ਮਾਮਲਾ ਭੋਗਪੁਰ ਖੰਡ ਮਿੱਲ ’ਚ ਲੱਗੀ ਅੱਗ ਦਾ, ਗੰਨਾ ਕਿਸਾਨਾਂ ਦੀ ਵਧੀ ਚਿੰਤਾ

08/02/2022 1:44:31 PM

ਭੋਗਪੁਰ (ਸੂਰੀ) : ਪੰਜਾਬ ਦੇ ਦੋਆਬਾ ਖੇਤਰ ਦੀ ਇੱਕੋ-ਇੱਕ ਸਹਿਕਾਰੀ ਖੰਡ ਮਿੱਲ ਭੋਗਪੁਰ ਵਿਚ ਪੰਦਰਾਂ ਦਿਨ ਪਹਿਲਾਂ ਲੱਗੀ ਅੱਗ ਕਾਰਨ ਦਸ ਕਰੋੜ ਰੁਪਏ ਦੇ ਕਰੀਬ ਹੋਏ ਨੁਕਸਾਨ ਤੋਂ ਬਾਅਦ ਆਉਂਦੇ ਗੰਨਾ ਪਿੜਾਈ ਸੀਜ਼ਨ ਵਿਚ ਮਿੱਲ ਦੇ ਚੱਲਣ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੰਦਰਾਂ ਦਿਨ ਪਹਿਲਾਂ ਅਚਾਨਕ ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਵਿਚ ਬਿਜਲੀ ਬਣਾਉਣ ਲਈ ਲਗਾਏ ਗਏ ਪਲਾਂਟ ਦੀ ਟਰਬਾਈਨ ਜੋ ਕਿ ਮਿਲ ਪਲਾਂਟ ਦੀ ਤੀਸਰੀ ਮੰਜ਼ਿਲ ’ਤੇ ਸੀ ਵਿਚ ਅਚਾਨਕ ਧਮਾਕਾ ਹੋ ਗਿਆ ਸੀ ਜਿਸ ਕਾਰਨ ਵੱਡੇ ਪੱਧਰ ’ਤੇ ਮਿੱਲ ਦੇ ਹਿੱਸੇ ਸੜ ਗਏ ਸਨ ਅਤੇ ਇਸ ਨਾਲ ਮਿਲ ਦੇ ਬਿਜਲੀ ਸਿਸਟਮ ਨੂੰ ਭਾਰੀ ਨੁਕਸਾਨ ਪੁੱਜਾ ਸੀ। ਦੱਸਿਆ ਜਾ ਰਿਹਾ ਹੈ ਕਿ ਟਰਬਾਈਨ ਵਿਚ ਧਮਾਕੇ ਤੋਂ ਬਾਅਦ ਲੱਗੀ ਅੱਗ ਕਾਰਨ ਮਿੱਲ ਵਿਚ ਕੁੱਲ ਦਸ ਕਰੋੜ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ। ਹਾਲਾਂਕਿ ਮਿੱਲ ਪ੍ਰਸ਼ਾਸਨ ਵੱਲੋਂ ਮਿੱਲ ਪਲਾਂਟ ਨੂੰ ਪੂਰੀ ਤਰ੍ਹਾਂ ਬੀਮਾ ਕਵਰ ਹੇਠ ਹੋਣ ਦਾ ਦਾਅਵਾ ਕਰਦਿਆਂ ਮਿੱਲ ਵਿੱਚ ਹੋਏ ਦੀ ਨੁਕਸਾਨ ਦੀ ਭਰਪਾਈ ਬੀਮਾ ਕੰਪਨੀ ਵੱਲੋਂ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।  

