ਕੂੜੇ ਦਾ ਡੰਪ ਚਕਾਉਣ ਲਈ ਧਰਨਾ 7ਵੇਂ ਦਿਨ ਵੀ ਜਾਰੀ, ਵਿਧਾਇਕ ''ਤੇ ਲੱਗੇ ਦੋਸ਼
Saturday, Dec 20, 2025 - 06:04 PM (IST)
ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਵਿਕਾਸ ਅਤੇ ਕੂੜੇ ਦੇ ਡੰਪ ਸੰਬੰਧੀ ਹਲਕਾ ਵਿਧਾਇਕ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਨੇ ਵਿਧਾਇਕ 'ਤੇ ਝੂਠ ਬੋਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਸੀਂ ਅੱਜ ਵੀ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਟੈਂਡਰ ਲਗਾਉਣ ਨੂੰ ਤਿਆਰ ਹਾਂ। ਪ੍ਰੰਤੂ ਨਗਰ ਕੌਂਸਲ ਦਾ ਕਾਰਜਸਾਧਕ ਅਫਸਰ ਟੈਂਡਰਾਂ 'ਚ ਅਸਿੱਧੇ ਤੌਰ 'ਤੇ ਅੜਿਕਾ ਲਗਾਉਂਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਿਛਲੀ ਕੌਂਸਲ ਦੀ ਮੀਟਿੰਗ ਦੌਰਾਨ ਕਾਰਜਸਾਧਕ ਅਫਸਰ ਚੱਲਦੀ ਮੀਟਿੰਗ 'ਚ ਨਗਰ ਕੌਂਸਲ ਦਾ ਕਾਰਵਾਈ ਰਜਿਸਟਰ ਲੈ ਕੇ ਮੀਟਿੰਗ ਛੱਡ ਕੇ ਚਲਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ 14 ਚਿੱਠੀਆਂ ਕਾਰਜਸਾਧਕ ਅਫਸਰ ਨੂੰ ਲਿਖ ਕੇ ਲੋਕਾਂ ਦੀਆਂ ਸਮੱਸਿਆਵਾਂ, ਨਗਰ ਕੌਂਸਲ ਦੇ ਕੁਝ ਠੇਕੇ ਆਧਾਰਿਤ ਮੁਲਾਜ਼ਮਾਂ ਦੇ ਕੰਮਾਂ ਦੀ ਸ਼ਿਕਾਇਤਾਂ ਸੰਬੰਧੀ ਜਵਾਬ ਮੰਗਿਆ ਸੀ ਪਰ ਕਾਰਜਸਾਧਕ ਅਫਸਰ ਨੇ ਜਵਾਬ ਦੇਣਾ ਮੁਨਾਸਿਫ ਨਹੀਂ ਸਮਝਿਆ। ਇਸ ਕਾਰਨ ਕੌਂਸਲਰਾਂ ਨੇ ਕਾਰਜਸਾਧਕ ਅਫਸਰ ਖਿਲਾਫ ਬੇਭਰੋਸਗੀ ਦਾ ਮਤਾ ਵੀ ਲਿਆਂਦਾ ਗਿਆ ਸੀ। ਜਿਸ ਦੇ ਡਰੋਂ ਕਾਰਜਸਾਧਕ ਅਫਸਰ ਚੱਲਦੀ ਮੀਟਿੰਗ 'ਚੋ ਰਜਿਸਟਰ ਲੈ ਕੇ ਚਲਾ ਗਿਆ ਸੀ।
ਉਨ੍ਹਾਂ ਕਿਹਾ ਕਿ ਅਸੀਂ ਅੱਜ ਵੀ ਸ਼ਹਿਰ ਦੇ ਵਿਕਾਸ ਸੰਬੰਧੀ ਟੈਂਡਰ ਲਗਾਉਣ ਲਈ ਤਿਆਰ ਹਾਂ। ਪ੍ਰੰਤੂ ਕਾਰਜਸਾਧਕ ਅਫਸਰ ਅਤੇ ਹਲਕਾ ਵਿਧਾਇਕ ਖੁੱਦ ਤਿਆਰ ਹੋਣ। ਵਿਧਾਇਕ 'ਤੇ ਬਦਲਾਖੋਰੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਤ ਹੋਣ ਕਾਰਨ ਮੇਰੀ ਆੜ੍ਹ ਵਿਚ ਸ਼ਹਿਰ ਦੇ ਵਿਕਾਸ ਕਾਰਜਾਂ 'ਚ ਅੜਿਕੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ਖਿਲਾਫ ਇਕ ਝੂਠੀ ਸ਼ਿਕਾਇਤ ਜੋ ਮੇਰੇ ਮੁਕਾਬਲੇ ਪ੍ਰਧਾਨਗੀ ਤੋਂ ਹਾਰ ਚੁੱਕੇ ਕੌਂਸਲਰ ਦੇ ਪਤੀ ਤੋਂ ਸ਼ਿਕਾਇਤ ਕਰਵਾ ਕੇ ਸਰਕਾਰ ਦੇ ਦਬਾਅ ਅਧੀਨ ਮੇਰੇ ਖਿਲਾਫ ਮੇਰੀ ਜਾਤੀ ਸੰਬੰਧੀ ਸਰਟੀਫਿਕੇਟ ਨੂੰ ਲੈ ਕੇ ਕਾਰਵਾਈ ਕਰਵਾਉਣ 'ਚ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਪ੍ਰੰਤੂ ਮੈਨੂੰ ਮਜਬੂਰਨ ਪੰਜਾਬ ਹਰਿਆਣਾ ਹਾਈਕੋਰਟ ਵਿਚ ਇਨਸਾਫ ਲਈ ਜਾਣਾ ਪਿਆ। ਜਿੱਥੇ ਮੈਨੂੰ ਮਾਨਯੋਗ ਅਦਾਲਤ ਵੱਲੋਂ ਰਾਹਤ ਦਿੱਤੀ ਗਈ ਅਤੇ ਅਗਲੀ ਸੁਣਵਾਈ ਜਨਵਰੀ 2026 ਵਿਚ ਰੱਖੀ ਗਈ। ਉਨ੍ਹਾਂ ਕਿਹਾ ਕਿ ਵਿਧਾਇਕ ਨੂੰ ਨਗਰ ਕੌਂਸਲ ਦਾ ਕਾਰਜਸਾਧਕ ਅਫਸਰ ਗੁੰਮਰਾਹ ਕਰ ਰਿਹਾ ਹੈ ਅਸੀਂ ਅੱਜ ਵੀ ਸ਼ਹਿਰ ਦੇ ਵਿਕਾਸ ਲਈ ਵੱਚਨਬੱਧ ਹਾਂ, ਪ੍ਰੰਤੂ ਕਾਰਜਸਾਧਕ ਅਫਸਰ ਦੀਆਂ ਮਨਮਾਨੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨਸਾਫ ਸੰਬੰਧੀ ਇਕ ਜਨਹਿੱਤ ਪੁਟੀਸ਼ਨ ਰਾਹੀਂ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ। ਸ਼ਹਿਰ ਦੇ ਕੂੜੇ ਦੇ ਡੰਪ ਵਿਚ ਪੈਦਾ ਹੋਈ ਗੰਦਗੀ ਅਤੇ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਦਾ ਸਮੇਂ ਸਿਰ ਹੱਲ ਨਾ ਕਰਨ ਪਿੱਛੇ ਵੀ ਕਾਰਜਸਾਧਕ ਅਫਸਰ ਦਾ ਹੱਥ ਅਸਿੱਧੇ ਤੌਰ 'ਤੇ ਹੈ।
ਦੂਸਰੇ ਪਾਸੇ ਸੰਘਣੀ ਆਬਾਦੀ 'ਚ ਕੂੜੇ ਦੇ ਡੰਪ ਨੂੰ ਖਤਮ ਕਰਨ ਲਈ ਮੁਹੱਲਾ ਵਾਸੀਆਂ ਵੱਲੋਂ ਕੌਂਸਲਰ ਸੁਖਦੀਪ ਸਿੰਘ ਸੋਨੀ, ਕੌਂਸਲਰ ਹਰਵਿੰਦਰਦੀਪ ਸਿੰਘ ਸਵੀਟੀ ਸਮੇਤ 2 ਵਾਰਡਾਂ ਦੇ ਲੋਕਾਂ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਦੇ ਚੌਥੇ ਦਿਨ ਵੀ ਧਰਨਾ ਜਾਰੀ ਰਿਹਾ। ਇਸ ਮੌਕੇ ਧਰਨਾਕਾਰੀਆਂ ਨੇ ਦੱਸਿਆ ਕਿ 7 ਦਿਨ ਬੀਤ ਜਾਣ ਦੇ ਬਾਵਜੂਦ ਡੰਪ ਦੀ ਸਮੱਸਿਆ ਵੱਲ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਜਿਵੇ ਨਗਰ ਕੌਂਸਲ ਅਧਿਕਾਰੀ ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਤਿਆਰ ਨਹੀਂ ਹਨ।
ਕੀ ਕਹਿਣਾ ਹੈ ਹਲਕਾ ਵਿਧਾਇਕ ਦਾ
ਹਲਕਾ ਵਿਧਾਇਕ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਕੂੜੇ ਦੇ ਡੰਪ ਦੀ ਸਮੱਸਿਆ ਸੰਬੰਧੀ ਮਿਲ ਬੈਠ ਕੇ ਹੱਲ ਕਰਨ ਲਈ ਤਿਆਰ ਹਨ। ਕੌਂਸਲਰ ਮੇਰੇ ਨਾਲ ਸੰਪਰਕ ਕਰ ਸਕਦੇ ਹਨ, ਧਰਨਾ ਦੇ ਕੇ ਭੜਕਾ ਕੇ ਮਸਲੇ ਦਾ ਹੱਲ ਨਹੀਂ ਹੁੰਦਾ। ਅੱਜ ਸ਼ਹਿਰ ਅੰਦਰ ਗੰਦਗੀ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ ਹਨ।
