ਭੀਮ ਕਤਲ ਕਾਂਡ: ਐਡੀਸ਼ਨਲ ਐਡਵੋਕੇਟ ਸੁਰਿੰਦਰਪਾਲ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਵਜੋਂ ਨਿਯੁਕਤ

07/12/2019 12:02:58 PM

ਅਬੋਹਰ (ਸੁਨੀਲ) : ਭੀਮ ਕਤਲ ਕਾਂਡ ਮੌਕੇ ਗੰਭੀਰ ਰੂਪ ਨਾਲ ਫੱਟੜ ਗੁਰਜੰਟ ਸਿੰਘ ਜੰਟਾ ਦੇ ਮਾਮਲੇ ਦਾ ਨੋਟਸ ਲੈਂਦੇ ਹੋਏ ਪੰਜਾਬ ਸਰਕਾਰ ਨੇ ਐਡੀਸ਼ਨਲ ਐਡਵੋਕੇਟ ਜਨਰਲ ਸੁਰਿੰਦਰ ਪਾਲ ਸਿੰਘ ਤਿੰਨਾ ਨੂੰ ਦਲਿਤ ਨੌਜਵਾਨ ਨੂੰ ਇਨਸਾਫ ਦਿਵਾਉਣ ਲਈ ਮੁਕਦਮੇ ਦੀ ਪੈਰਵੀ ਕਰਨ ਲਈ ਨਿਯੁਕਤ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਬਹਾਵਵਾਲਾ ਦੀ ਪੁਲਸ ਨੇ ਮੁਕਦਮਾ ਨੰ. 120, 12-12-2015 ਆਈ.ਪੀ.ਸੀ. ਦੀ ਧਾਰਾ 302, 307, 323, 326, 148, 149, 201, 115, 120ਬੀ ਅਤੇ ਐੱਸ.ਸੀ./ਐੱਸ.ਟੀ. ਐਕਟ ਦੀ ਧਾਰਾ-3 (2) ਰਾਜ ਬਨਾਮ ਹਰਪ੍ਰੀਤ ਸਿੰਘ ਊਰਫ ਹੈਰੀ ਅਤੇ ਆਰ.ਪੀ.ਸੀ. ਦੀ ਧਾਰਾ-24 (8) ਦੇ ਕੇਸ 'ਚ ਨਿਯੁਕਤੀ ਕੀਤੀ ਗਈ ਹੈ। ਵਰਣਨਯੋਗ ਹੈ ਕਿ ਸ਼ਰਾਬ ਵਪਾਰੀ ਸ਼ਿਵ ਲਾਲ ਡੋਡਾ ਤੇ ਉਸ ਦੇ ਭਤੀਜੇ ਅਮਿਤ ਡੋਡਾ ਅਤੇ ਹੋਰ 24 ਲੋਕਾਂ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਸੀ। 

ਘਟਨਾਕ੍ਰਮ ਅਨੁਸਾਰ ਸ਼ਿਵ ਲਾਲ ਡੋਡਾ ਦੇ ਪਿੰਡ ਰਾਮਸਰਾ ਦੇ ਨੇੜੇ ਫਾਰਮ ਹਾਊਸ 'ਚ ਦਲਿਤ ਨੌਜਵਾਨ ਭੀਮ ਦੀ ਹੱਤਿਆ ਤੇ ਉਸਦੇ ਸਾਥੀ ਗੁਰਜੰਟ ਸਿੰਘ ਜੰਟਾ ਨੂੰ ਗੰਭੀਰ ਰੂਪ ਨਾਲ ਫੱਟੜ ਕੀਤਾ ਗਿਆ ਸੀ। ਦਲਿਤ ਨੌਜਵਾਨ ਭੀਮ ਦੇ ਹੱਥ ਪੈਰ ਕੱਟ ਦਿੱਤੇ ਗਏ ਸੀ ਅਤੇ ਗੁਰਜੰਟ ਸਿੰਘ ਜੰਟਾ ਦੇ ਵੀ ਹੱਥਾਂ ਅਤੇ ਲੱਤਾਂ 'ਤੇ ਹਮਲੇ ਕੀਤੇ ਗਏ ਸੀ। ਪੁਲਸ ਨੇ ਸ਼ਿਵ ਲਾਲ ਡੋਡਾ ਤੇ ਉਸ ਦੇ ਭਤੀਜੇ ਅਮਿਤ ਡੋਡਾ ਨੂੰ ਸਾਜਿਸ਼ਕਰਤਾ ਦੇ ਰੂਪ 'ਚ ਸ਼ਾਮਲ ਕੀਤਾ। ਮੁਲਜ਼ਮ ਸ਼ਿਵ ਲਾਲ ਡੋਡਾ ਤੇ ਅਮਿਤ ਡੋਡਾ ਨੇ ਆਪਣੀ ਜਮਾਨਤ ਕਰਾਉਣ ਲਈ ਪੰਜਾਬ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਚ ਕਈ ਵਾਰ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਪਰ ਅਦਾਲਤਾਂ ਨੇ ਇਸ ਕਤਲ ਕਾਂਡ 'ਚ ਸਾਜਿਸ਼ਕਰਤਾਵਾਂ ਸ਼ਿਵ ਲਾਲ ਡੋਡਾ ਤੇ ਅਮਿਤ ਡੋਡਾ ਦੀ ਜਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਕੁਝ ਸਮੇਂ ਪਹਿਲਾਂ ਸੁਪਰੀਮ ਕੋਰਟ 'ਚ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਜ਼ਿਲਾ ਅਤੇ ਸੈਸ਼ਨ ਜੱਜ ਫਾਜ਼ਿਲਕਾ ਨੂੰ ਇਹ ਮਾਮਲਾ ਅਗਸਤ ਮਹੀਨੇ ਤੱਕ ਨਿਪਟਾਉਣ ਦੇ ਆਦੇਸ਼ ਦਿੱਤੇ ਸੀ। ਤਾਜਾ ਘਟਨਾਕ੍ਰਮ ਅਨੁਸਾਰ ਜ਼ਿਲਾ ਸੈਸ਼ਨ ਜੱਜ ਹਰ ਰੋਜ ਇਸ ਮਾਮਲੇ ਦੀ ਸੁਣਵਾਈ ਕਰ ਰਿਹਾ ਹੈ। ਇਸ ਮਾਮਲੇ 'ਚ ਹੁਣ ਦੋਸ਼ੀਆਂ ਗਵਾਹਾਂ ਵਲੋਂ ਦਿੱਤੇ ਗਏ ਬਿਆਨਾਂ 'ਤੇ ਬਹਿਸ ਜਾਰੀ ਹੈ, ਜਿਸ ਦੇ ਆਧਾਰ 'ਤੇ ਨੋਟਸ ਲੈਂਦੇ ਹੋਏ ਪੰਜਾਬ ਸਰਕਾਰ ਨੇ ਐਡੀਸ਼ਨਲ ਐਡਵੋਕੇਟ ਜਨਰਲ ਸੁਰਿੰਦਰਪਾਲ ਸਿੰਘ ਤਿੰਨਾ ਦੀ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਦੇ ਤੌਰ 'ਤੇ ਨਿਯੁਕਤੀ ਕੀਤੀ ਹੈ। ਹੁਣ ਸੁਰਿੰਦਰਪਾਲ ਸਿੰਘ ਤਿੰਨਾ ਇਸ ਸਾਰੇ ਮਾਮਲੇ 'ਚ ਸਰਕਾਰ ਵਲੋਂ ਬਹਿਸ ਕਰਣਗੇ।


rajwinder kaur

Content Editor

Related News