ਵਿਦੇਸ਼ ਭੇਜਣ ਦੇ ਨਾਂ ''ਤੇ ਮਾਰੀ ਲੱਖਾਂ ਦੀ ਠੱਗੀ, ਨੌਜਵਾਨ ਨੇ ਨਿਗਲਿਆ ਜ਼ਹਿਰ
Tuesday, Sep 10, 2019 - 12:56 PM (IST)

ਭਵਾਨੀਗੜ੍ਹ (ਕਾਂਸਲ, ਵਿਕਾਸ) : ਵਿਦੇਸ਼ ਭੇਜਣ ਦੇ ਨਾਂ 'ਤੇ 4 ਲੱਖ 70 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਪੁਲਸ ਵੱਲੋਂ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਹਰਮੇਲ ਸਿੰਘ ਵਾਸੀ ਫ਼ਤਿਹਗੜ੍ਹ ਭਾਦਸੋਂ ਥਾਣਾ ਭਵਾਨੀਗੜ੍ਹ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਲੜਕੇ ਸਤਨਾਮ ਸਿੰਘ ਨੂੰ ਪੁਰਤਗਾਲ ਭੇਜਣ ਲਈ ਦਲਜੀਤ ਸਿੰਘ ਵਾਸੀ ਹੀਰ ਬਾਗ ਪਟਿਆਲਾ ਨੇ ਉਸ ਕੋਲੋਂ 4 ਲੱਖ 70 ਹਜ਼ਾਰ ਰੁਪਏ ਲਏ ਸੀ ਤੇ ਉਸ ਦਾ ਲੜਕਾ ਬੀਤੀ 10 ਅਗਸਤ ਨੂੰ ਦਿੱਲੀ ਏਅਰਪੋਰਟ ਤੋਂ ਦੁਬਈ ਚਲਾ ਗਿਆ, ਜਿੱਥੋਂ ਅੱਗੇ ਉਸ ਨੇ ਪੁਰਤਗਾਲ ਜਾਣਾ ਸੀ, ਪਰ ਉਸ ਨੂੰ ਦੁਬਈ ਏਅਰਪੋਰਟ ਤੋਂ ਵਾਪਸ ਦਿੱਲੀ ਭੇਜ ਦਿੱਤਾ ਗਿਆ। ਇਸ 'ਤੇ ਜਦੋਂ ਦਲਜੀਤ ਸਿੰਘ ਪਾਸੋਂ ਪੈਸੇ ਵਾਪਸ ਮੰਗੇ ਗਏ ਤਾਂ ਉਹ ਮਾੜਾ ਚੰਗਾ ਬੋਲਣ ਲੱਗ ਪਿਆ, ਜਿਸ ਕਾਰਨ ਸਤਨਾਮ ਸਿੰਘ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਿਆ। ਇਸੇ ਪਰੇਸ਼ਾਨੀ ਦੇ ਚੱਲਦੇ ਉਸ ਨੇ ਬੀਤੇ ਦਿਨੀਂ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜੋ ਕਿ ਹੁਣ ਗੰਭੀਰ ਹਾਲਤ ਵਿਚ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਜ਼ੇਰੇ ਇਲਾਜ ਹੈ। ਪੁਲਸ ਨੇ ਹਰਮੇਲ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਦਲਜੀਤ ਸਿੰਘ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।