ਇਲਾਜ ਕਰਨ ਤੋਂ ਪਹਿਲਾਂ ਡਾਕਟਰ ਨੇ ਮੰਗੇ 2500 ਰੁਪਏ, ਬਿੱਲ ਦੇਣ ਤੋਂ ਕੀਤਾ ਇਨਕਾਰ
Monday, May 11, 2020 - 04:44 PM (IST)
ਬਾਘਾਪੁਰਾਣਾ(ਮੁਨੀਸ਼) - ਇੱਕ ਪਾਸੇ ਜਿੱਥੇ ਪਿਛਲੇ 40 ਦਿਨਾਂ ਤੋਂ ਕਰੋਨਾ ਮਹਾਂਮਾਰੀ ਦੇ ਕਾਰਨ ਲੱਗੇ ਕਰਫਿਊ ਵਿਚ ਵੱਡੀ ਗਿਣਤੀ ਵਿਚ ਸਮਾਜ ਸੇਵੀ ਸੰਸਥਾਵਾਂ, ਪੁਲਸ ਪ੍ਰਸਾਸ਼ਨ ਅਤੇ ਪ੍ਰਸਾਸ਼ਨਿਕ ਅਧਿਕਾਰੀ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਹਨ ਅਤੇ ਲੋੜਵੰਦਾਂ ਨੂੰ ਘਰ-ਘਰ ਜਾ ਕੇ ਰਾਸ਼ਨ ਮੁਹੱਈਆ ਕਰਵਾ ਰਹੇ ਹਨ, ਉਥੇ ਹੀ ਨਿੱਜੀ ਹਸਪਤਾਲਾਂ ਵਾਲੇ ਡਾਕਟਰਾਂ ਦੇ ਦਿਲਾਂ 'ਚ ਰਹਿਮ ਵਾਲੀ ਕੋਈ ਚੀਜ਼ ਨਹੀਂ ਹੈ। ਆਏ ਦਿਨ ਪ੍ਰਾਈਵੇਟ ਡਾਕਟਰ ਆਪਣੇ ਕਾਰਨਾਮਿਆਂ ਕਾਰਨ ਸੁਰਖੀਆਂ 'ਚ ਰਹਿੰਦੇ ਹਨ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਪੁੱਤਰ ਜਸਮੇਲ ਸਿੰਘ ਨਿਵਾਸੀ ਮੁਗਲੂ ਪੱਤੀ ਬਾਘਾਪੁਰਾਣਾ ਨੇ ਕਿਹਾ ਕਿ ਉਸਦੇ ਬੀਤੀ ਸ਼ਾਮ ਨੂੰ ਭਾਂਡੇ ਮਾਂਜਣ ਸਮੇਂ ਹੱਥ 'ਚ ਕੱਚ ਦੀ ਗਲਾਸੀ ਦਾ ਕੱਚ ਉਂਗਲ 'ਤੇ ਵੱਜ ਗਿਆ ਜਿਸ ਕਾਰਨ ਉਂਗਲੀ 'ਚੋਂ ਖੂਨ ਵਹਿਣਾ ਬੰਦ ਨਹੀਂ ਹੋ ਰਿਹਾ ਸੀ ਅਤੇ ਉਹ ਰਾਤ ਦਾ ਸਮਾਂ ਕਰੀਬ 9 ਵਜੇ ਹੋਣ ਕਾਰਨ ਮੁੱਦਕੀ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ ਪੁੱਜਿਆ। ਬਲਵਿੰਦਰ ਸਿੰਘ ਨੇ ਕਿਹਾ ਕਿ ਹਸਪਤਾਲ 'ਚ ਹਾਜਰ ਡਾਕਟਰ ਨੇ ਉਸਦੀ ਉਂਗਲੀ 'ਤੇ ਮੱਲ੍ਹਮ ਪੱਟੀ ਕਰਨ ਦੀ ਬਜਾਏ, ਉਸਨੇ ਉਂਗਲੀ ਦੇਖ ਕੇ ਉਸ ਤੋਂ 2500 ਰੁਪਏ ਦੀ ਮੰਗ ਕਰਦਿਆਂ ਕਿਹਾ ਕਿ ਜੇ ਉਸਨੇ ਉਂਗਲ 'ਤੇ ਮੱਲ੍ਹਮ ਪੱਟੀ ਕਰਵਾਉਣੀ ਹੈ ਪੈਸੇ ਜਮਾਂ ਕਰਵਾਏ ਨਹੀਂ ਤਾਂ ਉਹ ਜਾ ਸਕਦਾ ਹੈ। ਫਿਰ ਉਸਨੇ ਕਿਸੇ ਘਰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਉਸਦੇ ਪਰਿਵਾਰਕ ਮੈਂਬਰ ਕਿਸੇ ਤਰ੍ਹਾਂ 2500 ਰੁਪਏ ਇਕੱਠ ਕਰਕੇ ਲੈ ਕੇ ਆਏ ਅਤੇ ਫਿਰ ਡਾਕਟਰ ਨੇ ਉਸਦਾ ਇਲਾਜ ਸ਼ੁਰੂ ਕੀਤਾ। ਬਲਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਮੋਗਾ ਅਤੇ ਐਸ.ਡੀ.ਐਮ. ਬਾਘਾਪੁਰਾਣਾ ਤੋਂ ਮੰਗ ਕਰਦਿਆਂ ਕਿਹਾ ਕਿ ਅਜਿਹੇ ਬੇਦਰਦ ਨਿੱਜੀ ਹਸਪਤਾਲਾਂ ਵਾਲੇ ਡਾਕਟਰਾਂ 'ਤੇ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਹੋਰ ਕਿਸੇ ਡਾਕਟਰ ਵਲੋਂ ਉਨਾਂ ਦੇ ਹਸਪਤਾਲ ਵਿਚ ਆਉਣ ਵਾਲੇ ਮਰੀਜਾਂ ਦੀ ਲੁੱਟ ਬੰਦ ਕਰਨ। ਉਸਨੇ ਹਸਪਤਾਲ ਦੇ ਡਾਕਟਰ 'ਤੇ ਇਹ ਵੀ ਦੋਸ਼ ਲਗਾਇਆ ਕਿ ਬਿੱਲ ਮੰਗਣ 'ਤੇ ਉਸ ਨੇ ਆਨਾਕਾਨੀ ਕੀਤੀ, ਜਿਸ ਤੋਂ ਬਾਅਦ ਵਿਰੋਧ ਕਰਨ 'ਤੇ ਹੀ ਉਸ ਨੂੰ ਬਿੱਲ ਦਿੱਤਾ ਗਿਆ।