ਅਗਲੇ ਮਹੀਨੇ ਪੰਜਾਬ ਪਹੁੰਚੇਗੀ 'ਭਾਰਤ ਜੋੜੋ ਯਾਤਰਾ', ਜਾਣੋ ਕੀ ਹੋਵੇਗਾ ਰੂਟ ਮੈਪ

Monday, Dec 12, 2022 - 11:22 PM (IST)

ਅਗਲੇ ਮਹੀਨੇ ਪੰਜਾਬ ਪਹੁੰਚੇਗੀ 'ਭਾਰਤ ਜੋੜੋ ਯਾਤਰਾ', ਜਾਣੋ ਕੀ ਹੋਵੇਗਾ ਰੂਟ ਮੈਪ

ਚੰਡੀਗੜ੍ਹ : ਰਾਹੁਲ ਗਾਂਧੀ ਦੀ ਅਗਵਾਈ ਹੇਠ 'ਭਾਰਤ ਜੋੜੋ ਯਾਤਰਾ' ਅਗਲੇ ਮਹੀਨੇ ਪੰਜਾਬ ਪੁੱਜੇਗੀ ਅਤੇ ਮਾਧੋਪੁਰ ਰਾਹੀਂ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਕਰੀਬ 10 ਦਿਨ ਸੂਬੇ ਵਿੱਚ ਰੁਕੇਗੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਅਤੇ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਦੀ ਹਾਜ਼ਰੀ ਵਿੱਚ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਯਾਤਰਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਇਸ ਯਾਤਰਾ ਦਾ ਮਕਸਦ ਭਾਰਤ ਦੇ ਵਿਚਾਰ ਦੀ ਰੱਖਿਆ ਕਰਨਾ ਹੈ। ਯਾਤਰਾ ਵਿੱਚ ਹਿੱਸਾ ਲੈਣ ਵਾਲੇ ਅਤੇ ਇਸ ਨਾਲ ਜੁੜੇ ਰਹਿਣ ਦੀ ਇੱਛਾ ਰੱਖਣ ਵਾਲਿਆਂ ਲਈ ਪਾਰਟੀ ਵੱਲੋਂ ਇੱਕ ਟੋਲ-ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ।

ਇਹ ਵੀ ਪੜ੍ਹੋ : ਸਨਕੀ ਨੌਜਵਾਨ ਦਾ ਕਾਰਾ: 5 ਸਾਲਾ ਮਾਸੂਮ ਨੂੰ ਦਿੱਤੀ ਦਰਦਨਾਕ ਮੌਤ

ਵੜਿੰਗ ਨੇ ਕਿਹਾ ਕਿ ਯਾਤਰਾ ਲਈ ਦੋ ਬਦਲਵੇਂ ਰੂਟਾਂ ਦੀ ਯੋਜਨਾ ਬਣਾਈ ਗਈ ਹੈ, ਜਿਨ੍ਹਾਂ ਵਿੱਚੋਂ ਇੱਕ ਨੂੰ ਆਉਣ ਵਾਲੇ ਦਿਨਾਂ ਵਿੱਚ ਅੰਤਿਮ ਰੂਪ ਦਿੱਤਾ ਜਾਵੇਗਾ। ਜਿੱਥੇ ਇੱਕ ਰਸਤਾ ਅੰਬਾਲਾ ਤੋਂ ਕੁਰਾਲੀ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਪਠਾਨਕੋਟ ਅਤੇ ਫਿਰ ਮਾਧੋਪੁਰ ਜਾਵੇਗਾ, ਜਦਕਿ ਦੂਜਾ ਰੂਟ ਸ਼ੰਭੂ ਤੋਂ ਲੁਧਿਆਣਾ, ਜਲੰਧਰ, ਮੁਕੇਰੀਆਂ, ਪਠਾਨਕੋਟ ਅਤੇ ਮਾਧੋਪੁਰ ਹੁੰਦੇ ਹੋਏ ਜੰਮੂ-ਕਸ਼ਮੀਰ ਵਿੱਚ ਦਾਖ਼ਲ ਹੋਵੇਗਾ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਯਾਤਰਾ ਪਿਛਲੇ 95 ਦਿਨਾਂ ਤੋਂ ਚੱਲ ਰਹੀ ਹੈ ਅਤੇ ਇਹ 26 ਜਨਵਰੀ ਨੂੰ ਕਸ਼ਮੀਰ ਵਿੱਚ ਸਮਾਪਤ ਹੋਵੇਗੀ।
ਉਨ੍ਹਾਂ ਕਿਹਾ ਕਿ ਯਾਤਰਾ ਨੂੰ ਸਮਾਜ ਦੇ ਹਰ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

ਇਹ ਵੀ ਪੜ੍ਹੋ : 'ਆਪ' ਸਰਕਾਰ ਦਾ ਵੱਡਾ ਫ਼ੈਸਲਾ, MLA ਬਲਜਿੰਦਰ ਕੌਰ ਨੂੰ ਮਿਲਿਆ ਕੈਬਨਿਟ ਮੰਤਰੀ ਦਾ ਦਰਜਾ 

ਇਹ ਯਾਤਰਾ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਜੁੜਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਜਾਣਨ ਦਾ ਮੌਕਾ ਬਣ ਗਈ ਹੈ। ਵੜਿੰਗ, ਚੌਧਰੀ ਅਤੇ ਸਿੰਗਲਾ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਯਾਤਰਾ ਵਿੱਚ ਸ਼ਾਮਲ ਹੋਣ ਕਿਉਂਕਿ ਇਹ ਯਾਤਰਾ ਕੋਈ ਪਾਰਟੀ ਦੀ ਨਹੀਂ ਹੈ, ਸਗੋਂ ਦੇਸ਼ ਦੇ ਹਿੱਤ ਵਿੱਚ ਕੱਢੀ ਜਾ ਰਹੀ ਹੈ। ਵੜਿੰਗ ਨੇ ਕਿਹਾ ਕਿ ਯਾਤਰਾ ਵਿੱਚ ਪੰਜਾਬ ਵਾਸੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ ਅਤੇ ਇਥੇ ਯਾਤਰਾ ਸ਼ਾਨਦਾਰ ਢੰਗ ਨਾਲ ਸਫ਼ਲ ਹੋਵੇਗੀ।


author

Mandeep Singh

Content Editor

Related News