ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਤਖ਼ਤਪੋਸ਼ 'ਤੇ ਸੁਆਇਆ, ਸਿਹਤ ਖ਼ਰਾਬ ਹੋਣ 'ਤੇ ਮੰਗਵਾ ਕੇ ਦਿੱਤੀਆਂ ਦਵਾਈਆਂ

Wednesday, Aug 24, 2022 - 02:23 PM (IST)

ਲੁਧਿਆਣਾ (ਰਾਜ) : ਘੁਮਾਰ ਮੰਡੀ ਇਲਾਕੇ ਤੋਂ ਸੋਮਵਾਰ ਨੂੰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਜੀਲੈਂਸ ਬਿਊਰੋ ਦੇ ਦਫ਼ਤਰ ’ਚ ਲਿਜਾਇਆ ਗਿਆ। ਪਤਾ ਲੱਗਾ ਹੈ ਕਿ ਭਾਰਤ ਭੂਸ਼ਣ ਆਸ਼ੂ ਨੂੰ ਵਿਭਾਗ ਨੇ ਸੌਣ ਲਈ ਤਖਤਪੋਸ਼ ਦਿੱਤਾ ਸੀ, ਜਿੱਥੇ ਉਨ੍ਹਾਂ ਦੀ ਸਾਰੀ ਰਾਤ ਕਾਫੀ ਮੁਸ਼ਕਿਲ ਨਾਲ ਨਿਕਲੀ।  ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਰੇਸ਼ਾਨੀ ਕਾਰਨ ਆਸ਼ੂ ਰਾਤ ਭਰ ਸੌਂ ਨਹੀਂ ਸਕੇ, ਸਗੋਂ ਪਾਸੇ ਹੀ ਮਾਰਦੇ ਰਹੇ। ਜਦੋਂ ਉਨ੍ਹਾਂ ਨੂੰ ਖਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸੋਮਵਾਰ ਦਾ ਵਰਤ ਹੈ, ਇਸ ਲਈ ਉਹ ਕੁੱਝ ਨਹੀਂ ਖਾਣਗੇ। ਮੰਗਲਵਾਰ ਦੀ ਸਵੇਰ ਸਿਰਫ ਉਨ੍ਹਾਂ ਦੇ ਕੌਂਸਲਰ ਭਰਾ ਨਰਿੰਦਰ ਕਾਲਾ ਨੂੰ ਹੀ ਮਿਲਣ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 8 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ, CCTV ਫੁਟੇਜ ਦੀ ਮਦਦ ਨਾਲ ਫੜ੍ਹਿਆ ਦੋਸ਼ੀ

ਸਵੇਰੇ ਹੀ ਆਸ਼ੂ ਨੇ ਚਾਹ ਦੇ ਨਾਲ ਕੁੱਝ ਨਾਸ਼ਤਾ ਕੀਤਾ ਸੀ ਪਰ ਬਾਅਦ ਦੁਪਹਿਰ ਅਦਾਲਤ ’ਚ ਪੇਸ਼ ਕਰਨ ਸਮੇਂ ਤੱਕ ਆਸ਼ੂ ਨੇ ਕੁੱਝ ਵੀ ਨਹੀਂ ਖਾਧਾ ਸੀ। ਸਾਰਾ ਦਿਨ ਵਿਜੀਲੈਂਸ ਅਧਿਕਾਰੀ ਤੇਲੂ ਰਾਮ ਅਤੇ ਆਸ਼ੂ ਤੋਂ ਪੁੱਛਗਿੱਛ ਕਰਦੇ ਰਹੇ। ਐੱਸ. ਐੱਸ. ਪੀ. ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਆਸ਼ੂ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ. ਆਈ. ਪੀ ਟ੍ਰੀਟਮੈਂਟ ਨਹੀਂ ਦਿੱਤਾ ਗਿਆ। ਸਹੂਲਤ ਲਈ ਬਾਹਰੋਂ ਕੋਈ ਸਮਾਨ ਨਹੀਂ ਮੰਗਵਾਇਆ ਗਿਆ। ਜਿਵੇਂ ਬਾਕੀ ਫੜ੍ਹੇ ਗਏ ਮੁਲਜ਼ਮਾਂ ਨੂੰ ਸੌਣ ਦੀ ਜਗ੍ਹਾ ਦਿੱਤੀ ਜਾਂਦੀ ਹੈ, ਉਸੇ ਤਰ੍ਹਾਂ ਆਸ਼ੂ ਨੂੰ ਦਿੱਤੀ ਗਈ। ਸੰਧੂ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਆਸ਼ੂ ਨੇ ਸੋਮਵਾਰ ਦੇ ਵਰਤ ਹੋਣ ਦਾ ਹਵਾਲਾ ਦੇ ਕੇ ਕੁੱਝ ਖਾਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਸ਼ਾਤਰ ਚੋਰਾਂ ਨੇ ਅੱਧੀ ਰਾਤ ਨੂੰ ਦੁਕਾਨ ਤੋਂ ਲੁੱਟਿਆ 20 ਲੱਖ ਦਾ ਸੋਨਾ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ

ਮੰਗਲਵਾਰ ਸਵੇਰੇ ਉਨ੍ਹਾਂ ਨੂੰ ਚਾਹ-ਨਾਸ਼ਤਾ ਦਿੱਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਆਸ਼ੂ ਨੂੰ ਅਸਥਮਾ ਦੀ ਬੀਮਾਰੀ ਹੈ, ਜਿਸ ਕਾਰਨ ਸੋਮਵਾਰ ਰਾਤ ਨੂੰ ਉਨ੍ਹਾਂ ਦੀ ਸਿਹਤ ਥੋੜ੍ਹੀ ਵਿਗੜ ਗਈ ਸੀ। ਇਸ ਲਈ ਉਨ੍ਹਾਂ ਦੇ ਡਾਕਟਰ ਨਾਲ ਗੱਲ ਕਰ ਕੇ ਦਵਾਈਆਂ ਮੰਗਵਾ ਕੇ ਦੇ ਦਿੱਤੀਆਂ ਗਈਆਂ ਸਨ। ਇਸ ਤੋਂ ਇਲਾਵਾ ਸਵੇਰੇ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਉਣ ਦੀ ਬਜਾਏ ਅਧਿਕਾਰੀਆਂ ਦੇ ਹੁਕਮ ’ਤੇ ਡਾਕਟਰ ਨੂੰ ਵਿਜੀਲੈਂਸ ਦਫ਼ਤਰ ਹੀ ਬੁਲਵਾਇਆ ਗਿਆ ਸੀ ਅਤੇ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਗਈ ਸੀ। ਹੁਣ ਰਿਮਾਂਡ ਦੌਰਾਨ ਸਾਬਕਾ ਮੰਤਰੀ ਤੋਂ ਪੁੱਛਗਿੱਛ ਉਪਰੰਤ ਹੀ ਕਾਰਵਾਈ ਅੱਗੇ ਵਧਾਈ ਜਾਵੇਗੀ। ਐੱਸ. ਐੱਸ. ਪੀ. ਸੰਧੂ ਦਾ ਕਹਿਣਾ ਹੈ ਕਿ ਜਲਦ ਮੁਲਜ਼ਮ ਮੀਨੂ ਮਲਹੋਤਰਾ ਨੂੰ ਵੀ ਫੜ੍ਹ ਲਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News