ਗੰਨਾ ਕਿਸਾਨ ਚਿੰਤਾ ਦੇ ਆਲਮ ਵਿਚ, 27 ਹਜ਼ਾਰ ਏਕੜ ਰਕਬਾ ਗੰਨੇ ਦੀ ਫ਼ਸਲ ਹੇਠ

ਭੋਗਪੁਰ ਖੰਡ ਮਿੱਲ ਨਾਲ ਸਬੰਧਤ ਇਲਾਕਿਆਂ ਵਿਚ 27 ਹਜ਼ਾਰ ਏਕੜ ਦੇ ਕਰੀਬ ਅਨੁਮਾਨਤ ਰਕਬਾ ਗੰਨੇ ਦੀ ਫਸਲ ਹੇਠ ਹੈ। ਸਹਿਕਾਰੀ ਖੰਡ ਮਿੱਲ ਭੋਗਪੁਰ ਵੱਲੋਂ ਇਸ 40 ਲੱਖ ਕੁਇੰਟਲ ਦੇ ਕਰੀਬ ਗੰਨਾ ਬਾਂਡ ਕੀਤਾ ਜਾ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਗੰਨੇ ਦੀ ਫਸਲ ਨੂੰ ਲੈ ਕੇ ਮਿੱਲ ਵਿਚ ਹੋਏ ਹਾਦਸੇ ਤੋਂ ਬਾਅਦ ਗੰਨੇ ਦੀ ਫਸਲ ਨੂੰ ਲੈ ਕੇ ਚਿੰਤਾ ਦੇ ਆਲਮ ਵਿਚ ਹਨ। 

ਫਗਵਾੜਾ ਅਤੇ ਭੋਗਪੁਰ ਖੰਡ ਮਿੱਲਾਂ ਵੱਲ ਕਿਸਾਨਾਂ ਦਾ ਕਰੋੜਾਂ ਰੁਪਏ ਬਕਾਇਆ

ਦੋਆਬਾ ਖੇਤਰ ਦੇ ਕਿਸਾਨਾਂ ਵੱਲੋਂ ਫਗਵਾੜਾ ਅਤੇ ਭੋਗਪੁਰ ਖੰਡ ਮਿੱਲਾਂ ਨੂੰ ਸਪਲਾਈ ਕੀਤੇ ਗਏ ਗੰਨੇ ਦੀਆਂ ਕਰੋੜਾਂ ਰੁਪਏ ਦੀਆਂ ਰਕਮਾਂ ਬਕਾਇਆ ਹਨ। ਸਰਕਾਰ ਵੱਲੋਂ ਜਾਰੀ ਕੀਤੇ ਗਾਏ ਪੈਸੇ ਨਾਲ ਭੋਗਪੁਰ ਮਿਲ ਵੱਲੋਂ ਵੱਡੀਆਂ ਰਕਮਾਂ ਦਾ ਭੁਗਤਾਨ ਕਿਸਾਨਾਂ ਨੂੰ ਕੀਤਾ ਗਿਆ ਹੈ ਪਰ ਮਿੱਲ ਵੱਲ ਹਾਲੇ ਵੀ ਕਿਸਾਨਾਂ ਦੇ ਕਰੋੜਾਂ ਰੁਪਏ ਬਾਕੀ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਫਗਵਾੜਾ ਖੰਡ ਮਿੱਲ ਵੱਲ ਕਿਸਾਨਾਂ ਦਾ 72 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ।

