ਜਲੰਧਰ: ਮਾਤਾ ਰਾਣੀ ਦੇ ਜਗਰਾਤੇ ’ਚ ਸ਼ਰਾਰਤੀ ਅਨਸਰਾਂ ਵੱਲੋਂ ਕਿਰਪਾਨਾਂ ਨਾਲ ਭੰਨ-ਤੋੜ, ਜੋਤ ਬੁਝਾਉਣ ਦੀ ਕੀਤੀ ਕੋਸ਼ਿਸ਼
Monday, Nov 14, 2022 - 10:30 AM (IST)
ਜਲੰਧਰ (ਬਿਊਰੋ)- ਪੰਜਾਬ ਦੇ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ। ਪੰਜਾਬ ਦੇ ਜਲੰਧਰ ’ਚ ਮਾਤਾ ਰਾਣੀ ਦੇ ਜਗਰਾਤੇ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਿਰਪਾਨਾਂ ਅਤੇ ਹੋਰ ਹਥਿਆਰਾਂ ਨਾਲ ਲੈਸ ਹੋ ਕੇ ਜੋਤ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਘਟਨਾ ਨਿਊ ਗੁਰੂ ਨਾਨਕ ਨਗਰ ਵਿਚ ਵਾਪਰੀ, ਜਿੱਥੇ ਮੁਕੇਸ਼ ਕੁਮਾਰ ਅਤੇ ਸੋਨੂੰ ਨਾਂ ਦੇ ਵਿਅਕਤੀ ਦੇ ਘਰ ਜਗਰਾਤਾ ਹੋ ਰਿਹਾ ਸੀ, ਇਸ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਕਿਰਪਾਨਾਂ ਨਾਲ ਹਮਲਾ ਕਰ ਕੇ ਭੰਨ-ਤੋੜ ਕੀਤੀ ਗਈ। ਹਮਲੇ ਦੀ ਵੀਡੀਓ ਐਤਵਾਰ ਨੂੰ ਵਾਇਰਲ ਵੀ ਹੋ ਗਈ, ਜਿਸ ਨਾਲ ਹਿੰਦੂ ਸਮਾਜ ’ਚ ਕਾਫੀ ਗੁੱਸਾ ਹੈ।
ਇਸ ਘਟਨਾ ਤੋਂ ਬਾਅਦ ਸਾਬਕਾ ਸੀ. ਪੀ. ਏ. ਤੇ ਭਾਜਪਾ ਦੇ ਸੀਨੀਅਰ ਆਗੂ ਕੇ. ਡੀ. ਭੰਡਾਰੀ ਅਤੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਵਰਕਰਾਂ ਤੇ ਸਾਥੀਆਂ ਸਮੇਤ ਪੀੜਤਾਂ ਦੇ ਘਰ ਪਹੁੰਚੇ ਅਤੇ ਪੁਲਸ ਨੂੰ ਵੀ ਮੌਕੇ ’ਤੇ ਬੁਲਾਇਆ। ਮੌਕੇ ’ਤੇ ਥਾਣਾ ਨੰਬਰ-1 ਦੇ ਇੰਚਾਰਜ ਪੁਲਸ ਟੀਮ ਨਾਲ ਉਥੇ ਪਹੁੰਚੇ ਅਤੇ ਕਾਰਵਾਈ ਦਾ ਭਰੋਸਾ ਦਿੱਤਾ। ਭੰਡਾਰੀ ਨੇ ਕਿਹਾ ਕਿ ਦੋਹਾਂ ਵਿਅਕਤੀਆਂ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਮਹਾਮਾਈ ਦੀ ਜੋਤ ’ਤੇ ਵੀ ਤਲਵਾਰ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਘਿਨੌਣਾ ਕੰਮ ਮੁਆਫੀ ਯੋਗ ਨਹੀਂ ਹੈ ਅਤੇ ਦੋਵਾਂ ਮੁਲਜ਼ਮਾਂ ’ਤੇ ਪੁਲਸ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਘਰ ’ਚ ਦਾਖਲ ਹੋ ਕੇ ਹਮਲਾ ਕਰਨ, ਔਰਤ ’ਤੇ ਹਮਲਾ ਕਰਨ ਤੇ ਧਮਕਾਉਣ ਆਦਿ ਧਾਰਾਵਾਂ ਤਹਿਤ ਕੇਸ ਦਰਜ ਕਰੇ ਅਤੇ ਤੁਰੰਤ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ।
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਸੂਬਾਈ ਬੁਲਾਰਾ ਮਹਿੰਦਰ ਭਗਤ, ਭਾਜਪਾ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਅਤੇ ਹੋਰ ਆਗੂਆਂ ਨੇ ਕਿਹਾ ਕਿ ਪੁਲਸ ਦੀ ਮੌਜੂਦਗੀ ਵਿਚ ਇਸ ਤਰ੍ਹਾਂ ਦੀ ਘਟਨਾ ਹੋਣਾ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਗੈਰ-ਸਮਾਜੀ ਸ਼ਰਾਰਤੀ ਅਨਸਰਾਂ ਵੱਲੋਂ ਚੱਲ ਰਹੇ ਜਗਰਾਤੇ ਦੌਰਾਨ ਤੇਜ਼ਧਾਰ ਹਥਿਆਰ ਲਹਿਰਾ ਕੇ ਜਗਰਾਤੇ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਇਥੋਂ ਤੱਕ ਕਿ ਮਾਤਾ ਰਾਣੀ ਦੀ ਪਵਿੱਤਰ ਜੋਤ ਨੂੰ ਵੀ ਤੇਜ਼ਧਾਰ ਹਥਿਆਰਾਂ ਨਾਲ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ।
ਭਾਜਪਾ ਆਗੂਆਂ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਇਹ ਹਰਕਤ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਵੱਡਾ ਜੁਰਮ ਹੈ। ਇਸ ’ਚ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਕਿ ਇਹ ਸਾਰਾ ਘਟਨਾਕ੍ਰਮ ਪੁਲਸ ਦੀ ਮੌਜੂਦਗੀ ’ਚ ਹੋਇਆ। ਭਾਰਤੀ ਜਨਤਾ ਪਾਰਟੀ ਇਸ ਦਾ ਪੁਰਜ਼ੋਰ ਵਿਰੋਧ ਕਰਦੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੀ ਹੈ।