''ਆਪ'' ਦੀ ਸਰਕਾਰ ''ਚ ਪੰਜਾਬ ਫਿਰ ਬਣੇਗਾ ''ਰੰਗਲਾ ਪੰਜਾਬ'' : ਭਗਵੰਤ ਮਾਨ

02/14/2020 1:05:06 AM

ਚੰਡੀਗੜ੍ਹ,,(ਮਹਾਵੀਰ)- ਪੰਜਾਬ 'ਆਪ' ਦੇ ਮੁਖੀ ਭਗਵੰਤ ਮਾਨ ਨੇ ਕਿਹਾ ਕਿ 2020 ਵਿਚ ਦਿੱਲੀ ਸਾਡੀ ਹੋਈ ਹੈ ਅਤੇ 2022 ਵਿਚ ਪੰਜਾਬ ਦੀ ਵਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦਾ ਫਿਰ ਤੋਂ 'ਰੰਗਲਾ ਪੰਜਾਬ' ਵਾਲਾ ਸਰੂਪ ਬਹਾਲ ਕੀਤਾ ਜਾਵੇਗਾ। ਭਗਵੰਤ ਮਾਨ ਦਿੱਲੀ ਵਿਚ 'ਪੰਜਾਬ ਕੇਸਰੀ' ਗਰੁੱਪ ਨਾਲ ਗੱਲਬਾਤ ਕਰ ਰਹੇ ਸਨ। ਦਿੱਲੀ ਵਿਚ ਦੁਬਾਰਾ 'ਆਪ' ਦੇ ਜ਼ਬਰਦਸਤ ਪ੍ਰਦਰਸ਼ਨ ਬਾਰੇ ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਜਿੱਤ ਹੈ। ਦਿੱਲੀ ਦੀ ਜਿੱਤ ਈਮਾਨਦਾਰੀ, ਬਿਜਲੀ, ਪਾਣੀ ਦੀ ਜਿੱਤ ਹੈ। ਦਿੱਲੀ ਦੀ ਜਿੱਤ ਮੁਹੱਲਾ ਕਲੀਨਿਕਾਂ ਤੇ ਬੇਰੋਜ਼ਗਾਰੀ ਨੂੰ ਦੂਰ ਕਰਨ ਦੀ ਸੋਚ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਜਿੱਤ ਦੇਸ਼ ਨੂੰ ਤੋੜਨ ਵਾਲਿਆਂ ਖਿਲਾਫ ਜਨਤਾ ਦੀ ਜਿੱਤ ਹੈ। ਪੰਜਾਬ 'ਚ ਚੋਣਾਂ ਦੌਰਾਨ ਕੀ ਮੁੱਦੇ ਰਹਿਣਗੇ, ਇਸ ਸਬੰਧੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਦੇ ਦਿੱਲੀ ਨਾਲੋਂ ਵੱਖਰੇ ਨਹੀਂ ਹਨ। ਪੰਜਾਬ ਵਿਚ ਵੀ 'ਆਪ' ਇਸੇ ਈਮਾਨਦਾਰੀ ਨਾਲ ਰੋਜ਼ਗਾਰ, ਮੁਹੱਲਾ ਕਲੀਨਿਕ, ਸਕੂਲ ਤੇ ਬਿਜਲੀ, ਪਾਣੀ ਦੇ ਮੁੱਦਿਆਂ 'ਤੇ ਚੋਣ ਲੜੇਗੀ। ਜਦੋਂ ਉਨ੍ਹਾਂ ਕੋਲੋਂ ਇਹ ਪੁੱਛਿਆ ਗਿਆ ਕਿ 'ਆਪ' ਦਾ ਮੁਕਾਬਲਾ ਪੰਜਾਬ 'ਚ ਅਕਾਲੀ ਦਲ ਨਾਲ ਹੋਵੇਗਾ ਜਾਂ ਕਾਂਗਰਸ ਨਾਲ ਤਾਂ ਉਨ੍ਹਾਂ ਕਿਹਾ ਕਿ 'ਆਪ' ਦਾ ਮੁਕਾਬਲਾ ਪੰਜਾਬ ਵਿਚ ਫੈਲੇ ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਨਸ਼ਾਖੋਰੀ ਨਾਲ ਹੋਵੇਗਾ।

'ਸੱਭਿਅਤਾ ਹਮੇਸ਼ਾ ਚੰਗੀ ਦਿਸ਼ਾ ਦਿਖਾਉਣ ਲਈ ਸ਼ੀਸ਼ੇ ਦਾ ਕੰਮ ਕਰਦੀ ਹੈ'

