀ ਵਿਗਿਆਨ ਕੇਦਰ ਕਪੂਰਥਲਾ ਵੱਲੋਂ ਬਿਨਾਂ ਅੱਗ ਲਾਏ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਆਧੁਨਿਕ ਜਾਣਕਾਰੀ ਪ੍ਰਦਾਨ ਕੀਤੀ।

ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਡਾ. ਜੁਗਰਾਜ ਸਿੰਘ ਦਾ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾਅ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੈਂਪ 'ਚ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਜਥੇ. ਸ਼ਿੰਗਾਰਾ ਸਿੰਘ ਲੋਹੀਆਂ, ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਸਤਪਾਲ ਸਿੰਘ ਤਲਵੰਡੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਭਾਈ ਪ੍ਰਤਾਪ ਸਿੰਘ, ਮੀਤ ਸਕੱਤਰ ਸੁਲੱਖਣ ਸਿੰਘ ਭੰਗਾਲੀ, ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ, ਸੁਪਰਵਾਈਜ਼ਰ ਮੇਜਰ ਸਿੰਘ ਸੰਧੂ, ਚੇਅਰਮੈਨ ਸਵਰਨ ਸਿੰਘ ਜੋਸ਼, ਮਾਝਾ ਜ਼ੋਨ ਇੰਚਾਰਜ ਪ੍ਰਚਾਰਕ ਭਾਈ ਹਰਜੀਤ ਸਿੰਘ, ਸਰਬਜੀਤ ਸਿੰਘ ਆਦਿ ਨੇ ਸ਼ਿਰਕਤ ਕੀਤੀ।


shivani attri

Content Editor

Related News