ਭਾਕਿਯੂ ਨੇ ਰਾਧੇ ਮੋਹਨ ਦਾ ਪੁਤਲਾ ਫੂਕਿਆ

Monday, Jun 11, 2018 - 01:36 AM (IST)

ਫਤਿਹਗੜ੍ਹ ਸਾਹਿਬ, (ਜਗਦੇਵ)- ਭਾਰਤੀ ਕਿਸਾਨ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦੇਸ਼ ਭਰ ਵਿਚ ਆਰੰਭੇ ਅੰਦੋਲਨ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਰਾਧੇ ਮੋਹਨ ਵਲੋਂ ਮਹਿਜ਼ ਪ੍ਰਚਾਰ ਸਟੰਟ ਕਰਾਰ ਦੇਣ ਦੇ ਰੋਸ ਵਜੋਂ ਅੱਜ ਕਿਸਾਨ ਯੂਨੀਅਨਾਂ (ਏਕਤਾ-ਸਿੱਧੂਪੁਰ) ਵਲੋਂ ਜ਼ਿਲਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਘੇਲ ਦੀ ਅਗਵਾਈ ਵਿਚ ਸਾਂਝੇ ਤੌਰ 'ਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਅੱਗੇ ਕੇਂਦਰੀ ਖੇਤੀਬਾੜੀ ਮੰਤਰੀ ਰਾਧੇ ਮੋਹਨ ਖਿਲਾਫ ਅਰਥੀ ਫੂਕ ਮੁਜ਼ਾਹਰਾ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰੀ ਖੇਤੀਬਾੜੀ ਮੰਤਰੀ ਦਾ ਪੁਤਲਾ ਵੀ ਸਾੜਿਆ ਗਿਆ। 
ਇਸ ਮੌਕੇ ਕੇਂਦਰੀ ਮੰਤਰੀ ਖਿਲਾਫ ਆਪਣਾ ਗੁੱਸਾ ਜ਼ਾਹਰ ਕਰਦਿਆਂ ਯੂਨੀਅਨ ਪੰਜਾਬ ਦੇ ਸਕੱਤਰ ਜਸਵੀਰ ਸਿੰਘ ਸਿੱਧੂਪੁਰ ਅਤੇ ਬਲਾਕ ਪ੍ਰਧਾਨ ਬਲਦੇਵ ਸਿੰਘ ਮੁੱਲਾਂਪੁਰ ਨੇ ਕਿਹਾ ਕਿ ਜੋ ਪਿਛਲੇ ਦਿਨੀਂ ਦੇਸ਼ ਦੀਆਂ 172 ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਕਿਸਾਨਾਂ ਦੇ ਹੱਕ ਵਿਚ 1 ਜੂਨ ਤੋਂ 10 ਜੂਨ ਤੱਕ ਸੰਘਰਸ਼ ਆਰੰਭਿਆ ਗਿਆ ਸੀ ਤੇ ਕਿਸਾਨ ਯੂਨੀਅਨ ਵਲੋਂ 6 ਜੂਨ ਤੋਂ ਬਾਅਦ ਆਪਣਾ ਸੰਘਰਸ਼ ਵਾਪਸ ਲੈ ਲਿਆ ਗਿਆ ਸੀ, ਸਬੰਧੀ ਕੇਂਦਰੀ ਮੰਤਰੀ ਰਾਧੇ ਮੋਹਨ ਵਲੋਂ ਕਿਸਾਨ ਯੂਨੀਅਨਾਂ ਖਿਲਾਫ ਜੋ ਬਿਆਨਬਾਜ਼ੀ ਦੌਰਾਨ 'ਇਹ ਮਹਿਜ਼ ਕਿਸਾਨਾਂ ਵਲੋਂ ਪ੍ਰਚਾਰ ਸਟੰਟ ਹੈ' ਕਹਿਣ ਦੇ ਰੋਸ ਵਜੋਂ ਗੁੱਸੇ ਵਿਚ ਆਏ ਕਿਸਾਨਾਂ ਵਲੋਂ ਸਾਰੇ ਜ਼ਿਲਿਆਂ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਵਲੋਂ ਦਿੱਤੇ ਇਸ ਬਿਆਨ ਨਾਲ ਕਿਸਾਨਾਂ ਵਿਚ ਦੁਬਾਰਾ ਰੋਸ ਪੈਦਾ ਹੋ ਗਿਆ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨਾਂ ਆਮ ਲੋਕਾਂ ਦੇ ਹੱਕ ਲਈ ਲੜਦੀਆਂ ਰਹੀਆਂ ਹਨ ਨਾ ਕਿ ਨਿੱਜੀ ਫਾਇਦਿਆਂ ਲਈ। ਕਿਸਾਨ ਯੂਨੀਅਨ ਏਕਤਾ-ਸਿੱਧੂਪੁਰ ਦੇ ਮੀਤ ਪ੍ਰਧਾਨ ਨੇ ਕਿਹਾ ਕਿ ਇਕ ਉੱਚ ਅਹੁਦੇ 'ਤੇ ਬੈਠੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਇਹੋ ਜਿਹੇ ਬੇਤੁਕੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਦੌਰਾਨ ਸਵਾਮੀਨਾਥਨ ਰਿਪੋਰਟ ਲਾਗੂ ਨਹੀਂ ਹੁੰਦੀ, ਉਹ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ। 
ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਘੇਲ ਨੇ ਕਿਹਾ ਕਿ ਕਿਸਾਨੀ ਮੰਗਾਂ ਦੇ ਹੱਕ ਵਿਚ ਪਹਿਲਾਂ ਦਿੱਲੀ ਵਿਖੇ ਆਲ ਇੰਡੀਆ ਮਹਾ ਸੰਘ ਵਲੋਂ ਕੇਂਦਰ ਸਰਕਾਰ ਖਿਲਾਫ ਵੱਡਾ ਸੰਘਰਸ਼ ਆਰੰਭਿਆ ਗਿਆ ਸੀ। ਅੰਨਾ ਹਜ਼ਾਰੇ ਵੀ ਕਿਸਾਨਾਂ ਦੇ ਨਾਲ ਸਨ, ਤਾਂ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਤਿੰਨ ਮਹੀਨੇ ਦਾ ਸਮਾਂ ਮੰਗਿਆ ਸੀ, ਜਿਸ 'ਤੇ ਕਿਸਾਨਾਂ ਵਲੋਂ ਤਿੰਨ ਤੋਂ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣ ਪਰ ਹੁਣ ਤੱਕ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਕੁਝ ਵੀ ਨਹੀਂ ਕੀਤਾ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਤੰਬਰ ਤੱਕ ਮੰਗਾਂ ਨਾ ਮੰਨੀਆਂ ਤਾਂ ਫਿਰ ਦੇਸ਼ ਭਰ ਦੇ ਕਿਸਾਨਾਂ ਵਲੋਂ ਦਿੱਲੀ ਵਿਖੇ ਰਾਮ ਲੀਲਾ ਗਰਾਊਂਡ ਵਿਚ ਫਿਰ ਸੰਘਰਸ਼ ਆਰੰਭ ਕੀਤਾ ਜਾਵੇਗਾ ਤੇ ਮੰਗਾਂ ਮੰਨਣ ਤੱਕ ਧਰਨੇ ਤੋਂ ਨਹੀਂ ਉਠਿਆ ਜਾਵੇਗਾ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਸੌਂਟੀ ਮੀਤ ਪ੍ਰਧਾਨ, ਸਾਧੂ ਸਿੰਘ ਚਤਰਪੁਰਾ, ਕਰਨੈਲ ਸਿੰਘ ਪ੍ਰਧਾਨ ਬਲਾਕ ਖੁਮਾਣੋਂ, ਕ੍ਰਿਪਾਲ ਸਿੰਘ ਸਕੱਤਰ ਬਲਾਕ ਖੁਮਾਣੋਂ, ਦਲੀਪ ਸਿੰਘ ਪ੍ਰਧਾਨ ਅਮਲੋਹ, ਨਾਜ਼ਰ ਸਿੰਘ ਜਰਨਲ ਸਕੱਤਰ ਅਮਲੋਹ, ਮਨਜੀਤ ਸਿੰਘ ਮੀਤ ਪ੍ਰਧਾਨ ਸਰਹਿੰਦ, ਪ੍ਰਕਾਸ਼ ਸਿੰਘ ਬਲਾਕ ਖੇੜਾ, ਸਰਬਜੀਤ ਸਿੰਘ ਡੰਘੇੜੀਆਂ, ਗੁਰਵਿੰਦਰ ਸਿੰਘ ਡੰਘੇੜੀਆਂ, ਅਵਤਾਰ ਸਿੰਘ ਡੰਘੇੜੀਆਂ ਤੇ ਕੁਲਵਿੰਦਰ ਸਿੰਘ ਦਾਦੂਮਾਜਰਾ ਆਦਿ ਵੀ ਹਾਜ਼ਰ ਸਨ।


Related News