ਏ.ਐੱਸ.ਪੀ. ਨੇ ਕਰਫਿਊ ਦੀ ਲੰਘਣਾ ਕਰਨ ਵਾਲਿਆਂ ਖਿਲਾਫ ਕੱਸਿਆ ਸ਼ਿਕੰਜਾ

Tuesday, Mar 31, 2020 - 09:14 AM (IST)

ਏ.ਐੱਸ.ਪੀ. ਨੇ ਕਰਫਿਊ ਦੀ ਲੰਘਣਾ ਕਰਨ ਵਾਲਿਆਂ ਖਿਲਾਫ ਕੱਸਿਆ ਸ਼ਿਕੰਜਾ

ਭੋਗਪੁਰ (ਰਾਜੇਸ਼ ਸੂਰੀ)- ਪੰਜਾਬ ਵਿਚ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੌਰਾਨ ਲੋਕਾਂ ਵਲੋਂ ਕਰਫਿਊ ਤੋੜੇ ਜਾਣ ਦੀ ਆ ਰਹੀਆਂ ਸ਼ਿਕਾਇਤਾਂ ਦੇ ਚਲਦਿਆਂ ਭੋਗਪੁਰ ਵਿਚ ਸਬ ਡਵੀਜ਼ਨ ਆਦਮਪੁਰ ਦੇ ਏ.ਐੱਸ.ਪੀ. ਡਾ. ਅੰਕੁਰ ਗੁਪਤਾ ਦੀ ਅਗਵਾਈ ਹੇਠ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਥਾਣਾ ਭੋਗਪੁਰ ਦੇ ਐੱਸ.ਐੱਚ.ਓ. ਜਰਨੈਲ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਜਲੰਧਰ ਜੰਮੂ ਕੌਮੀ ਸ਼ਾਹ ਮਾਰਗ ਤੇ ਭੋਗਪੁਰ ਸਥਿਤ ਆਦਮਪੁਰ ਟੀ ਪਵਾਇੰਟ ਵਿਚ ਨਾਕਾਬੰਦੀ ਕਰਕੇ ਵੱਡੇ ਪੱਧਰ ’ਤੇ ਚਲਾਨ ਕੀਤੇ। ਇਸ ਨਾਕਾਬੰਦੀ ਦੌਰਾਨ ਸ਼੍ਰੀ ਗੁਪਤਾ ਵਲੋਂ ਕਰਫਿਊ ਦੌਰਾਨ ਦੋਪਈਆ ਅਤੇ ਕਾਰਾਂ ਆਦਿ ਵਿਚ ਘੁੰਮ ਰਹੇ ਲੋਕਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ। ਘਰੋਂ ਬਾਹਰ ਨਿਕਲਣ ਦਾ ਕੋਈ ਯੋਗ ਕਾਰਨ ਨਾ ਦੱਸ ਸਕਣ ਵਾਲੇ ਲੋਕਾਂ ਨੂੰ ਪੁਲਸ ਵਲੋਂ ਕਾਬੂ ਕਰਕੇ ਥਾਣੇ ਲਿਜਾਇਆ ਗਿਆ ਹੈ।

ਜਗ ਬਾਣੀ ਨਾਲ ਗੱਲ ਕਰਦਿਆਂ ਏ.ਐੱਸ.ਪੀ. ਡਾ. ਅੰਕੁਰ ਗੁਪਤਾ ਨੇ ਦੱਸਿਆ ਹੈ ਕਿ ਭੋਗਪੁਰ ’ਚ ਕਰਫਿਊ ਉਲੰਘਣਾ ਕਰਨ ਵਾਲਿਆਂ ਖਿਲਾਫ ਭੋਗਪੁਰ ਪੁਲਸ ਵਲੋਂ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਭੋਗਪੁਰ ਦੇ ਇਲਾਕੇ ਵਿਚ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਰਾਹੁਲ ਮਿਗਲਾਨੀ ਪੁੱਤਰ ਜਗਦੀਸ਼ ਕੁਮਾਰ ਵਾਸੀ ਚੱਕ ਝੰਡੂ, ਜੋ ਬਿਨਪਾਲਕੇ ਵਿਚ ਮੈਡੀਕਲ ਸਟੋਰ ਚਲਾਉਂਦਾ ਹੈ ਖਿਲਾਫ ਕਰਫਿਊ ਦੌਰਾਨ ਦੁਕਾਨ ਖ੍ਹੋਲ ਕੇ ਦਵਾਇਆਂ ਵੇਚੇ ਜਾਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਚੌਂਕੀ ਪਚਰੰਗਾ ਦੇ ਇੰਚਾਰਜ ਵਲੋਂ ਗਸ਼ਤ ਦੌਰਾਨ ਇਕ ਮੋਟਰਸਾਇਕਲ ਸਵਾਰ ਦੋ ਨੌਜ਼ਵਾਨਾਂ ਰੋਹਿਤ ਪੁੱਤਰ ਪਰਸ਼ੋਤਮ ਲਾਲ ਅਤੇ ਮੁਨੀਸ਼ ਕੁਮਾਰ ਕਾਲੀ ਪੁੱਤਰ ਹਰਭਜਨ ਲਾਲ (ਦੋਨੋਂ ਨੌਜ਼ਵਾਨ) ਵਾਸੀ ਬਾਦੋਵਾਲ ਥਾਣਾ ਬੁਲੋਵਾਲ ਹੁਸ਼ਿਆਰਪੁਰ ਖਿਲਾਫ ਕਰਫਿਊ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਿੰਡ ਬੜਚੂਹੀ ਵਾਸੀ ਨੌਜ਼ਵਾਨ ਪਤੀਰ ਸਿੰਘ ਪੁੱਤਰ ਗੁਰਮੀਤ ਸਿੰਘ ਖਿਲਾਫ ਕਰਫਿਊ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਹੈ ਕਿ ਪੁਲਸ ਵਲੋਂ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰੋਂ ਤੋਂ ਬਾਹਰ ਨਾ ਨਿਕਲਣ।


author

rajwinder kaur

Content Editor

Related News