ਆਮ ਆਦਮੀ ਪਾਰਟੀ 'ਚ ਫੁੱਟ ਪਾਉਣ ਵਾਲਾ ਖਹਿਰਾ : ਭਗਵੰਤ ਮਾਨ

01/12/2019 5:20:48 PM

ਭਵਾਨੀਗੜ੍ਹ(ਵਿਕਾਸ/ਕਾਂਸਲ)— 20 ਜਨਵਰੀ ਨੂੰ ਬਰਨਾਲਾ ਵਿਖੇ ਆਮ ਆਦਮੀ ਪਾਰਟੀ ਦੀ ਹੋਣ ਜਾ ਰਹੀ ਰੈਲੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪਿੰਡ ਰੇਤਗੜ੍ਹ ਵਿਖੇ ਪਹੁੰਚੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ। ਉਨ੍ਹਾਂ ਦੱਸਿਆ ਕਿ ਰੈਲੀ ਵਿਚ 'ਆਪ' ਦੇ ਸੰਯੋਜਕ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਵੱਲੋਂ ਗਠਿਤ ਕੀਤੀ ਨਵੀਂ ਪਾਰਟੀ ਬਾਰੇ ਮਾਨ ਨੇ ਕਿਹਾ ਕਿ ਬੜੀ ਹਾਸੋ-ਹੀਣੀ ਗੱਲ ਹੈ ਕਿ ਸਾਡੀ ਪਾਰਟੀ 'ਚ ਫੁੱਟ ਪਾਉਣ ਵਾਲਾ ਬੰਦਾ ਆਪਣੀ ਪਾਰਟੀ ਦਾ ਨਾਂ 'ਪੰਜਾਬੀ ਏਕਤਾ' ਰੱਖ ਕੇ ਬੈਠ ਗਿਆ।

ਇਸ ਦੌਰਾਨ ਭਗਵੰਤ ਮਾਨ ਨੇ ਕਾਂਗਰਸ ਤੇ ਅਕਾਲੀਆਂ ਦਰਮਿਆਨ ਅੰਦਰਖਾਤੇ ਸਮਝੌਤਾ ਹੋਣ ਦੀ ਗੱਲ ਆਖੀ ਹੈ। ਕਿਉਂਕਿ ਬਾਦਲਾਂ ਦੀਆਂ ਔਰਬਿਟ ਬੱਸਾਂ 'ਤੇ ਕਾਰਵਾਈ ਕਰਨ ਦੀਆਂ ਗੱਲਾਂ ਕਰਨ ਵਾਲੇ ਕੈਪਟਨ ਦੇ ਰਾਜ ਵਿਚ ਬਾਦਲਾਂ ਦੇ ਕਾਰੋਬਾਰ ਵਿਚ ਵਾਧਾ ਹੀ ਹੋਇਆ ਹੈ। ਮਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੰਟਰਨੈਸ਼ਨਲ ਗੱਪੀ ਅਤੇ ਸੁਖਬੀਰ ਬਾਦਲ ਨੂੰ ਸੂਬੇ ਦਾ ਸਭ ਤੋਂ ਵੱਡਾ ਗੱਪੀ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੇ ਦੇਸ਼ ਅਤੇ ਸੂਬੇ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਸਬੰਧੀ ਰੱਖੀ ਮੀਟਿੰਗ ਸਬੰਧੀ ਬੋਲਦਿਆਂ ਕਿਹਾ ਕਿ ਇਸ ਧਾਰਮਿਕ ਮਸਲੇ 'ਤੇ ਕਿਸੇ ਨੂੰ ਵੀ ਸਿਆਸਤ ਨਹੀਂ ਕਰਨੀ ਚਾਹੀਦੀ। ਮਾਨ ਨੇ ਲੋਕਾਂ ਨੂੰ ਬਰਨਾਲਾ ਰੈਲੀ ਵਿਚ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ।


cherry

Content Editor

Related News