ਡਰੱਗਜ਼ ਰੈਕੇਟ ਮਾਮਲੇ 'ਚ ਜਗਦੀਸ਼ ਭੋਲਾ ਨੂੰ 12 ਸਾਲ ਦੀ ਸਜ਼ਾ (ਵੀਡੀਓ)

02/13/2019 6:21:23 PM

ਚੰਡੀਗੜ੍ਹ (ਕੁਲਦੀਪ) — ਮੋਹਾਲੀ ਦੀ ਸੀ .ਬੀ. ਆਈ. ਅਦਾਲਤ ਨੇ ਭੋਲਾ ਡਰੱਗ ਰੈਕੇਟ ਦੇ ਮਾਮਲੇ 'ਚ ਸੁਣਵਾਈ ਕਰਦੇ ਹੋਏ ਜਗਦੀਸ਼ ਭੋਲਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਗਦੀਸ਼ ਭੋਲਾ ਨੂੰ ਸੀ. ਬੀ. ਆਈ. ਕੋਰਟ ਵੱਲੋਂ 3 ਕੇਸਾਂ 'ਚ ਦੋਸ਼ੀ ਕਰਾਰ ਦੇਣ ਤੋਂ ਬਾਅਦ 12 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਇਸ ਕੇਸ ਦੇ ਕੁੱਲ 56 'ਚੋਂ ਮੁੱਖ ਦੋਸ਼ੀ ਪੰਜਾਬ ਪੁਲਸ ਦੇ ਬਰਖਾਸਤ ਡੀ. ਐੱਸ. ਪੀ. ਜਗਦੀਸ਼ ਭੋਲਾ ਸਮੇਤ 25 ਮੁਲਜ਼ਮਾਂ ਨੂੰ ਸਜ਼ਾ ਸੁਣਾ ਦਿੱਤੀ ਹੈ ਜਦੋਂਕਿ 25 ਮੁਲਜ਼ਮ ਬਰੀ ਹੋ ਗਏ ਹਨ।

ਪੁਲਸ ਸਟੇਸ਼ਨ ਫਤਿਹਗੜ੍ਹ ਸਾਹਿਬ ਵਿਚ ਦਰਜ ਐੱਫ. ਆਈ. ਆਰ. ਨੰਬਰ 45/13 ਵਿਚ ਜਗਦੀਸ਼ ਭੋਲਾ ਨੂੰ 12 ਸਾਲ, ਕੁਲਵਿੰਦਰ ਰੌਕੀ ਨੂੰ 12 ਸਾਲ, ਸੰਦੀਪ ਤੇ ਕੁਲਦੀਪ ਸਿੰਘ ਨੂੰ 1-1 ਸਾਲ, ਸਤਿੰਦਰ ਧਾਮਾ ਨੂੰ 15 ਸਾਲ, ਅਨੂਪ ਕਾਹਲੋਂ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਕੇਸ ਦੇ ਮੁਲਜ਼ਮਾਂ ਸੁਖਰਾਜ ਸਿੰਘ, ਰਾਮ ਸਿੰਘ, ਕੁਲਵੰਤ ਸਿੰਘ ਕਾਂਤੀ ਨੂੰ ਬਰੀ ਕਰ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਪੁਲਸ ਸਟੇਸ਼ਨ ਬਨੂੜ ਵਿਚ ਦਰਜ ਐੱਫ. ਆਈ. ਆਰ. ਨੰਬਰ 56 'ਚ ਦੋਸ਼ੀ ਜਗਦੀਸ਼ ਭੋਲਾ ਨੂੰ ਐੱਨ. ਡੀ. ਪੀ. ਐੱਸ. ਐਕਟ ਦੀਆਂ ਤਿੰਨ ਵੱਖ-ਵੱਖ ਧਾਰਾਵਾਂ ਵਿਚ 10-10 ਸਾਲ ਅਤੇ ਇਕ ਹੋਰ ਧਾਰਾ ਵਿਚ 2 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਬਲਜਿੰਦਰ ਸੋਨੂੰ ਨਿਵਾਸੀ ਅੰਮ੍ਰਿਤਸਰ ਨੂੰ 10 ਸਾਲ, ਸਰਬਜੀਤ ਸਿੰਘ ਸਾਭਾ ਨਿਵਾਸੀ ਅੰਮ੍ਰਿਤਸਰ ਨੂੰ 10 ਸਾਲ, ਸਤਿੰਦਰ ਧਾਮਾ ਨੂੰ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਵਿਚ 10 ਸਾਲ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਵਿਚ 2 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਕੇਸ ਦੇ ਮੁਲਜ਼ਮਾਂ ਪਰਮਜੀਤ ਸਿੰਘ ਪੰਮਾ, ਮਨਿੰਦਰ ਸਿੰਘ, ਬਿੱਟੂ ਔਲਖ, ਪਰਮਜੀਤ ਸਿੰਘ ਚਹਿਲ, ਅਨਿਲ, ਦੀਪ ਸਿੰਘ, ਸੁਰਜੀਤ ਸਿੰਘ ਨੂੰ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਹੈ ।

ਇਸ ਸਬੰਧੀ ਪੁਲਸ ਸਟੇਸ਼ਨ ਮੰਡੀ ਗੋਬਿੰਦਗੜ੍ਹ ਵਿਚ ਦਰਜ ਕੀਤੀ ਗਈ ਐੱਫ. ਆਈ. ਆਰ. ਨੰਬਰ 69 'ਚ ਮਨਪ੍ਰੀਤ ਸਿੰਘ ਉਰਫ ਮਨੀ ਨੂੰ 12 ਸਾਲ ਅਤੇ ਗੱਬਰ ਸਿੰਘ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਕੇਸ ਦੇ ਦੋ ਮੁਲਜ਼ਮਾਂ ਚੰਦਰ ਪ੍ਰਕਾਸ਼ ਅਤੇ ਜਗਦੀਸ਼ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।

ਪੁਲਸ ਸਟੇਸ਼ਨ ਫਤਿਹਗੜ੍ਹ ਸਾਹਿਬ ਵਿਚ ਦਰਜ ਐੱਫ. ਆਈ. ਆਰ. ਨੰਬਰ 69/13 ਵਿਚ ਵੀ ਦੋਸ਼ੀ ਬਸਾਵਾ ਸਿੰਘ ਨੂੰ 10 ਸਾਲ ਕੈਦ, ਦਵਿੰਦਰ ਸਿੰਘ ਹੈਪੀ ਨੂੰ 12 ਸਾਲ, ਸੁਖਜੀਤ ਸਿੰਘ ਨੂੰ 10 ਸਾਲ, ਜਗਦੀਸ਼ ਭੋਲਾ ਨੂੰ 2 ਸਾਲ, ਗੁਰਜੀਤ ਸਿੰਘ ਨੂੰ 10 ਸਾਲ, ਦਵਿੰਦਰ ਕਾਂਤ ਸ਼ਰਮਾ ਨੂੰ 1 ਸਾਲ, ਦੇਵ ਰਾਜ ਬਹਿਲ ਨੂੰ 2 ਸਾਲ, ਸਚਿਨ ਸਰਦਾਨਾ ਨੂੰ 10 ਸਾਲ, ਰਾਕੇਸ਼ ਸਾਧੂ ਨੂੰ 2 ਸਾਲ, ਸੁਰੇਸ਼ ਕੁਮਾਰ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਪੁਲਸ ਸਟੇਸ਼ਨ ਪਸਿਆਣਾ ਵਿਚ ਦਰਜ ਐੱਫ. ਆਈ. ਆਰ. ਨੰਬਰ 92 ਵਿਚ ਮੁਲਜ਼ਮਾਂ ਵਰਿੰਦਰ ਸਿੰਘ ਸੰਧੂ, ਇੰਦਰਜੀਤ ਸਿੰਘ, ਨਰਿੰਦਰ ਗੋਇਲ, ਚੂਨੀ ਲਾਲ ਗਾਬਾ, ਸੁਰੇਸ਼ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਹੈ ।

