ਜਸਦੀਪ ਸਿੰਘ ਗਿੱਲ ਤੋਂ ਪਹਿਲਾਂ ਕੌਣ-ਕੌਣ ਰਹੇ ਨੇ ਡੇਰਾ ਬਿਆਸ ਦੇ ਮੁਖੀ, ਜਾਣੋ ਪੂਰੀ ਡਿਟੇਲ

Wednesday, Sep 04, 2024 - 07:11 PM (IST)

ਜਲੰਧਰ/ਅੰਮ੍ਰਿਤਸਰ- ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ 2 ਸਤੰਬਰ ਨੂੰ ਆਪਣੇ ਵਾਰਿਸ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ 45 ਸਾਲਾ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਥਾਪਿਆ ਹੈ ਅਤੇ ਸੰਗਤਾਂ ਦੇ ਨਾਮ ਦਾਨ ਦੇਣ ਦਾ ਅਧਿਕਾਰ ਵੀ ਦਿੱਤਾ ਹੈ। ਹਾਲਾਂਕਿ ਬਿਆਸ ਡੇਰੇ ਵੱਲੋਂ ਇਹ ਸਾਫ਼ ਕੀਤਾ ਗਿਆ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਰਾਧਾ ਸੁਆਮੀ ਸਤਿਸੰਗ ਬਿਆਸ (RSSB)ਦੇ ਮੌਜੂਦਾ ਸੰਤ ਸਤਿਗੁਰੂ ਹਨ। ਜਸਦੀਪ ਸਿੰਘ ਗਿੱਲ ਨੂੰ ਅਜੇ ਗੁਰਗੱਦੀ ਨਹੀਂ ਸੌਂਪੀ ਜਾਵੇਗੀ ਅਤੇ ਨਾ ਹੀ ਦਸਤਾਰਬੰਦੀ ਕੀਤੀ ਜਾਵੇਗੀ।  ਇਥੇ ਦੱਸ ਦੇਈਏ ਕਿ ਜਸਦੀਪ ਸਿੰਘ ਗਿੱਲ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਛੇਵੇਂ ਮੁਖੀ ਹਨ। ਇਨ੍ਹਾਂ ਤੋਂ ਪਹਿਲਾਂ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ 5 ਮੁਖੀ ਰਹਿ ਚੁੱਕੇ ਹਨ। 

ਇਹ ਵੀ ਪੜ੍ਹੋ- ਗੁਆਂਢਣ ਦੇ ਇਸ਼ਕ 'ਚ ਅੰਨ੍ਹਾ ਹੋਇਆ 5 ਬੱਚਿਆਂ ਦਾ ਪਿਓ, ਕਰਵਾਈ 'ਲਵ ਮੈਰਿਜ', ਹੁਣ ਹੋਇਆ...

ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਆਪਣਾ ਉੱਤਰਾਅਧਿਕਾਰੀ ਐਲਾਣਨ ਮਗਰੋਂ ਲੋਕਾਂ ਦੇ ਮਨਾਂ 'ਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਅਜਿਹੇ ਸਵਾਲ ਵੀ ਉੱਠ ਰਹੇ ਹਨ ਕਿ ਰਾਧਾਸੁਆਮੀ ਜਾਂ ਰਾਧਾਸੁਆਮੀ ਸਤਿਸੰਗ ਕੀ ਹੈ, ਕਿਵੇਂ ਸ਼ੁਰੂ ਹੋਇਆ, ਇਸ ਦੇ ਗੁਰੂ ਕੌਣ ਹਨ, ਇਸ ਦੀਆਂ ਸ਼ਾਖਾਵਾਂ ਕਿੱਥੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ੁਰੂ ਵਿੱਚ ਇਸ ਨੂੰ ਰਾਧਾਸੁਆਮੀ ਸੰਪਰਦਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਸ ਦੀ ਸਥਾਪਨਾ ਆਗਰਾ ਦੇ ਵਸਨੀਕ ਸ਼ਿਵ ਦਿਆਲ ਸਿੰਘ ਨੇ 1861 ਵਿੱਚ ਬਸੰਤ ਪੰਚਮੀ ਮੌਕੇ ਕੀਤੀ ਸੀ। ਹੌਲੀ-ਹੌਲੀ ਇਸ ਸੰਪਰਦਾ ਦਾ ਪ੍ਰਚਾਰ ਹੋਇਆ। ਲੋਕ ਇਸ ਨਾਲ ਜੁੜਨ ਲੱਗੇ। ਸੰਪਰਦਾ ਦੇ ਪੈਰੋਕਾਰ ਸ਼ਿਵ ਦਿਆਲ ਸਿੰਘ ਨੂੰ ਹਜ਼ੂਰ ਸਾਹਿਬ ਕਹਿ ਕੇ ਬੁਲਾਉਂਦੇ ਸਨ।

