ਬਹਿਬਲ ਕਲਾਂ ਗੋਲੀਕਾਂਡ: ਦੋਸ਼ੀ ਸੋਹੇਲ ਸਿੰਘ ਬਰਾੜ ਤੇ ਪੰਕਜ ਬਾਂਸਲ ਨੂੰ 14 ਦਿਨਾਂ ਲਈ ਭੇਜਿਆ ਜੇਲ੍ਹ

Thursday, Jun 25, 2020 - 06:35 PM (IST)

ਬਹਿਬਲ ਕਲਾਂ ਗੋਲੀਕਾਂਡ: ਦੋਸ਼ੀ ਸੋਹੇਲ ਸਿੰਘ ਬਰਾੜ ਤੇ ਪੰਕਜ ਬਾਂਸਲ ਨੂੰ 14 ਦਿਨਾਂ ਲਈ ਭੇਜਿਆ ਜੇਲ੍ਹ

ਫਰੀਦਕੋਟ (ਜਗਦੀਸ਼): ਬਹਿਬਲ ਕਲਾਂ ਗੋਲੀਕਾਂਡ 'ਚ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਵਲੋਂ ਗ੍ਰਿਫਤਾਰ ਕੀਤੇ ਗਏ ਸੋਹੇਲ ਸਿੰਘ ਬਰਾੜ ਅਤੇ ਪੰਕਜ ਮੋਟਰਜ਼ ਦੇ ਮੈਨੇਜਿੰਗ ਡਾਇਰੈਕਟਰ ਪੰਕਜ ਬਾਂਸਲ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇਥੋਂ ਦੇ ਡਿਊਟੀ ਮੈਜਿਸਟ੍ਰੇਟ ਹਰਵਿੰਦਰ ਸਿੰਘ ਸਿੰਧੀਆ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ 'ਤੇ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 14 ਦਿਨਾਂ ਲਈ ਜੇਲ ਭੇਜ ਦਿੱਤਾ।ਜਾਣਕਾਰੀ ਮੁਤਾਬਕ ਬਹੁਚਰਚਿਤ ਬਹਿਬਲ ਕਲਾਂ ਗੋਲੀਕਾਂਡ 'ਚ ਪੁਲਸ ਨੇ ਫਰੀਦਕੋਟ ਦੇ ਐੱਡਵੋਕੇਟ ਸੋਹੇਲ ਸਿੰਘ ਬਰਾੜ 'ਤੇ ਪੁਲਸ ਮੁਲਾਜਮਾਂ ਨਾਲ ਮਿਲ ਕੇ ਸਾਜ਼ਿਸ਼ ਰਚਣ ਅਤੇ ਆਤਮ ਰੱਖਿਆ ਦੀ ਝੂਠੀ ਕਹਾਣੀ ਘੜਨ ਦੇ ਦੋਸ਼ ਹੇਠ ਪੰਕਜ ਮੋਟਰਜ਼ ਦੇ ਮੈਨੇਜਿੰਗ ਡਾਇਰੈਕਟਰ ਪੰਕਜ ਬਾਂਸਲ ਨੂੰ ਗ੍ਰਿਫਤਾਰ ਕੀਤਾ ਸੀ।

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਦਿਨ ਚੜ੍ਹਦਿਆਂ ਹੀ 7 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਸੰਗਤਾਂ ਨੇ ਬਹਿਬਲ ਕਲਾਂ 'ਚ ਧਰਨਾ ਦਿੱਤਾ ਹੋਇਆ ਸੀ, ਜਿੱਥੇ ਪੁਲਸ ਦੀ ਗੋਲੀ ਨਾਲ ਕ੍ਰਿਸ਼ਨ ਭਗਵਾਨ ਅਤੇ ਗੁਰਜੀਤ ਸਿੰਘ ਨਾਂ ਦੇ ਨੌਜਵਾਨਾਂ ਦੀ ਮੌਤ ਹੋ ਗਈ ਸੀ। ਪੁਲਸ ਨੇ ਇਨ੍ਹਾਂ ਮੌਤਾਂ ਨੂੰ ਜਾਇਜ਼ ਠਹਿਰਾਉਣ ਲਈ ਦਾਅਵਾ ਕੀਤਾ ਸੀ ਕਿ ਬਹਿਬਲ ਕਲਾਂ 'ਚ ਇਕੱਠੀ ਹੋਈ ਭੀੜ ਨੇ ਪੁਲਸ 'ਤੇ ਗੋਲੀਆਂ ਚਲਾਈਆਂ ਅਤੇ ਸਬੂਤ ਵਜੋਂ ਜਿਪਸੀ ਸਰਕਾਰ ਸਾਹਮਣੇ ਪੇਸ਼ ਕੀਤੀ। ਬਹਿਬਲ ਗੋਲੀ ਕਾਂਡ ਦੇ ਐੱਫ.ਆਈ.ਆਰ. ਨੰਬਰ 130 ਦੇ 'ਚ ਜੁਰਮਾਂ 'ਚ ਵਾਧਾ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਧਾਰਾ 109 ਦਾ ਵਾਧਾ ਕੀਤਾ ਹੈ। ਸੋਹੇਲ ਸਿੰਘ ਬਰਾੜ ਨੂੰ ਫਰਵਰੀ 2019 'ਚ ਜਾਂਚ ਟੀਮ ਨੇ ਗਵਾਹ ਬਣਾ ਲਿਆ ਸੀ ਅਤੇ ਅਦਾਲਤ 'ਚ ਉਸ ਨੇ 164 ਸੀ.ਆਰ.ਪੀ.ਸੀ. ਤਹਿਤ ਬਿਆਨ ਦਰਜ ਕਰਵਾਇਆ ਸੀ ਪਰ ਹੁਣ ਪੁਲਸ ਨੇ ਸੁਹੇਲ ਸਿੰਘ ਬਰਾੜ ਨੂੰ ਗੋਲੀਕਾਂਡ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਪੰਕਜ ਬਾਂਸਲ ਦੇ ਇਕ ਦਰਜਨ ਪੁਲਸ ਅਧਿਕਾਰੀਆਂ ਨਾਲ ਨੇੜਲੇ ਸਬੰਧ ਸਨ ਅਤੇ ਕੁਝ ਪੁਲਸ ਅਧਿਕਾਰੀਆਂ ਵਲੋਂ ਪੰਕਜ ਬਾਂਸਲ ਤੋਂ ਕਥਿਤ ਤੌਰ 'ਤੇ ਲਈਆਂ ਮਹਿੰਗੀਆਂ ਕਾਰਾਂ ਵੀ ਜਾਂਚ ਦਾ ਵਿਸ਼ਾ ਬਣੀਆ ਹੋਈਆਂ ਹਨ।

ਇਹ ਵੀ ਪੜ੍ਹੋ: ਮਾਮਲਾ ਪਤਨੀ ਦਾ ਕਤਲ ਕਰ ਕੇ ਲਾਸ਼ ਦਫਨਾਉਣ ਦਾ, ਪੁਲਸ ਨੇ ਕਬਰ 'ਚੋਂ ਕੱਢੀ ਲਾਸ਼


author

Shyna

Content Editor

Related News