ਪੁਲਸ ਸਟੇਸ਼ਨ ਸਰਹਿੰਦ ਵਿਚ ਦਰਜ ਐੱਫ. ਆਈ. ਆਰ. ਨੰਬਰ 42/13 ਵਿਚ ਹਰਪ੍ਰੀਤ ਸਿੰਘ ਲਾਂਬਾ ਅਤੇ ਕੁਲਬੀਰ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ ਗਈ ਹੈ। ਇਸ ਕੇਸ ਦੇ ਬਾਕੀ ਮੁਲਜ਼ਮਾਂ ਕਿਰਪਾਲ ਸਿੰਘ, ਅਵਤਾਰ ਸਿੰਘ, ਸੁਖਵੰਤ ਸਿੰਘ ਉਰਫ ਸੁੱਖਾ, ਜਗਦੀਸ਼ ਸਿੰਘ, ਕੁਲਵੰਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ । ਪੁਲਸ ਸਟੇਸ਼ਨ ਅਰਬਨ ਅਸਟੇਟ ਪਟਿਆਲਾ ਵਿਚ ਦਰਜ ਐੱਫ. ਆਈ. ਆਰ. ਨੰਬਰ 50 ਵਿਚ ਪਲਵਿੰਦਰ ਸਿੰਘ, ਰਾਜਿੰਦਰ ਸਿੰਘ, ਦਿਲਬਾਗ ਸਿੰਘ, ਮੁਕੇਸ਼ ਕੁਮਾਰ, ਜਗਦੀਸ਼ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਸਾਲ 11 ਨਵੰਬਰ ਸਾਲ 2013 'ਚ 6 ਹਜ਼ਾਰ ਕਰੋੜ ਰੁਪਏ ਦਾ ਕੌਮਾਂਤਰੀ ਡਰੱਗ ਰੈਕੇਟ ਦਾ ਇਹ ਵੱਡਾ ਮਾਮਲਾ ਸਾਹਮਣੇ ਆਇਆ ਸੀ। ਇਸ ਕੇਸ 'ਚ ਬਰਖਾਸਤ ਡੀ. ਐੱਸ. ਪੀ. ਜਗਦੀਸ਼ ਭੋਲਾ ਸੀ ਅਤੇ 50 ਦੇ ਕਰੀਬ ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ। ਪੰਜਾਬ ਪੁਲਸ ਵੱਲੋਂ ਕਰੀਬ 29 ਕਿਲੋ ਦੀ ਹੈਰੋਇਨ ਵੀ ਬਰਾਮਦ ਕੀਤੀ ਗਈ ਸੀ। ਜਗਦੀਸ਼ ਭੋਲਾ ਡਰੱਗਜ਼ ਕੇਸ 'ਚ ਸਭ ਤੋਂ ਵਿਵਾਦਤ ਨਾਂ ਜਗਦੀਸ਼ ਭੋਲਾ ਦਾ ਹੀ ਹੈ। ਭੋਲਾ ਨੇ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ 'ਚ ਅਕਾਲੀ ਲੀਡਰ ਬਿਕਰਮ ਮਜੀਠੀਆ ਦਾ ਨਾਂ ਲਿਆ ਸੀ ਪਰ ਤੱਤਕਾਲੀ ਸਰਕਾਰ ਨੇ ਮਜੀਠੀਆ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਅਤੇ ਹੁਣ ਕੈਪਟਨ ਸਰਕਾਰ ਸਮੇਂ ਵੀ ਇਹ ਠੰਢੇ ਬਸਤੇ 'ਚ ਹੀ ਰਿਹਾ। ਇਸ ਕੇਸ 'ਚ ਸ਼ਾਮਲ ਦੋਸ਼ੀਆਂ ਨੂੰ ਸੁਰੱਖਿਆ ਹੇਠ ਮੋਹਾਲੀ ਦੀ ਵਿਸ਼ੇਸ਼ ਸੀ. ਬੀ. ਆਈ. ਕੋਰਟ 'ਚ ਪੇਸ਼ ਕੀਤਾ ਗਿਆ।


shivani attri

Content Editor

Related News