ਰਿਪੇਅਰ ਲਈ ਬੰਗਲੁਰੂ ਜਾਵੇਗੀ ਟਰਬਾਈਨ

ਖੰਡ ਮਿਲ ਵਿਚ ਹਾਦਸੇ ਕਾਰਨ ਨੁਕਸਾਨੀ ਗਈ ਟਰਬਾਈਨ ਬੰਗਲੁਰੂ ਭੇਜੇ ਜਾਣ ਲਈ ਮਿਲ ਪ੍ਰਸ਼ਾਸਨ ਵੱਲੋਂ ਟਰਬਾਈਨ ਨੂੰ ਖੋਹਲੇ ਜਾਣ ਦਾ ਕੰਮ ਚੱਲ ਰਿਹਾ ਹੈ। ਟਰਬਾਈਨ ਨੂੰ ਟਰਾਂਸਪੋਰਟ ਰਾਹੀਂ ਭੋਗਪੁਰ ਤੋਂ ਬੰਗਲੁਰੂ ਪੁੱਜਣ ਲਈ 26 ਦਿਨ ਦੇ ਕਰੀਬ ਸਮਾਂ ਲੱਗਣ ਦੀ ਉਮੀਦ ਹੈ ਅਤੇ ਇੰਨਾ ਹੀ ਸਮਾਂ ਵਾਪਸੀ ਲਈ ਲੱਗੇਗਾ। ਟਰਬਾਈਨ ਦੀ ਰਿਪੇਅਰ ਲਈ ਵੀ ਕਾਫੀ ਸਮਾਂ ਲੱਗੇਗਾ। ਟਰਬਾਈਨ ਠੀਕ ਹੋ ਕੇ ਆ ਜਾਣ ਤੋਂ ਬਾਅਦ ਉਸ ਨੂੰ ਫਿੱਟ ਕਰਨ ਲਈ ਵੀ ਸਮਾਂ ਲੱਗੇਗਾ।  

ਸਹਿਕਾਰਤਾ ਮੰਤਰੀ ਅਤੇ ਸ਼ੂਗਰਫੇੱਡ ਅੱਗੇ ਉਠਾ ਚੁੱਕੇ ਹਾਂ ਮਿੱਲ ਦਾ ਹਾਦਸਾ : ਮੱਲੀ ਨੰਗਲ 

ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਨੇ ਕਿਹਾ ਹੈ ਕਿ ਭੋਗਪੁਰ ਖੰਡ ਮਿੱਲ ਵਿਚ ਹੋਏ ਹਾਦਸੇ ਦਾ ਮਾਮਲੇ ਉਨ੍ਹਾਂ ਵੱਲੋਂ ਇਕ ਮੀਟਿੰਗ ਵਿਚ ਸਹਿਕਾਰਤਾ ਮੰਤਰੀ ਅਤੇ ਸ਼ੂਗਰਫੈੱਡ ਅੱਗੇ ਉਠਾਇਆ ਜਾ ਚੁੱਕਾ ਹੈ। ਸਾਡੀ ਕਮੇਟੀ ਹਰ ਤਰ੍ਹਾਂ ਕਿਸਾਨਾਂ ਨਾਲ ਖੜ੍ਹੀ ਹੈ। ਸਰਕਾਰ ਵੱਲੋਂ ਭੋਗਪੁਰ ਖੰਡ ਮਿਲ ਨੂੰ ਗੰਨਾ ਸੀਜ਼ਨ ਤੋਂ ਪਹਿਲਾਂ ਚਾਲੂ ਕਰ ਦਿੱਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ।

ਆਉਂਦੇ ਗੰਨਾ ਸੀਜਨ ਲਈ ਖੰਡ ਮਿਲ ਆਪਣੇ ਸਮੇਂ ’ਤੇ ਚਲਾ ਦਿੱਤੀ ਜਾਵੇਗੀ : ਅਰੋੜਾ

ਭੋਗਪੁਰ ਖੰਡ ਮਿਲ ਦੇ ਮੁੱਖ ਪ੍ਰਬੰਧਕ ਅਰੁਣ ਕੁਮਾਰ ਅਰੋੜਾ ਨੇ ਦੱਸਿਆ ਹੈ ਕਿ 15 ਦਿਨ ਪਹਿਲਾਂ ਵਾਪਰੇ ਹਾਦਸੇ ਤੋਂ ਬਾਅਦ ਮਿਲ ਵਿਚ ਰਿਪੇਅਰ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਆਉਂਦੇ ਗੰਨਾ ਸੀਜਨ ਲਈ ਖੰਡ ਮਿਲ ਆਪਣੇ ਸਹੀ ਸਮੇਂ ’ਤੇ ਚਲਾ ਦਿੱਤੀ ਜਾਵੇਗੀ।


Gurminder Singh

Content Editor

Related News