ਭਾਕਿਯੂ ਨੇ ਵੱਧ ਜੀਰੀ ਤੋਲਦੇ ਆੜ੍ਹਤੀਆਂ ਨੂੰ ਕੀਤਾ ਬੇਨਕਾਬ

Monday, Oct 23, 2017 - 02:55 AM (IST)

ਭਾਕਿਯੂ ਨੇ ਵੱਧ ਜੀਰੀ ਤੋਲਦੇ ਆੜ੍ਹਤੀਆਂ ਨੂੰ ਕੀਤਾ ਬੇਨਕਾਬ

ਭਵਾਨੀਗੜ੍ਹ, (ਸੰਜੀਵ, ਵਿਕਾਸ)— ਪਿੰਡ ਘਰਾਚੋਂ ਦੀ ਅਨਾਜ ਮੰਡੀ ਵਿਚ ਭਾਰਤੀ ਕਿਸਾਨ ਯੂਨੀਅਨ ਭਾਕਿਯੂ ਡਕੌਂਦਾ ਅਤੇ ਭਾਕਿਯੂ ਉਗਰਾਹਾਂ ਗਰੁੱਪ ਵੱਲੋਂ ਲਗਾਤਾਰ ਮੰਡੀਆਂ ਵਿਚ ਚੈੱਕ ਕੀਤੇ ਜਾ ਰਹੇ ਤੋਲ ਦੌਰਾਨ ਵੱਧ ਤੋਲਣ ਵਾਲੇ ਆੜ੍ਹਤੀਆਂ ਦਾ ਪਰਦਾਫਾਸ਼ ਕੀਤਾ ਗਿਆ। 
ਅੱਜ ਜਦੋਂ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਘਰਾਚੋਂ ਦੀ ਦਾਣਾ ਮੰਡੀ 'ਚ ਤੋਲ ਚੈੱਕ ਕੀਤਾ ਤਾਂ ਵਜ਼ਨ ਅੱਧਾ ਕਿਲੋ ਤੋਂ ਲੈ ਕੇ ਇਕ ਕਿਲੋ ਵੱਧ ਤੋਲਿਆ ਜਾ ਰਿਹਾ ਸੀ, ਜਿਸ 'ਤੇ ਦਾਣਾ ਮੰਡੀ ਵਿਚ ਇਕੱਠੇ ਹੋਏ ਕਿਸਾਨਾਂ ਨੇ ਆੜ੍ਹਤੀਆਂ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਕਿਸਾਨ ਆਗੂਆਂ ਨੇ ਦੱਸਿਆ ਕਿ ਇਕ ਦੁਕਾਨ ਨੂੰ ਛੱਡ ਕੇ ਬਾਕੀ 12 ਆੜ੍ਹਤੀਆਂ ਵੱਲੋਂ ਵਜ਼ਨ ਵੱਧ ਤੋਲਿਆ ਜਾ ਰਿਹਾ ਸੀ, ਜੋ ਕਿ ਕਿਸਾਨਾਂ ਨਾਲ ਸ਼ਰੇਆਮ ਠੱਗੀ ਹੈ। ਮੌਕੇ 'ਤੇ ਪਹੁੰਚੇ ਮਾਰਕੀਟ ਕਮੇਟੀ ਦੇ ਸਕੱਤਰ ਗੁਰਚਰਨਜੀਤ ਸਿੰਘ ਗਰੇਵਾਲ ਨੇ ਕਿਸਾਨਾਂ ਨਾਲ ਸਾਰੀ ਮੰਡੀ ਦਾ ਤੋਲ ਚੈੱਕ ਕਰਵਾਇਆ। 
ਆੜ੍ਹਤੀਆਂ ਨੂੰ ਕੱਢੇ ਜਾਣਗੇ ਕਾਰਨ ਦੱਸੋ ਨੋਟਿਸ : ਸਕੱਤਰ 
ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਗੁਰਚਰਨਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਵਜ਼ਨ ਵੱਧ ਪਾਇਆ ਗਿਆ, ਉਸ ਸਬੰਧ ਵਿਚ ਆੜ੍ਹਤੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ 24 ਘੰਟਿਆਂ ਦਾ ਕਾਰਨ ਦੱਸੋ ਨੋਟਿਸ ਦਿੱਤਾ ਜਾਵੇਗਾ। ਕਿਸਾਨਾਂ ਨੂੰ ਮੁਆਵਜ਼ਾ ਦਿਵਾ ਕੇ ਇਨਸਾਫ਼ ਦਿਵਾਇਆ ਜਾਵੇਗਾ। 
ਮਾਰਕੀਟ ਕਮੇਟੀ ਅਧਿਕਾਰੀਆਂ 'ਤੇ ਮਿਲੀਭੁਗਤ ਦਾ ਦੋਸ਼ 
ਇਸ ਮੌਕੇ ਕਿਸਾਨ ਯੂਨੀਅਨ ਭਾਕਿਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਨਛੱਤਰ ਸਿੰਘ ਝਨੇੜੀ, ਗੁਰਦੇਵ ਸਿੰਘ ਝਨੇੜੀ, ਸੁਖਦੇਵ ਸਿੰਘ ਘਰਾਚੋਂ, ਜਰਨੈਲ ਸਿੰਘ ਪ੍ਰਧਾਨ ਇਕਾਈ ਘਰਾਚੋਂ ਡਕੌਂਦਾ ਗਰੁੱਪ, ਮਨਜੀਤ ਸਿੰਘ ਘਰਾਚੋਂ ਉਗਰਾਹਾਂ ਗਰੁੱਪ ਆਦਿ ਨੇ ਦੋਸ਼ ਲਾਉਂਦਿਆਂ ਕਿਹਾ ਕਿ ਆੜ੍ਹਤੀਆਂ ਵੱਲੋਂ ਵੱਧ ਤੋਲੀ ਜਾ ਰਹੀ ਜੀਰੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਨਾਲਾਇਕੀ ਦਾ ਨਤੀਜਾ ਹੈ। ਮਾਰਕੀਟ ਕਮੇਟੀ ਦੇ ਅਧਿਕਾਰੀ ਆੜ੍ਹਤੀਆਂ ਨਾਲ ਮਿਲ ਕੇ ਕਿਸਾਨਾਂ ਨੂੰ ਮੋਟਾ ਚੂਨਾ ਲਾ ਰਹੇ ਹਨ। ਇਸ ਮੌਕੇ ਕਿਸਾਨ ਰਘਵੀਰ ਸਿੰਘ ਘਰਾਚੋਂ, ਸਤਵਿੰਦਰ ਸਿੰਘ ਘਰਾਚੋਂ, ਜਿੰਦਰ ਸਿੰਘ ਘਰਾਚੋਂ ਭਾਕਿਯੂ ਉਗਰਾਹਾਂ ਅਤੇ ਬਿੱਟੂ ਝਨੇੜੀ, ਰਿੰਕੂ ਝਨੇੜੀ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂ ਮੌਜੂਦ ਸਨ।


Related News