ਅੰਨ੍ਹੇ ਕਤਲ ਦੀ ਸੁਲਝੀ ਗੁੱਥੀ, ਪਤਨੀ ਦੇ ਆਸ਼ਕ ਨੇ ਦੋਸਤ ਨਾਲ ਮਿਲ ਕੇ ਕੀਤਾ ਸੀ ਕਤਲ
Thursday, Jul 25, 2019 - 12:34 PM (IST)

ਪਟਿਆਲਾ (ਬਲਜਿੰਦਰ)—ਸ਼ਹਿਰ ਦੇ ਪ੍ਰੀਤਮ ਪਾਰਕ ਅਬਲੋਵਾਲ ਦੇ ਰਹਿਣ ਵਾਲੇ ਪਾਵਰਕਾਮ ਦੇ ਮੀਟਰ ਰੀਡਰ ਹਰਮੇਲ ਦਾਸ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝ ਗਈ ਹੈ। ਪੁਲਸ ਮੁਤਾਬਕ ਹਰਮੇਲ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਹਰਮੇਲ ਦਾਸ ਦੀ ਪਤਨੀ ਰਾਜਿੰਦਰ ਕੌਰ ਦੇ ਆਸ਼ਕ ਜਗਜੀਤ ਜੱਗੂ ਵਾਸੀ ਪਿੰਡ ਲੰਗ ਨੇ ਆਪਣੇ ਦੋਸਤ ਪਰਮਿੰਦਰ ਸਿੰਘ ਨਾਲ ਮਿਲ ਕੇ ਕੀਤਾ ਹੈ। ਪੁਲਸ ਨੇ ਰਾਜਿੰਦਰ ਕੌਰ, ਜਗਜੀਤ ਸਿੰਘ ਜੱਗੂ ਅਤੇ ਪਰਮਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਕਤਲ ਕਰਨ ਲਈ ਵਰਤੀ ਗਈ ਤਲਵਾਰ ਵੀ ਬਰਾਮਦ ਕਰ ਲਈ ਹੈ। ਮੋਟਰਸਾਈਕਲ ਦੀ ਭਾਲ ਜਾਰੀ ਹੈ।
ਦੱਸਣਯੋਗ ਹੈ ਕਿ ਹਰਮੇਲ ਦਾਸ ਪਾਵਰਕਾਮ ਵਿਚ ਮੀਟਰ ਰੀਡਰ ਸੀ। ਪਿੰਡ ਰੱਖੜਾ ਵਿਖੇ ਤਾਇਨਾਤ ਸੀ। ਲੰਘੀ 18 ਜੁਲਾਈ ਨੂੰ ਉਹ ਆਪਣੇ ਘਰ ਤੋਂ ਚੱਲਿਆ ਅਤੇ ਦਫਤਰ ਸਿਰਫ 2 ਘੰਟੇ ਠਹਿਰਣ ਤੋਂ ਬਾਅਦ ਫੀਲਡ ਵਿਚ ਚਲਾ ਗਿਆ। ਸ਼ਾਮ ਨੂੰ 9.30 ਵਜੇ ਹਰਮੇਲ ਦਾਸ ਦੀ ਆਖਰੀ ਵਾਰ ਗੱਲ ਹੋਈ। ਇਸ ਤੋਂ ਬਾਅਦ ਫੋਨ ਸਵਿੱਚ ਆਫ ਹੋ ਗਿਆ। ਪਰਿਵਾਰ ਵਾਲਿਆਂ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਅਤੇ 20 ਜੁਲਾਈ ਨੂੰ ਸ਼ੁਤਰਾਣਾ ਦੇ ਨੇੜਿਓਂ ਹਰਮੇਲ ਦਾਸ ਦੀ ਲਾਸ਼ ਬਰਾਮਦ ਹੋ ਗਈ। ਉਸ ਦੇ ਸਿਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ ਅਤੇ ਪੋਸਟਮਾਰਟਮ ਵਿਚ ਇਹ ਸਾਹਮਣੇ ਆਏ। ਪੁਲਸ ਨੇ ਕਤਲ ਦਾ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਕਿਉਂ ਅਤੇ ਕਿਵੇਂ ਕੀਤਾ ਕਤਲ?
