ਬਹਿਬਲ ਕਲਾਂ ਗੋਲੀਕਾਂਡ : ਸਾਬਕਾ ਵਿਧਾਇਕ ਤੇ 2 ਪੁਲਸ ਮੁਲਾਜ਼ਮਾਂ ਨੂੰ ਵੱਡੀ ਰਾਹਤ
Wednesday, Jan 15, 2020 - 12:47 PM (IST)
![ਬਹਿਬਲ ਕਲਾਂ ਗੋਲੀਕਾਂਡ : ਸਾਬਕਾ ਵਿਧਾਇਕ ਤੇ 2 ਪੁਲਸ ਮੁਲਾਜ਼ਮਾਂ ਨੂੰ ਵੱਡੀ ਰਾਹਤ](https://static.jagbani.com/multimedia/2020_1image_12_47_206556399highcourt.jpg)
ਚੰਡੀਗੜ੍ਹ (ਹਾਂਡਾ) : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ 'ਚ ਮੁਲਜ਼ਮ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ 2 ਪੁਲਸ ਅਧਿਕਾਰੀਆਂ ਬਲਜੀਤ ਸਿੰਘ ਅਤੇ ਗੁਰਦੀਪ ਸਿੰਘ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਤਿੰਨਾਂ ਨੂੰ ਦਿੱਤੀ ਗਈ ਮੱਧਵਰਤੀ ਅਗਾਊਂ ਜ਼ਮਾਨਤ ਨੂੰ ਰੈਗੂਲਰ ਕਰ ਦਿੱਤਾ ਹੈ।
ਬਰਾੜ ਖਿਲਾਫ ਪੰਜਾਬ ਪੁਲਸ ਨੇ 7 ਅਗਸਤ-2018 ਨੂੰ ਆਈ.ਪੀ.ਸੀ. ਦੀ ਧਾਰਾ 307, 323, 341, 148 ਅਤੇ 149 ਦੇ ਨਾਲ ਆਰਮਜ਼ ਐਕਟ ਤਹਿਤ ਫਰੀਦਕੋਟ 'ਚ ਮਾਮਲਾ ਦਰਜ ਕੀਤਾ ਸੀ । ਐਡਵੋਕੇਟ ਗੌਤਮ ਦੱਤ ਜ਼ਰੀਏ ਦਰਜ ਪਟੀਸ਼ਨ 'ਤੇ ਬਰਾੜ ਦੀ ਪੈਰਵੀ ਕਰਦੇ ਹੋਏ ਸੀਨੀਅਰ ਐਡਵੋਕੇਟ ਆਰ.ਐੱਸ. ਰਾਏ ਨੇ ਕਿਹਾ ਕਿ ਬਰਾੜ ਖਿਲਾਫ 13 ਅਕਤੂਬਰ-2015 ਨੂੰ ਕੋਟਕਪੂਰਾ 'ਚ ਹੋਈ ਕਥਿਤ ਪੁਲਸ ਫਾਇਰਿੰਗ ਦੇ ਸਬੰਧ 'ਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਐੱਫ. ਆਈ. ਆਰ. 'ਚ ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਪੁਲਸ ਨੇ ਭੀੜ ਖਿਲਾਫ ਕਾਰਵਾਈ ਕੀਤੀ ਸੀ, ਜਿਸ 'ਚ ਸ਼ਿਕਾਇਤਕਰਤਾ ਨੂੰ ਗੋਲੀ ਲੱਗੀ ਸੀ।