ਗੁਰਪ੍ਰੀਤ ਘੁੱਗੀ 'ਤੇ ਜ਼ੋਰਦਾਰ ਵਰ੍ਹੇ ਮਾਨ, ਦਿੱਤਾ ਇਹ ਵੱਡਾ ਚੈਲੰਜ

05/16/2019 8:11:22 AM

ਸੰਗਰੂਰ/ਸ਼ੇਰਪੁਰ, (ਸਿੰਗਲਾ)—  ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ 'ਆਪ' ਦੇ ਉਮੀਦਵਾਰ ਭਗਵੰਤ ਮਾਨ ਨੇ ਗੁਰਪ੍ਰੀਤ ਘੁੱਗੀ ਵੱਲੋਂ ਉਨ੍ਹਾਂ ਵਿਰੁੱਧ ਕਾਂਗਰਸ ਦੇ ਹੱਕ 'ਚ ਕੀਤੇ ਪ੍ਰਚਾਰ 'ਤੇ ਬੋਲਦਿਆਂ ਕਿਹਾ ਕਿ ਡੈਪੂਟੇਸ਼ਨ ਵਾਲੇ ਇਨਕਲਾਬੀਆਂ ਦੀ ਮਿਆਦ ਪੁੱਗ ਚੁੱਕੀ ਹੈ। ਅਸਲ ਹੀਰੋ ਅਤੇ ਫਿਲਮੀ ਹੀਰੋ ਵਿਚ ਫਰਕ ਹੁੰਦਾ ਹੈ। ਫਿਲਮਾਂ ਵਿਚ ਗੱਲਾਂ ਕਰਨੀਆਂ ਹੋਰ ਗੱਲ ਹੁੰਦੀ ਹੈ ਅਤੇ 45 ਡਿਗਰੀ ਤਾਪਮਾਨ 'ਚ ਪਿੰਡਾਂ ਦੀਆਂ ਗਲੀਆਂ-ਨਾਲੀਆਂ ਦਾ ਮੌਕਾ ਦੇਖਣਾ ਅਸਲ ਜ਼ਿੰਦਗੀ ਦੀ ਹਕੀਕਤ ਹੈ। ਉਨ੍ਹਾਂ ਕਿਹਾ ਕਿ ਘੁੱਗੀ ਸਾਹਿਬ ਤੁਸੀਂ ਸਿਰਫ ਜਿੱਤਣ ਲਈ ਆਏ ਸੀ, ਉਹ ਤੁਸੀਂ ਜਿੱਤ ਨਹੀਂ ਸਕੇ, ਇਸ ਕਰਕੇ ਤੁਸੀਂ ਆਪਣੀ ਗਲੈਮਰ ਵਾਲੀ ਜ਼ਿੰਦਗੀ 'ਚ ਵਾਪਸ ਚਲੇ ਗਏ ਹੋ, ਉਸ ਦੀਆਂ ਤੁਹਾਨੂੰ ਮੁਬਾਰਕਾਂ।

 

 

