ਭਗਵੰਤ ਮਾਨ ਨੇ ਸਕੂਲ ਦੇ ਬੱਚਿਆਂ ਨੂੰ ਦਿਖਾਈ ਪਾਰਲੀਮੈਂਟ ’ਚ ਚੱਲਦੀ ਕਾਰਵਾਈ

12/15/2019 6:26:06 PM

ਸ਼ੇਰਪੁਰ (ਸਿੰਗਲਾ) - ਪੰਜਾਬ ਦੇ ਸਿਆਸੀ ਲੋਕ ਜਿੱਥੇ ਜਿੱਤ ਹਾਸਲ ਕਰਨ ਮਗਰੋਂ ਆਮ ਲੋਕਾਂ ’ਚ ਨਾ ਆਉਣ ਕਰਕੇ ਚਰਚਾ ’ਚ ਰਹਿੰਦੇ ਹਨ, ਉਥੇ ਹੀ ਲੋਕ ਸਭਾ ਹਲਕਾ ਸੰਗਰੂਰ ਦੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਕਈ ਜ਼ਿਲਿਆਂ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੇ ਗਿਆਨ ’ਚ ਵਾਧਾ ਕਰ ਰਹੇ ਹਨ। ਜਾਣਕਾਰੀ ਅਨੁਸਾਰ ਭਗਵੰਤ ਮਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਲੋਕ ਸਭਾ ਦੇ ਇਜਲਾਸ ਦੌਰਾਨ ਚੱਲ ਰਹੀ ਕਾਰਵਾਈ, ਦਿੱਲੀ ਸਥਿਤ ਪਾਰਲੀਮੈਂਟ ਦੀ ਪ੍ਰਸਿੱਧ ਇਮਾਰਤ ਦਿਖਾਉਣ ਅਤੇ ਹੋਰ ਇਤਿਹਾਸਕ ਥਾਵਾਂ ਦੇ ਦਰਸ਼ਨ ਕਰਵਾਉਣ ਦੇ ਯਤਨ ਕਰ ਰਹੇ ਹਨ। ਇਸ ਤੋਂ ਇਲਾਵਾ ਮਾਨ ਨੇ ਇਸ ਵਾਰ ਦੇ ਪਾਰਲੀਮੈਂਟ ਸੈਸ਼ਨ ’ਚ ਕਈ ਸਕੂਲਾਂ ਦੇ ਬੱਚਿਆਂ, ਅਧਿਆਪਕਾਂ, ਆਮ ਲੋਕਾਂ ਨੂੰ ਦਿੱਲੀ ਵੀ ਬੁਲਾਇਆ ਸੀ। 

ਦੱਸ ਦੇਈਏ ਕਿ ਭਗਵੰਤ ਮਾਨ ਨੇ ਇਸ ਦੌਰਾਨ ਇਕ ਗਾਈਡ ਵਾਂਗ ਸਕੂਲੀ ਬੱਚਿਆਂ ਦੇ ਅੱਗੇ ਲੱਗ ਕੇ ਉਨ੍ਹਾਂ ਨੂੰ ਪਾਰਲੀਮੈਂਟ ਦੀ ਜਾਣਕਾਰੀ ਦਿੰਦੇ ਹੋਏ ਮਿਊਜ਼ੀਅਮ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਵੱਖ-ਵੱਖ ਥਾਵਾਂ ’ਤੇ ਲਿਜਾ ਕੇ ਉਨ੍ਹਾਂ ਦੇ ਬਾਰੇ ਸੱਪਸ਼ਟ ਜਾਣਕਾਰੀ ਵੀ ਦਿੱਤੀ। ਮਾਨ ਨੇ ਕੇਂਦਰ ਦੇ ਮੰਤਰੀਆਂ ਅਤੇ ਲੋਕ ਸਭਾ ਦੇ ਮੈਂਬਰਾਂ ਨਾਲ ਵੀ ਬੱਚਿਆਂ ਦੀ ਮੁਲਾਕਾਤ ਕਰਵਾਈ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਖੁੱਲ੍ਹਾ ਸੱਦਾ ਹੈ ਕਿ ਜੇਕਰ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਦੇ ਬੱਚੇ ਪਾਰਲੀਮੈਂਟ ਦੇਖਣਾ ਚਾਹੁੰਦੇ ਹਨ ਤਾਂ ਉਹ ਉਨ੍ਹਾਂ ਬੱਚਿਆਂ ਨੂੰ ਪਾਰਲੀਮੈਂਟ ਦਿਖਾਉਣ ਦਾ ਪ੍ਰਬੰਧ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਸੰਗਰੂਰ ਲੋਕ ਸਭਾ ਹਲਕਾ ਤੋਂ ਪਾਰਲੀਮੈਂਟ ਮੈਂਬਰ ਹਨ, ਜੇਕਰ ਕਿਸੇ ਹੋਰ ਜ਼ਿਲੇ ਦੇ ਬੱਚੇ ਉਨ੍ਹਾਂ ਰਾਹੀਂ ਪਾਰਲੀਮੈਂਟ ਦੀ ਚੱਲਦੀ ਕਾਰਵਾਈ ਅਤੇ ਪਾਰਲੀਮੈਂਟ ਦੀ ਪ੍ਰਸਿੱਧ ਇਮਾਰਤ ਦੇਖਣਾ ਚਾਹੁੰਦੇ ਹਨ ਤਾਂ ਉਹ ਉਨ੍ਹਾਂ ਦੀ ਮਦਦ ਕਰ ਸਕਦੇ ਹਨ।


rajwinder kaur

Content Editor

Related News