ਪਤੀ ਦਾ ਸ਼ਰਮਨਾਕ ਕਾਰਾ, ਗੁੱਸੇ ਹੋ ਕੇ ਪੇਕੇ ਗਈ ਪਤਨੀ 'ਤੇ ਕੀਤਾ ਹਮਲਾ

Tuesday, Jun 16, 2020 - 08:52 AM (IST)

ਪਤੀ ਦਾ ਸ਼ਰਮਨਾਕ ਕਾਰਾ, ਗੁੱਸੇ ਹੋ ਕੇ ਪੇਕੇ ਗਈ ਪਤਨੀ 'ਤੇ ਕੀਤਾ ਹਮਲਾ

ਭੁੱਚੋ ਮੰਡੀ (ਨਾਗਪਾਲ ) : ਸਥਾਨਕ ਬਸਤੀ ਰਾਮ ਬਿਲਾਸ ਦੇ ਵਾਰਡ ਨੰਬਰ 13 ਵਿਚ ਬੀਤੀ ਰਾਤ ਕਰੀਬ 1.20 ਮਿੰਟ ’ਤੇ ਇਕ ਘਰ ਵਿਚ ਦੋ ‘ਪੈਟਰੋਲ ਬੰਬ’ ਸੁੱਟੇ ਜਾਣ ਕਾਰਨ ਵਿਹੜੇ ਵਿਚ ਸੁੱਤੀਆਂ ਦੋ ਸਕੀਆਂ ਭੈਣਾਂ ਬੁਰੀ ਤਰਾਂ ਝੁਲਸ ਗਈਆਂ, ਜਿਨ੍ਹਾਂ ਨੂੰ ਭੁੱਚੋ ਦੇ ਸਹਾਰਾ ਵੈੱਲਫੇਅਰ ਕਲੱਬ ਦੇ ਕਾਮਿਆਂ ਵਲੋਂ ਜ਼ਖ਼ਮੀ ਹਾਲਤ ਵਿਚ ਕਮਿਊਨਿਟੀ ਹੈਲਥ ਸੈਂਟਰ ਵਿਖੇ ਲਿਜਾਇਆ ਗਿਆ ਪਰ ਲੜਕੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਜ਼ਖਮੀ ਲੜਕੀਆਂ ਦੀ ਪਛਾਣ ਦੀਪ ਕੌਰ (28) ਪਤਨੀ ਗੁਰਦੀਪ ਸਿੰਘ ਅਤੇ ਸੰਦੀਪ ਕੌਰ (24) ਪੁੱਤਰੀ ਵੀਰ ਸਿੰਘ ਵਜੋਂ ਹੋਈ ਹੈ ।

ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਵੀ ਇਸ ਘਰ ਵਿਚ ‘ਪੈਟਰੋਲ ਬੰਬ’ ਸੁੱਟਿਆ ਗਿਆ ਸੀ ਪਰ ਉਦੋਂ ਨੁਕਸਾਨ ਤੋਂ ਬਚਾਅ ਹੋ ਗਿਆ ਸੀ। ਭੁੱਚੋ ਮੰਡੀ ਪੁਲਸ ਚੌਕੀ ਇੰਚਾਰਜ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਵਾਸੀ ਕਲਿਆਣ ਹਾਲ ਆਬਾਦ ਭੁੱਚੋ ਮੰਡੀ ਵਲੋਂ ਦਿੱਤੇ ਬਿਆਨਾਂ ਅਨੁਸਾਰ ਉਸ ਦੀ ਸਾਲੀ ਸੰਦੀਪ ਕੌਰ ਦਾ ਵਿਆਹ 15 ਕੁ ਦਿਨ ਪਹਿਲਾਂ ਗੁਰਜੀਤ ਸਿੰਘ ਵਾਸੀ ਤਲਵੰਡੀ ਸਾਬੋ ਨਾਲ ਹੋਇਆ ਸੀ । ਪਤੀ-ਪਤਨੀ ਵਿਚ ਅਣਬਣ ਹੋਣ ਕਾਰਨ ਸੰਦੀਪ ਕੌਰ ਪੇਕੇ ਘਰ ਵਾਪਸ ਆ ਗਈ ਸੀ। ਇਸ ਕਾਰਨ ਗੁਰਜੀਤ ਸਿੰਘ ਨੇ ਹੀ ਉਨ੍ਹਾਂ ਦੇ ਪੈਟਰੋਲ ਬੰਬ ਸੁੱਟ ਕੇ ਦੋਵੇਂ ਭੈਣਾਂ ਨੂੰ ਜ਼ਖ਼ਮੀ ਕੀਤਾ ਹੈ । ਜਾਂਚ ਅਧਿਕਾਰੀ ਗੁਰਦੇਵ ਸਿੰਘ ਅਨੁਸਾਰ ਗੁਰਦੀਪ ਸਿੰਘ ਦੇ ਬਿਆਨਾਂ ’ਤੇ ਗੁਰਜੀਤ ਸਿੰਘ ਖ਼ਿਲਾਫ਼ ਧਾਰਾ 307, 436, 34ਏ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

ਇਸ ਦੌਰਾਨ ਕਮਿਊਨਿਟੀ ਹੈਲਥ ਸੈਂਟਰ ਦੀ ਮੈਡੀਕਲ ਅਫਸਰ ਡਾ. ਮਨਿੰਦਰਜੀਤ ਕੌਰ ਨੇ ਦੱਸਿਆ ਕਿ ਰਾਤ ਨੂੰ ਸਹਾਰਾ ਕਲੱਬ ਦੇ ਮੈਂਬਰ ਦੋਵੇਂ ਭੈਣਾਂ ਨੂੰ ਜ਼ਖਮੀ ਹਾਲਤ ਵਿਚ ਲੈ ਕੇ ਆਏ ਸਨ । ਉਨ੍ਹਾਂ ਵਿਚੋਂ ਇਕ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਮੁੱਢਲੀ ਸਹਾਇਤਾ ਦੇ ਕੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਸੀ ।


author

Baljeet Kaur

Content Editor

Related News