ਬਹਿਬਲ ਕਲਾਂ ਗੋਲੀਕਾਂਡ : ਆਈ. ਜੀ. ਉਮਰਾਨੰਗਲ ਮੁਲਜ਼ਮ ਵਜੋਂ ਨਾਮਜ਼ਦ

Friday, Mar 01, 2019 - 02:28 PM (IST)

ਬਹਿਬਲ ਕਲਾਂ ਗੋਲੀਕਾਂਡ : ਆਈ. ਜੀ. ਉਮਰਾਨੰਗਲ ਮੁਲਜ਼ਮ ਵਜੋਂ ਨਾਮਜ਼ਦ

ਫਰੀਦਕੋਟ - ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ 14 ਅਕਤੂਬਰ 2015 ਨੂੰ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਮਿਲੀ ਹੈ ਕਿ ਵਿਸ਼ੇਸ਼ ਜਾਂਚ ਟੀਮ ਨੂੰ ਜਾਂਚ-ਪੜਤਾਲ ਦੌਰਾਨ ਅਜਿਹੇ ਸਬੂਤ ਮਿਲੇ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਸਮੇਂ ਤਾਇਨਾਤ ਚਰਨਜੀਤ ਸਿੰਘ ਸ਼ਰਮਾ ਨੂੰ ਪੂਰੀ ਕਮਾਂਡ ਉਮਰਾਨੰਗਲ ਹੀ ਦੇ ਰਹੇ ਸਨ। ਇਸ ਤੋਂ ਇਲਾਵਾ ਬਹਿਬਲ ਗੋਲੀਕਾਂਡ ਤੋਂ ਬਾਅਦ ਪੁਲਸ ਅਧਿਕਾਰੀਆਂ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਸੀ, ਜਿਸ ਦੇ ਤੱਥ ਘੋਖਣ ਤੋਂ ਬਾਅਦ ਜਾਂਚ ਟੀਮ ਨੂੰ ਕੁਝ ਅਹਿਮ ਸੁਰਾਗ ਮਿਲੇ ਹਨ, ਜਿਨ੍ਹਾਂ ਤੋਂ ਉਮਰਾਨੰਗਲ ਦੀ ਸ਼ਮੂਲੀਅਤ ਜ਼ਾਹਰ ਹੁੰਦੀ ਹੈ।

ਉਸ ਸਮੇਂ ਪੁਲਸ ਵਲੋਂ ਚਲਾਈ ਗੋਲੀ ਨਾਲ ਮਾਰੇ ਗਏ ਦੋ ਸਿੱਖ ਨੌਜਵਾਨ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਮਾਮਲੇ 'ਚ ਬਾਜਾਖਾਨਾ ਦੀ ਪੁਲਸ ਨੇ ਕਤਲ, ਇਰਾਦਾ ਕਤਲ, ਸਾਜਿਸ਼, ਫਰਜ਼ੀ ਗਵਾਹੀ, ਦੰਗੇ ਭੜਕਾਉਣ ਆਦਿ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੋਇਆ ਹੈ। ਇਸ ਮਾਮਲੇ ਦੇ ਸਬੰਧ 'ਚ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਗ੍ਰਿਫ਼ਤਾਰ ਹੋ ਚੁੱਕੇ ਹਨ ਅਤੇ ਹੁਣ ਉਗਰਾਨੰਗਲ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ 'ਸਿੱਟ' ਦੇ ਅਧਿਕਾਰੀ ਆਈ.ਜੀ. ਕੰਵਰ ਵਿਜੇ ਪ੍ਰਤਾਪ ਸਿੰਘ ਨੇ ਹਾਲ ਦੀ ਘੜੀ 'ਚ ਇਸ ਮਾਮਲੇ ਦੇ ਸਬੰਧ 'ਚ ਆਪਣੀ ਕੋਈ ਵੀ ਪ੍ਰਤੀਕਿਰਿਆ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।


author

rajwinder kaur

Content Editor

Related News