ਧਰਮ ਦੀ ਰਾਜਨੀਤੀ ਕਰਨ ਵਾਲੇ ਹੁਣ ਮੰਗ ਰਹੇ ਨੇ ਮੁਆਫ਼ੀਆਂ : ਭਗਵੰਤ ਮਾਨ

Friday, Dec 20, 2024 - 12:07 PM (IST)

ਧਰਮ ਦੀ ਰਾਜਨੀਤੀ ਕਰਨ ਵਾਲੇ ਹੁਣ ਮੰਗ ਰਹੇ ਨੇ ਮੁਆਫ਼ੀਆਂ : ਭਗਵੰਤ ਮਾਨ

ਜਲੰਧਰ/ਲੁਧਿਆਣਾ (ਧਵਨ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਧਰਮ ਦੀ ਰਾਜਨੀਤੀ ਕਰਨ ਵਾਲੇ ਸਿਆਸਤਦਾਨਾਂ ਦਾ ਨਾਂ ਪ੍ਰਮਾਤਮਾ ਨੇ ਰਾਜਨੀਤੀ ਤੋਂ ਮਿਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਲੋਕਾਂ ਦਾ ਬਹੁਤ ਸ਼ੋਸ਼ਣ ਕੀਤਾ ਹੈ। ਹੁਣ ਉਹ ਰੱਬ ਦੀ ਕਚਹਿਰੀ ਵਿਚ ਜਾ ਕੇ ਮੁਆਫ਼ੀਆਂ ਮੰਗ ਰਹੇ ਹਨ। ਮੁੱਖ ਮੰਤਰੀ ਵੀਰਵਾਰ ਨਗਰ ਨਿਗਮ ਚੋਣਾਂ ਸਬੰਧੀ ਲੁਧਿਆਣਾ ਵਿਚ ‘ਆਪ’ ਉਮੀਦਵਾਰਾਂ ਦੇ ਹੱਕ ਵਿਚ ਕੱਢੇ ਗਏ ਰੋਡ ਸ਼ੋਅ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਘੁਮਾਰ ਮੰਡੀ ਉਨ੍ਹਾਂ ਲਈ ਕੋਈ ਨਵੀਂ ਨਹੀਂ ਹੈ। ਜਦੋਂ ਉਨ੍ਹਾਂ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਤਾਂ ਉਹ ਅਕਸਰ ਇੱਥੇ ਆਉਂਦੇ ਰਹਿੰਦੇ ਸਨ।

ਭਗਵੰਤ ਮਾਨ ਨੇ ਕਿਹਾ ਕਿ ਉਹ ਵੋਟਰਾਂ ਨੂੰ ਅਪੀਲ ਕਰਦੇ ਹਨ ਕਿ ਉਹ 21 ਦਸੰਬਰ ਨੂੰ ਝਾੜੂ ਦਾ ਚੋਣ ਨਿਸ਼ਾਨ ਵੇਖ ਕੇ ਬਟਨ ਦਬਾਉਣ। ਇਸ ਨਾਲ ਲੁਧਿਆਣਾ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਚੁਣੇ ਹੋਏ ਕੌਂਸਲਰ ਅਤੇ ਮੇਅਰ ਉਨ੍ਹਾਂ ਕੋਲ ਜੋ ਵੀ ਪ੍ਰਾਜੈਕਟ ਮਨਜ਼ੂਰੀ ਲਈ ਲੈ ਕੇ ਆਉਣਗੇ, ਉਹ ਉਸ ਨੂੰ ਮਨਜ਼ੂਰੀ ਦੇਣਗੇ।

ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੰਮ੍ਰਿਤਸਰ, ਜਲੰਧਰ ਅਤੇ ਫਗਵਾੜਾ ਵਿਚ ਰਵਾਇਤੀ ਪਾਰਟੀਆਂ ਦਾ ਸਫ਼ਾਇਆ ਹੁੰਦਾ ਵਿਖਾਈ ਦੇ ਰਿਹਾ ਹੈ ਕਿਉਂਕਿ ਬੀਤੇ ਦਿਨੀਂ ਕੀਤੇ ਗਏ ਰੋਡ ਸ਼ੋਅ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲਿਆ ਹੈ। ਲੋਕ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਵੇਂ ਚਿਹਰਿਆਂ ਅਤੇ ਨਵੀਂ ਪਾਰਟੀ ਨੂੰ ਹੀ ਮੌਕਾ ਦੇਣਾ ਚਾਹੀਦਾ ਹੈ। ਜੇਕਰ ਸਾਡੇ ਕੋਲੋਂ ਕੋਈ ਕਮੀ ਰਹਿ ਜਾਵੇ ਤਾਂ ਅਗਲੀ ਵਾਰ ਲੋਕ ਸਾਡਾ ਸਾਥ ਨਾ ਦੇਣ। ਮੁੱਖ ਮੰਤਰੀ ਨੇ ਕਿਹਾ ਕਿ ਲੋਕ ਪੁਰਾਣੀਆਂ ਰਵਾਇਤੀ ਪਾਰਟੀਆਂ ਨੂੰ ਪਰਖ ਚੁੱਕੇ ਹਨ। ਆਮ ਆਦਮੀ ਪਾਰਟੀ ਵਿਚ ਪੰਜਾਬ ਪ੍ਰਤੀ ਜਨੂੰਨ ਹੈ। ਅਸੀਂ ਪਿੰਡਾਂ ਨੂੰ ਚਮਕਾ ਰਹੇ ਹਾਂ ਅਤੇ ਸ਼ਹਿਰਾਂ ਨੂੰ ਵੀ ਚਮਕਾਵਾਂਗੇ। ਲੁਧਿਆਣਾ ਵਿਚ ਇਕ ਅਸਲੀ ਝਾੜੂ ਕੰਮ ਕਰੇਗਾ ਅਤੇ ਇਸ ਨੂੰ ਚਮਕਾ ਦੇਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਲੋਕਾਂ ਤੋਂ ਸਮਰਥਨ ਚਾਹੀਦਾ ਹੈ ਤਾਂ ਜੋ ਅਸੀਂ ਪੰਜਾਬ ਨੂੰ ਠੀਕ ਕਰ ਸਕੀਏ। ਇਸ ਲਈ ਸਾਰਿਆਂ ਨੂੰ ਪੋਲਿੰਗ ਬੂਥਾਂ ’ਤੇ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ। ਅਸੀਂ ਸਾਰੇ ਦਿਨ-ਤਿਉਹਾਰ ਇਕੱਠੇ ਮਨਾਉਂਦੇ ਹਾਂ। ਪੰਜਾਬ ਵਿਚ ਨਫ਼ਰਤ ਦਾ ਬੀਜ ਨਹੀਂ ਪੁੰਗਰੇਗਾ। ਜੋ ਵੀ ਕੋਸ਼ਿਸ਼ ਕਰੇਗਾ, ਉਸ ਨੂੰ ਮੂੰਹ ਦੀ ਖਾਣੀ ਪਵੇਗੀ।

ਇਹ ਵੀ ਪੜ੍ਹੋ- ਕੈਨੇਡਾ 'ਚ ਬੱਚਿਆਂ ਨੂੰ ਮਿਲ ਕੇ ਪੰਜਾਬ ਪਰਤ ਰਹੀ ਮਾਂ ਦੀ ਜਹਾਜ਼ 'ਚ ਮੌਤ

ਮੁੱਖ ਮੰਤਰੀ ਨੇ ਕਿਹਾ ਕਿ ਲੁਧਿਆਣਾ ਉਨ੍ਹਾਂ ਦੀ ਕਰਮਭੂਮੀ ਹੈ ਕਿਉਂਕਿ ਇਥੋਂ ਹੀ ਉਹ ਸਟਾਰ ਬਣੇ ਸਨ। ਲੋਕਾਂ ਨੇ ਬਹੁਤ ਕੁਝ ਦਿੱਤਾ ਹੈ, ਹੁਣ ਮੇਰਾ ਫਰਜ਼ ਬਣਦਾ ਹੈ ਕਿ ਲੋਕਾਂ ਨੂੰ ਵਿਆਜ ਸਮੇਤ ਮੂਲ ਵਾਪਸ ਕਰਾਂ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਪੈਸਾ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ। ਸਿਆਸਤਦਾਨ ਜੋ ਪਹਿਲਾਂ 6-6 ਪੈਨਸ਼ਨਾਂ ਲੈ ਰਹੇ ਸਨ, ਉਹ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਿਆਸਤਦਾਨ ਸੇਵਾ ਕਰਨ ਦਾ ਮੌਕਾ ਮੰਗਦੇ ਹਨ ਪਰ ਸੇਵਾ ਦੇ ਬਦਲੇ ਪੈਨਸ਼ਨ ਥੋੜ੍ਹਾ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਆਮ ਜਨਤਾ ਦਾ ਹੈ ਤਾਂ ਕੌਂਸਲਰ ਵੀ ਆਮ ਜਨਤਾ ਦਾ ਹੀ ਹੋਣਾ ਚਾਹੀਦਾ ਹੈ। ਰੋਡ ਸ਼ੋਅ ’ਚ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਸਮੇਤ ਕਈ ਕੈਬਨਿਟ ਮੰਤਰੀਆਂ ਨੇ ਸ਼ਿਰਕਤ ਕੀਤੀ।
 

ਇਹ ਵੀ ਪੜ੍ਹੋ- ਦੁੱਖ਼ਦਾਇਕ ਖ਼ਬਰ: ਜਾਰਜੀਆ ਦੇ ਹੋਟਲ 'ਚ ਵਾਪਰੀ ਘਟਨਾ 'ਚ ਪਟਿਆਲਾ ਦੀ ਨਨਾਣ-ਭਰਜਾਈ ਦੀ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News