ਟੁੱਟੀਆਂ ਸਡ਼ਕਾਂ ਤੇ ਸੀਵਰੇਜ ਦੀ ਸਮੱਸਿਆ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ
Thursday, Apr 04, 2019 - 04:09 AM (IST)
ਬਠਿੰਡਾ (ਬਾਂਸਲ)-ਸ਼ਹਿਰ ’ਚ ਪਾਇਆ ਗਿਆ ਸੀਵਰੇਜ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਸ਼ਹਿਰ ’ਚ ਸਡ਼ਕਾਂ ’ਤੇ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਗੰਦਗੀ ਪੈਦਾ ਕਰ ਦਿੰਦਾ ਹੈ। ਉੱਥੇ ਹੀ ਸਡ਼ਕਾਂ ਨੂੰ ਥਾਂ-ਥਾਂ ਤੋਂ ਤੋਡ਼ ਦਿੰਦਾ ਹੈ। ਸ਼ਹਿਰ ’ਚ ਅਨੇਕਾਂ ਅਜਿਹੀਆਂ ਗਲੀਆਂ ਹਨ ਜਿੱਥੇ ਸੀਵਰੇਜ ਦਾ ਪਾਣੀ ਸਡ਼ਕਾਂ ’ਤੇ ਵਗ ਰਿਹਾ ਹੈ। ਇਸੇ ਤਰ੍ਹਾਂ ਦਿਆਲਪੁਰਾ ਰੋਡ ’ਤੇ ਲੰਮੇ ਸਮੇਂ ਤੋਂ ਹੋ ਰਹੀ ਸੀਵਰੇਜ ਦੀ ਲੀਕੇਜ ਨੇ ਉੱਥੋ ਦੇ ਵਸਨੀਕਾਂ ਅਤੇ ਰਹਗੀਰਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਸ਼ਹਿਰ ਦਾ ਵਿਕਾਸ ਪੱਖੋਂ ਬੁਰਾ ਹਾਲ ਹੋਇਆ ਪਿਆ ਹੈ। ਜਾਖਲ ਬੁਢਲਾਡਾ ਰੋਡ ’ਤੇ ਜਾਣ ਲਈ ਇਹੋ ਰਸਤਾ ਹੀ ਥੋਡ਼੍ਹਾ ਜਿਹਾ ਸਾਫ ਦਿਖਾਈ ਦਿੰਦਾ ਸੀ ਪਰ ਵਿਭਾਗ ਦੀ ਨਾਲਾਇਕੀ ਕਾਰਨ ਸੀਵਰੇਜ ਦੇ ਓਵਰਫਲੋ ਹੋਣ ਕਾਰਨ ਇਸ ਸਡ਼ਕ ਤੋਂ ਵੀ ਹੁਣ ਲੋਕਾਂ ਨੂੰ ਲੰਘਣ ਲਈ ਨੱਕ ’ਤੇ ਰੁਮਾਲ ਰੱਖਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੀਆਂ ਸਡ਼ਕਾਂ ਨੂੰ ਬਣਾਉਣ ਲਈ ਮੌਜੂਦਾ ਸਰਕਾਰ ਦੇ ਕੁਝ ਸਿਆਸੀ ਆਗੂਆਂ ਵਲੋਂ ਟੱਕ ਲਾ ਕੇ ਖੂਬ ਸੁਰਖੀਆਂ ਬਟੋਰੀਆਂ ਸਨ, ਜਿਸਦਾ ਅਜੇ ਤੱਕ ਕੋਈ ਸਾਰਥਿਕ ਨਤੀਜਾ ਨਹੀਂ ਨਿਕਲਿਆ। ਇਸ ਗੱਲ ਦਾ ਹਾਲੇ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਥਾਂ-ਥਾਂ ਤੋਂ ਟੁੱਟੀਆਂ ਸਡ਼ਕਾਂ ਅਤੇ ਹੋਏ ਓਵਰਫਲੋ ਸੀਵਰੇਜ ਤੋਂ ਲੋਕਾਂ ਨੂੰ ਕਦੋਂ ਰਾਹਤ ਮਿਲੇਗੀ। ਇਸ ਬਾਰੇ ਜਦੋਂ ਵਿਭਾਗ ਦੇ ਜੇ. ਈ. ਰਮਨੀਕ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਹਰ ਵਾਰ ਦੀ ਤਰ੍ਹਾਂ ਕਿਹਾ ਕਿ ਇਕ ਹਫਤੇ ਦੇ ਅੰਦਰ-ਅੰਦਰ ਇਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ।