ਸ਼੍ਰੀ ਮਾਨ ਨੇ ਕਿਹਾ ਕਿ ਉਹ ਖੁਦ ਵੀ ਕਾਮੇਡੀ ਦੇ ਵੱਡੇ ਕਲਾਕਾਰ ਹਨ, ਉਹ ਵੀ ਚੋਣ ਹਾਰ ਗਏ ਸਨ ਪਰ ਉਨ੍ਹਾਂ ਲੋਕਾਂ ਦਾ ਸਾਥ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਉਹ ਤੁਹਾਡੇ ਵਾਂਗੂ ਡੈਪੂਟੇਸ਼ਨ 'ਤੇ ਇਨਕਲਾਬੀ ਨਹੀਂ। ਉਨ੍ਹਾਂ ਕਿਹਾ ਕਿ ਸੰਗਰੂਰ 'ਚ ਘੁੱਗੀਆਂ-ਗਟਾਰਾਂ ਦਾ ਕੁਝ ਨਹੀਂ ਬਣਨਾ ਕਿਉਂਕਿ ਇੱਥੇ ਬਾਜ (ਆਪ ਵਲੰਟੀਅਰ) ਉੱਡ ਰਹੇ ਹਨ।
ਘੁੱਗੀ ਵੱਲੋਂ ਮਾਨ ਦੇ ਸ਼ਰਾਬ ਪੀਣ ਸਬੰਧੀ ਕੀਤੀ ਟਿੱਪਣੀ 'ਤੇ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਸਿੰਘ ਢਿੱਲੋਂ ਕਿਹੜਾ ਮੈਂਗੋ ਸ਼ੇਕ ਪੀਂਦੇ ਹਨ। ਭਗਵੰਤ ਮਾਨ ਨੇ ਘੁੱਗੀ ਨੂੰ ਪੁੱਛਿਆ ਕਿ ਜਿਸ ਪਿੰਡ ਛਾਜਲੀ ਵਿਚ ਉਹ ਬੋਲ ਕੇ ਗਏ ਹਨ ਕੀ ਉਸ ਨੂੰ ਪਤਾ ਹੈ ਕਿ ਪਿੰਡ 'ਚ ਕੀ ਸਮੱਸਿਆਵਾਂ ਹਨ? ਉਸ ਪਿੰਡ ਦਾ ਢਾਈ ਕਰੋੜ ਰੁਪਇਆਂ ਪਰਲ ਕੰਪਨੀ ਵਿਚ ਫਸਿਆ ਹੋਇਆ ਹੈ ਅਤੇ ਇੱਥੋਂ ਦੇ ਅੱਧੀ ਦਰਜਨ ਤੋਂ ਵਧ ਵਿਅਕਤੀ ਖੁਦਕੁਸ਼ੀ ਕਰ ਗਏ ਹਨ। ਇਨ੍ਹਾਂ ਲੋਕਾਂ ਦਾ ਮਸਲਾ ਉਨ੍ਹਾਂ ਪਾਰਲੀਮੈਂਟ 'ਚ ਵੀ ਉਠਾਇਆ ਹੈ।
 

ਘੁੱਗੀ 'ਚ ਹਿੰਮਤ ਹੈ ਤਾਂ ਮੇਰੇ ਮੁਕਾਬਲੇ ਚੋਣ ਲੜੇ
ਮਾਨ ਨੇ ਕਿਹਾ ਕਿ ਕੀ ਗੁਰਪ੍ਰੀਤ ਘੁੱਗੀ ਨੂੰ ਪਤਾ ਹੈ ਕਿ ਭਗਵੰਤ ਮਾਨ ਦੀ ਪ੍ਰਾਪਰਟੀ ਪਿਛਲੇ 5 ਸਾਲਾਂ 'ਚ 80 ਫੀਸਦੀ ਘੱਟ ਗਈ ਹੈ। ਕੀ ਘੁੱਗੀ ਇਹ ਦੱਸਣਗੇ ਕਿ 2017 ਤੋਂ ਬਾਅਦ ਉਨ੍ਹਾਂ ਦੀ ਪ੍ਰਾਪਰਟੀ ਕਿੰਨੀ ਵਧ ਗਈ ਹੈ? ਉਨ੍ਹਾਂ ਕਿਹਾ ਕਿ ਜੇਕਰ ਘੁੱਗੀ 'ਚ ਹਿੰਮਤ ਹੈ ਤਾਂ ਉਹ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਕੇ ਉਨ੍ਹਾਂ ਦੇ ਮੁਕਾਬਲੇ ਚੋਣ ਲੜ ਲਵੇ। ਇਕ ਦਿਨ ਆ ਕੇ ਭਗਵੰਤ ਮਾਨ ਦਾ ਉਹ ਕੁਝ ਨਹੀਂ ਵਿਗਾੜ ਸਕਦਾ।


Related News