ਲਾਈਟ ਪੁਆਇੰਟ ਤੇ ਚੌਰਾਹਿਆਂ ’ਤੇ ਭੀਖ਼ ਮੰਗ ਰਹੇ 4 ਭਿਖ਼ਾਰੀ ਗ੍ਰਿਫ਼ਤਾਰ

Thursday, Oct 24, 2024 - 11:53 AM (IST)

ਚੰਡੀਗੜ੍ਹ (ਸੁਸ਼ੀਲ): ਸ਼ਹਿਰ ਨੂੰ ਭਿਖ਼ਾਰੀਆਂ ਤੋਂ ਮੁਕਤ ਕਰਨ ਲਈ ਪੁਲਸ ਲਾਈਟ ਪੁਆਇੰਟਾਂ ਅਤੇ ਚੌਰਾਹਿਆਂ ’ਤੇ ਭੀਖ਼ ਮੰਗਣ ਵਾਲੇ ਭਿਖ਼ਾਰੀਆਂ ਨੂੰ ਫੜ੍ਹਨ ’ਚ ਜੁੱਟ ਗਈ ਹੈ। ਸ਼ਹਿਰ ਦੇ ਵੱਖ-ਵੱਖ ਥਾਣਿਆਂ ’ਚ 4 ਭਿਖ਼ਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਭਿਖ਼ਾਰੀਆਂ ਦੀ ਪਛਾਣ ਨਵਾਂਗਰਾਓਂ ਨਾਡਾ ਰੋਡ ਤੋਂ ਜਗਨ ਪਾਸਵਾਨ (36), ਜੈਪੁਰ ਨਿਵਾਸੀ 49 ਸਾਲਾ ਕੇਸ਼ਰਾ, ਹੱਲੋਮਾਜਰਾ ਲਾਈਟ ਪੁਆਇੰਟ ਤੋਂ ਰਾਜਸਥਾਨ ਨਿਵਾਸੀ 48 ਸਾਲਾ ਸੋਨਾਰਾਇਣ ਤੇ ਮਨੀਮਾਜਰਾ ਨਿਵਾਸੀ ਪੰਨਾ ਲਾਲ ਵਜੋਂ ਹੋਈ ਹੈ।

ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਸੈਕਟਰ-17 ਥਾਣਾ ਇੰਚਾਰਜ ਸਾਰੀਆ ਰਾਏ ਦੀ ਅਗਵਾਈ ਹੇਠ ਪੁਲਸ ਨੇ ਸੈਕਟਰ-17 ਐੱਸ. ਸੀ. ਓ. ਨੰਬਰ-47 ਨੇੜੇ ਭੀਖ ਮੰਗ ਰਹੇ ਨਵਾਂਗਰਾਓਂ ਦੇ ਨਾਡਾ ਰੋਡ ਨਿਵਾਸੀ 36 ਸਾਲਾ ਜਗਨ ਪਾਸਵਾਨ ਨੂੰ ਗ੍ਰਿਫ਼ਤਾਰ ਕੀਤਾ। ਮਨੀਮਾਜਰਾ ਪੁਲਸ ਨੇ ਚੰਡੀਗੜ੍ਹ ਹਾਊਸਿੰਗ ਬੋਰਡ ਲਾਈਟ ਪੁਆਇੰਟ ਦੇ ਕੋਲੋਂ ਭੀਖ ਮੰਗ ਰਹੇ ਰਾਜਸਥਾਨ ਦੇ ਜੈਪੁਰ ਦੇ 49 ਸਾਲਾ ਕੇਸ਼ਰਾ ਨੂੰ ਕਾਬੂ ਕੀਤਾ। ਮੌਲੀ ਜਾਗਰਾਂ ਪੁਲਸ ਨੇ ਹੱਲੋਮਾਜਰਾ ਲਾਈਟ ਪੁਆਇੰਟ ਤੋਂ ਰਾਜਸਥਾਨ ਦੇ 48 ਸਾਲਾ ਸੋਨਾਰਾਇਣ ਨੂੰ ਭੀਖ ਮੰਗਦੇ ਹੋਏ ਕਾਬੂ ਕੀਤਾ ਹੈ।

ਸ਼ਾਸਤਰੀ ਨਗਰ ਲਾਈਟ ਪੁਆਇੰਟ ’ਤੇ ਭੀਖ ਮੰਗਦੇ ਮਨੀਮਾਜਰਾ ਨਿਵਾਸੀ ਪੰਨਾ ਨੂੰ ਆਈ. ਟੀ. ਪਾਰਕ ਪੁਲਸ ਨੇ ਗ੍ਰਿਫ਼ਤਾਰ ਕੀਤਾ। ਬਾਅਦ ’ਚ ਸਾਰੇ ਮੁਲਜ਼ਮਾਂ ਨੂੰ ਥਾਣਿਆਂ ’ਚੋਂ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਦੀਵਾਲੀ ਤੋਂ ਪਹਿਲਾਂ ਯੂ.ਟੀ. ਪ੍ਰਸ਼ਾਸਨ ਨੇ ਸ਼ਹਿਰ ਨੂੰ ਭਿਖ਼ਾਰੀ ਮੁਕਤ ਬਣਾਉਣ ਦੇ ਮਕਸਦ ਨਾਲ 8 ਰੋਜ਼ਾ ਜਾਗਰੂਕਤਾ ਮੁਹਿੰਮ ਦਾ ਐਲਾਨ ਕੀਤਾ ਹੈ। ਇਹ ਪਹਿਲ ਸੋਮਵਾਰ ਤੋਂ ਸ਼ੁਰੂ ਹੋਈ ਤੇ 28 ਅਕਤੂਬਰ ਤੱਕ ਚੱਲੇਗੀ।
 


Babita

Content Editor

Related News