ਉਨ੍ਹਾਂ ਕਿਹਾ ਕਿ 'ਆਪ' ਦੀ ਸਰਕਾਰ ਪੰਜਾਬ ਵਿਚ ਆਉਣ 'ਤੇ ਪੰਜਾਬ ਦਾ ਵਿਕਾਸ ਇਸ ਕਦਰ ਕੀਤਾ ਜਾਵੇਗਾ ਕਿ ਪੰਜਾਬ ਛੱਡ ਕੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਆਪਣਾ ਦੇਸ਼ ਤੇ ਪ੍ਰਦੇਸ਼ ਛੱਡਣਾ ਨਾ ਪਵੇ। ਪੰਜਾਬੀ ਗਾਣਿਆਂ ਵਿਚ ਫੁਕਰੇਪਣ ਤੇ ਅਸ਼ਾਂਤੀ ਵਾਲੇ ਵੀਡੀਓਜ਼ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਸਭਿਅਤਾ ਹਮੇਸ਼ਾ ਚੰਗੀ ਦਿਸ਼ਾ ਦਿਖਾਉਣ ਲਈ ਸ਼ੀਸ਼ੇ ਦਾ ਕੰਮ ਕਰਦੀ ਹੈ। ਇਸ ਲਈ ਸੱਭਿਅਤਾ ਦਾ ਸ਼ੀਸ਼ਾ ਜੇਕਰ ਝੂਠ ਬੋਲ ਕੇ ਗਲਤ ਰਾਹ ਦਿਖਾਵੇਗਾ ਤਾਂ ਇਹ ਸਮਾਜ ਲਈ ਚੰਗਾ ਨਹੀਂ ਹੈ। ਪੰਜਾਬ ਦਾ ਇਤਿਹਾਸ ਮੰਤਰ-ਮੁਗਧ ਕਰਨ ਵਾਲੇ ਗੀਤਾਂ ਨਾਲ ਭਰਿਆ ਹੈ। ਇਸ ਲਈ ਬੰਦੂਕਾਂ ਤੇ ਰਿਵਾਲਵਰਾਂ ਵਾਲਾ ਗੀਤ-ਸੰਗੀਤ ਪੰਜਾਬ ਦੀ ਸਭਿਅਤਾ ਨਹੀਂ ਹੈ।

ਹੋਰਨਾਂ ਸੂਬਿਆਂ 'ਚ ਵੀ ਜਿੱਤ ਦਰਜ ਕਰੇਗੀ 'ਆਪ'

ਉਨ੍ਹਾਂ ਕਿਹਾ ਕਿ ਜਿੱਤ ਸੱਚਾਈ ਦੀ ਹੁੰਦੀ ਹੈ, ਇਹ ਦਿੱਲੀ ਦੀ ਜਨਤਾ ਨੇ ਤੀਸਰੀ ਵਾਰ ਸਾਬਤ ਕੀਤਾ ਹੈ। 'ਆਪ' ਦੀ ਦਿੱਲੀ ਵਿਚ ਇਹ ਤੀਸਰੀ ਜਿੱਤ ਨਾ ਸਿਰਫ ਪੰਜਾਬ ਬਲਕਿ ਹੋਰ ਸੂਬਿਆਂ ਵਿਚ ਵੀ ਪਾਰਟੀ ਨੂੰ ਜਿੱਤਣ ਵਿਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਦਿੱਲੀ ਵਿਚ 'ਆਪ' ਦੀ ਸੋਚ ਅਤੇ ਉਸ ਨੂੰ ਸਮਰਥਨ ਦਾ ਇਸ਼ਾਰਾ ਪੂਰੇ ਦੇਸ਼ ਨੇ ਕਰ ਦਿੱਤਾ ਹੈ। ਭਾਜਪਾ ਦੇਸ਼ ਤੋਂ ਬਾਅਦ ਦਿੱਲੀ ਦੀ ਵਾਰੀ ਦੀ ਗੱਲ ਕਰਦੀ ਸੀ ਅਤੇ 'ਆਪ' ਦਿੱਲੀ ਤੋਂ ਬਾਅਦ ਦੇਸ਼ ਦੀ ਗੱਲ ਕਰ ਰਹੀ ਹੈ। ਇਸ ਲਈ ਆਉਣ ਵਾਲਾ ਸਮਾਂ 'ਆਪ' ਦਾ ਹੈ ਕਿਉਂਕਿ ਦੇਸ਼ ਦੀ ਜਨਤਾ ਸੱਚ ਤੇ ਝੂਠ ਵਿਚ ਫਰਕ ਸਮਝ ਚੁੱਕੀ ਹੈ।


Related News