ਹਰਮੇਲ ਦਾਸ ਦੀ ਪਤਨੀ ਰਾਜਿੰਦਰ ਕੌਰ ਦੇ ਜੱਗੂ ਨਾਲ ਨਾਜਾਇਜ਼ ਸਬੰਧ ਸਨ। ਰਾਜਿੰਦਰ ਕੌਰ ਅਤੇ ਜੱਗੂ ਹਰਮੇਲ ਦਾਸ ਨੂੰ ਰਸਤੇ ਦਾ ਰੋੜਾ ਸਮਝਣ ਲੱਗ ਪਏ ਸਨ। ਕਤਲ ਵਾਲੇ ਦਿਨ ਦੁਪਹਿਰ ਨੂੰ ਪਹਿਲਾਂ ਦੋਵੇਂ ਇਕੱਠੇ ਹਰਮੇਲ ਦਾਸ ਦੇ ਘਰ ਆਏ। ਬਾਅਦ 'ਚ ਦੋਵੇਂ ਸਨੌਰ ਗਏ ਜਿਥੇ ਦੋਵਾਂ ਨੇ ਇਕੱਠਿਆਂ ਸ਼ਰਾਬ ਪੀਤੀ। ਸ਼ਰਾਬ ਪੀਣ ਤੋਂ ਬਾਅਦ ਦੋਵੇਂ ਜੱਗੂ ਦੇ ਪਿੰਡ ਲੰਗ ਚਲੇ ਗਏ। ਉਥੇ ਫਿਰ ਦੋਵਾਂ ਨੇ ਨਹਿਰ ਕੰਢੇ ਸ਼ਰਾਬ ਪੀਤੀ। ਉਥੇ ਜੱਗੂ ਨੇ ਆਪਣੇ ਦੋਸਤ ਪਰਮਿੰਦਰ ਸਿੰਘ ਨੂੰ ਬੁਲਾ ਲਿਆ। ਤਿੰਨਾਂ ਨੇ ਸ਼ਰਾਬ ਪੀਤੀ ਅਤੇ ਹਰਮੇਲ ਦਾਸ ਦੇ ਸਿਰ 'ਚ ਤਲਵਾਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਲਾਸ਼ ਅਤੇ ਉਸ ਦਾ ਮੋਟਰਸਾਈਕਲ ਭਾਖੜਾ ਨਹਿਰ ਵਿਚ ਸੁੱਟ ਦਿੱਤਾ।
ਜੱਗੂ ਹੈ ਰਾਜਿੰਦਰ ਕੌਰ ਦੇ ਪੁੱਤਰ ਦੀ ਉਮਰ ਦਾ
ਹਰਮੇਲ ਦਾਸ ਦੀ ਪਤਨੀ ਰਾਜਿੰਦਰ ਕੌਰ ਦਾ ਆਸ਼ਕ ਜੱਗੂ ਰਾਜਿੰਦਰ ਕੌਰ ਦੇ ਪੁੱਤਰ ਦੀ ਉਮਰ ਦਾ ਹੈ। ਰਾਜਿੰਦਰ ਕੌਰ ਦੀ ਉਮਰ 40 ਸਾਲ ਅਤੇ ਜੱਗੂ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ। ਜੱਗੂ ਇੰਨਾ ਸ਼ਾਤਰ ਸੀ ਕਿ ਪਹਿਲੇ 2 ਦਿਨ ਤਾਂ ਪੁਲਸ ਦੇ ਨਾਲ ਹੀ ਘੁੰਮਦਾ ਰਿਹਾ। ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ ਕੀਤੀ। ਜਦੋਂ ਪੁਲਸ ਵੱਲੋਂ ਜਿਹੜੀਆਂ ਥਿਊਰੀਆਂ 'ਤੇ ਕੰਮ ਕੀਤਾ ਜਾ ਰਿਹਾ ਸੀ, ਉਹ ਸਿੱਧੇ ਜੱਗੂ ਵੱਲ ਪਹੁੰਚੀਆਂ ਤਾਂ ਪੁਲਸ ਨੇ ਜੱਗੂ ਨੂੰ ਗ੍ਰਿਫਤਾਰ ਕਰ ਲਿਆ।