ਦਹੇਜ ਖਾਤਰ ਵਿਆਹੁਤਾ ਨਾਲ ਕੁੱਟਮਾਰ

03/19/2018 5:02:30 AM

ਕਪੂਰਥਲਾ, (ਮਲਹੋਤਰਾ)- ਇਕ ਵਿਆਹੁਤਾ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਕਰ ਕੇ ਉਸ ਨੂੰ ਕਥਿਤ ਤੌਰ 'ਤੇ ਜ਼ਹਿਰੀਲੀ ਵਸਤੂ ਪਿਲਾਉਣ ਤੋਂ ਬਾਅਦ ਉਸ ਦੀ ਹਾਲਤ ਵਿਗੜਨ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭਰਤੀ ਕਰਵਾਇਆ ਗਿਆ। 
ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਇਲਾਜ ਅਧੀਨ ਸਲੋਨੀ ਪੁੱਤਰੀ ਅਨਿਲ ਕੁਮਾਰ ਮਰਵਾਹਾ ਨਿਵਾਸੀ ਨਜ਼ਦੀਕ ਸਦਰ ਬਾਜ਼ਾਰ, ਕਪੂਰਥਲਾ ਨੇ ਦੱਸਿਆ ਕਿ ਉਸ ਦਾ ਵਿਆਹ ਤਕਰੀਬਨ 5 ਮਹੀਨੇ ਪਹਿਲਾਂ ਜਲੰਧਰ ਦੇ ਬਸਤੀ ਪੀਰਦਾਦ ਦੇ ਸੰਨੀ ਠਾਕੁਰ ਨਾਲ ਹੋਇਆ ਸੀ। ਉਸ ਦੇ ਪਿਤਾ ਨੇ ਆਪਣੀ ਹੈਸੀਅਤ ਤੋਂ ਵੱਧ ਚੜ੍ਹ ਕੇ ਖਰਚ ਕਰਦੇ ਹੋਏ ਵਿਆਹ ਕੀਤਾ ਸੀ। ਉਸ ਦੇ ਪਿਤਾ ਨੇ ਸੰਨੀ ਨੂੰ ਕਪੂਰਥਲਾ 'ਚ ਇਕ ਦੁਕਾਨ ਵੀ ਖੋਲ੍ਹ ਕੇ ਦਿੱਤੀ ਸੀ ਪਰ ਕੁਝ ਹੀ ਸਮੇਂ ਬਾਅਦ ਉਸ ਦੇ ਸਹੁਰੇ ਵਾਲੇ ਉਸ ਨੂੰ ਘੱਟ ਦਾਜ ਲਿਆਉਣ ਕਾਰਨ ਤਾਅਨੇ ਮਾਰਨ ਲੱਗੇ। ਘਰ 'ਚ ਉਸ ਦੀ ਸੱਸ, ਸਹੁਰਾ, ਨਨਾਣ, ਦਿਓਰ ਤੇ ਉਸ ਦਾ ਪਤੀ ਉਸ ਨੂੰ ਗੱਲ-ਗੱਲ 'ਤੇ ਤੰਗ ਕਰਦੇ ਹੋਏ ਕੁੱਟਮਾਰ ਵੀ ਕਰਦੇ ਸਨ। ਉਹ ਆਪਣੇ ਪੇਕਿਆਂ ਤੋਂ ਕਾਰ ਤੇ ਪੰਜ ਲੱਖ ਰੁਪਏ ਲੈ ਕੇ ਆਉਣ ਦੇ ਲਈ ਕਹਿੰਦੇ ਸਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕਰ ਕੇ ਉਸ ਨੂੰ ਜ਼ਬਰਦਸਤੀ ਕੋਈ ਜ਼ਹਿਰੀਲੀ ਚੀਜ਼ ਪਿਲਾ ਦਿੱਤੀ। 
ਇਸੇ ਦੌਰਾਨ ਉਸ ਨੇ ਆਪਣੇ ਪਿਤਾ ਨੂੰ ਮੋਬਾਈਲ ਰਾਹੀਂ ਸੂਚਿਤ ਕਰ ਦਿੱਤਾ, ਜਿਨ੍ਹਾਂ ਨੇ ਆ ਕੇ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ। ਬਾਅਦ 'ਚ ਉਹ ਉਸ ਨੂੰ ਕਪੂਰਥਲਾ ਲੈ ਕੇ ਆ ਗਏ। ਉਸ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੀੜਤ ਨੇ ਦੱਸਿਆ ਕਿ ਉਸ ਨਾਲ ਕੁੱਟਮਾਰ ਕਰਨ ਤੇ ਤੰਗ-ਪ੍ਰੇਸ਼ਾਨ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰ ਕੇ ਉਸ ਨੂੰ ਇਨਸਾਫ ਦਿਵਾਇਆ ਜਾਵੇ। ਇਸ ਸਬੰਧ 'ਚ ਜਦੋਂ ਉਸ ਦੇ ਪਤੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਆਪਣੀ ਪਤਨੀ ਵਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਦੱਸਿਆ ਕਿ ਉਸ ਦੀ ਮਾਤਾ ਦਿਲ ਦੀ ਮਰੀਜ਼ ਹੈ। 


Related News