ਲੋਕਤੰਤਰ ਦੀ ਮਜ਼ਬੂਤੀ ਲਈ ਔਰਤਾਂ ਦਾ ਮਾਣ-ਸਨਮਾਨ ਤੇ ਇਕਜੁੱਟਤਾ ਜ਼ਰੂਰੀ : ਕੁਸਲ ਭੌਰਾ

01/24/2019 9:59:46 AM

ਬਠਿੰਡਾ (ਸੰਦੀਪ ਮਿੱਤਲ)-ਦੇਸ਼ ’ਚ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਔਰਤਾਂ ਦਾ ਮਾਣ-ਸਨਮਾਨ ਅਤੇ ਇਕਜੁੱਟਤਾ ਜ਼ਰੂਰੀ ਹੈ, ਕਿਉਂਕਿ ਔਰਤਾਂ ਸਮਾਜ ਦੀਆਂ ਬਰਾਬਰ ਦੀਆਂ ਹਿੱਸੇਦਾਰ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਇਸਤਰੀ ਸਭਾ ਦੇ ਸੂਬਾ ਪ੍ਰਧਾਨ ਕੁਸਲ ਭੌਰਾ ਨੇ ਇਸਤਰੀ ਸਭਾ ਦੇ ਜ਼ਿਲਾ ਇਜਲਾਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਰਵਾਇਤੀ ਧਿਰਾਂ ਕੇਵਲ ਬਿਆਨਾਂ ਅਤੇ ਇਸ਼ਤਿਹਾਰਾਂ ਰਾਹੀਂ ਹੀ ਔਰਤਾਂ ਦੇ ਹੱਕਾਂ ਪ੍ਰਤੀ ਗੱਲਾਂ ਕਰਦੀਆਂ ਆ ਰਹੀਆਂ ਹਨ ਜਦੋਂ ਕਿ ਅਸਲ ’ਚ ਦੇਸ਼ ’ਚ ਔਰਤਾਂ ’ਤੇ ਹਰ ਦਿਨ ਜ਼ੁਲਮ ’ਚ ਵਾਧਾ ਹੋ ਰਿਹਾ ਹੈ ਜਿਸ ਦੇ ਖਿਲਾਫ਼ ਔਰਤਾਂ ਨੂੰ ਆਪਣੀ ਆਵਾਜ਼ ਜਾਗ੍ਰਿਤੀ ਦੇ ਤਹਿਤ ਸੰਘਰਸ਼ ਦੇ ਜ਼ਰੀਏ ਚੁਕਣੀ ਹੋਵੇਗੀ। ਇਸ ਸਮੇਂ ਸੀ. ਪੀ. ਆਈ. ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਜ਼ਿਲਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਰਥਕ ਸਮਾਜਕ ਅਤੇ ਰਾਜਨੀਤਿਕ ਬਰਾਬਰਤਾ ਲਈ ਔਰਤ ਜਾਤੀ ਨੂੰ ਸੰਘਰਸ਼ ਲਈ ਅੱਗੇ ਆਉਣਾ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਰਵਉੱਚ ਪਾਰਲੀਮੈਂਟ ਸਿਸਟਮ ਰਾਹੀਂ ਦੇਸ਼ ਦੀਆਂ ਔਰਤਾਂ ਬੇਸ਼ੱਕ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਤੇ ਹੋਰ ਸਨਮਾਨਯੋਗ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਰਹੀਆਂ ਹਨ ਪਰ ਔਰਤਾਂ ਨੂੰ ਅੱਜ ਵੀ ਬਰਾਬਰ ਦੇ ਅਧਿਕਾਰਾਂ ਤੋਂ ਵਾਂਝੇ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦਕ ਲਾਮਬੰਦੀ ਕਰ ਕੇ ਆਪਣੇ ਹੱਕ ਪ੍ਰਾਪਤ ਕੀਤੇ ਜਾ ਸਕਦੇ ਹਨ। ਇਜਲਾਸ ਦੌਰਾਨ ਸਕੱਤਰ ਵੱਲੋਂ ਪਿਛਲੇ ਲੇਖੇ-ਜੋਖੇ ਦੀ ਰਿਪੋਰਟ ਹਾਊਸ ’ਚ ਪਡ਼੍ਹੀ ਗਈ ਅਤੇ ਹਾਜ਼ਰ ਡੈਲੀਗੇਟਾਂ ਵੱਲੋਂ ਬਹਿਸ ਦੌਰਾਨ ਸਰਬਸੰਮਤੀ ਨਾਲ ਪਾਸ ਕੀਤੀ ਗਈ ਅਤੇ ਜ਼ਿਲਾ ਕਮੇਟੀ 25 ਮੈਂਬਰੀ ਬਣਾਈ ਗਈ ਜਿਸ ’ਚ ਜ਼ਿਲਾ ਸਰਪ੍ਰਸਤ ਅਰਵਿੰਦਰ ਕੌਰ, ਰੇਖਾ ਸ਼ਰਮਾ ਪ੍ਰਧਾਨ, ਮਨਜੀਤ ਕੌਰ ਗਾਮੀਵਾਲਾ ਜਨਰਲ ਸਕੱਤਰ, ਮੀਤ ਪ੍ਰਧਾਨ ਸਨੇਹਲਤਾ ਅਤੇ ਸੁਖਦਰਸ਼ਨ ਸ਼ਰਮਾ, ਸਕੱਤਰ ਕਿਰਨਾ ਰਾਣੀ ਚੁਣੇ ਗਏ। ਪ੍ਰੋਗਰਾਮ ਦੀ ਪ੍ਰਧਾਨਗੀ ਅਰਵਿੰਦਰ ਕੌਰ, ਸ਼ਿੰਦਰਪਾਲ ਕੌਰ ਚਹਿਲਾਂਵਾਲਾ ਮੈਂਬਰ ਪੰਚਾਇਤ ਅਤੇ ਮਨਜੀਤ ਕੌਰ ਦਲੇਲ ਸਿੰਘ ਵਾਲਾ ਦੇ ਪ੍ਰਧਾਨਗੀ ਮੰਡਲ ਹੇਠ ਹੋਈ। ਇਸ ਸਮੇਂ ਸੀ. ਪੀ. ਆਈ. ਦੇ ਜ਼ਿਲਾ ਸਹਾਇਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ, ਸਬਡਵੀਜ਼ਨ ਸਕੱਤਰ ਰੂਪ ਸਿੰਘ ਢਿੱਲੋਂ, ਕ੍ਰਿਸ਼ਨ ਉੱਭਾ ਜ਼ਿਲਾ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ, ਬਲਵੰਤ ਸਿੰਘ ਭੈਣੀ ਬਾਘਾ, ਪਰਮਜੀਤ ਕੌਰ ਟਾਹਲੀਆਂ ਹਰਜਿੰਦਰ ਕੌਰ ਚਹਿਲਾਂਵਾਲਾ ਦੋਵੇਂ ਪੰਚਾਇਤ ਮੈਂਬਰ ਚਰਨਜੀਤ ਕੌਰ, ਸਰਬਜੀਤ ਕੌਰ, ਪਰਮਜੀਤ ਕੌਰ ਉੱਭਾ, ਜਗਸੀਰ ਕੁਸਲਾ, ਨਛੱਤਰ ਰਿਉਂਦ, ਮੋਨਿਕਾ ਰਾਣੀ ਮਾਨਸਾ, ਸੀ. ਪੀ. ਆਈ. ਦੇ ਸ਼ਹਿਰੀ ਸਕੱਤਰ ਰਤਨ ਭੋਲਾ ਆਦਿ ਆਗੂ ਹਾਜ਼ਰ ਸਨ।

Related News