PunjabKesari

ਆਗਰਾ ਦੇ ਸ਼ਿਵ ਦਿਆਲ ਸਿੰਘ ਸਨ ਰਾਧਾਸੁਆਮੀ ਸਤਿਸੰਗ ਦੇ ਪਹਿਲੇ ਗੁਰੂ
ਜੇਕਰ ਸ਼ਿਵ ਦਿਆਲ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਆਗਰਾ ਦੇ ਇਕ ਵੈਸ਼ਨਵ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦੇ ਮਾਤਾ-ਪਿਤਾ ਸਿੱਖ ਧਰਮ 'ਚ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚ ਬਹੁਤ ਵਿਸ਼ਵਾਸ ਸੀ। ਇਸ ਕਾਰਨ ਸ਼ਿਵ ਦਿਆਲ ਸਿੰਘ ਦਾ ਵੀ ਇਸ ਪਾਸੇ ਝੁਕਾਅ ਹੋ ਗਿਆ।
ਇਸ ਦੌਰਾਨ ਸ਼ਿਵ ਦਿਆਲ ਸਿੰਘ ਹਾਥਰਸ ਜ਼ਿਲ੍ਹੇ ਵਿੱਚ ਰਹਿਣ ਵਾਲੇ ਅਧਿਆਤਮਿਕ ਗੁਰੂ ਤੁਲਸੀ ਸਾਹਿਬ ਦੇ ਸੰਪਰਕ 'ਚ ਆਏ। ਸ਼ਿਵ ਦਿਆਲ ਤੁਲਸੀ ਸਾਹਿਬ ਤੋਂ ਬਹੁਤ ਪ੍ਰਭਾਵਿਤ ਹੋਏ। ਹਾਲਾਂਕਿ ਸ਼ਿਵ ਦਿਆਲ ਨੇ ਉਨ੍ਹਾਂ ਤੋਂ ਦੀਕਸ਼ਾ ਨਹੀਂ ਲਈ ਅਤੇ ਆਪਣਾ ਰਾਧਾਸੁਆਮੀ ਸਤਿਸੰਗ ਸ਼ੁਰੂ ਕੀਤਾ। ਹੌਲੀ-ਹੌਲੀ ਸ਼ਿਵ ਦਿਆਲ ਨੇ ਇਸ ਦਾ ਬਹੁਤ ਵਿਸਥਾਰ ਕੀਤਾ।

PunjabKesari

ਜਦੋਂ ਦੋ ਧੜਿਆਂ 'ਚ ਵੰਡੀ ਗਈ ਰਾਧਾਸੁਆਮੀ ਸਤਿਸੰਗ ਸਭਾ
ਹਾਲਾਂਕਿ ਸ਼ਿਵ ਦਿਆਲ ਸਿੰਘ ਦੇ ਦਿਹਾਂਤ ਤੋਂ ਬਾਅਦ ਰਾਧਾਸੁਆਮੀ ਸਤਿਸੰਗ ਦੋ ਸਮੂਹਾਂ 'ਚ ਵੰਡਿਆ ਗਿਆ। ਪਹਿਲੀ ਦਲ ਜਿਸ ਨੂੰ ਮੁੱਖ ਧਿਰ ਮੰਨਿਆ ਜਾਂਦਾ ਹੈ, ਆਗਰਾ ਵਿੱਚ ਮੌਜੂਦ ਰਿਹਾ, ਜਦਕਿ ਦੂਜੇ ਧਿਰ ਦੀ ਸ਼ੁਰੂਆਤ ਰਾਧਾਸੁਆਮੀ ਸਤਿਸੰਗ ਦੇ ਪੈਰੋਕਾਰ ਅਤੇ ਸ਼ਿਵ ਦਿਆਲ ਸਿੰਘ ਦੇ ਚੇਲੇ ਜੈਮਲ ਸਿੰਘ ਨੇ 1891 ਵਿੱਚ ਅੰਮ੍ਰਿਤਸਰ ਦੇ ਨੇੜੇ ਬਿਆਸ ਦਰਿਆ ਦੇ ਕੰਢੇ ਡੇਰਾ ਪਿੰਡ ਵਿੱਚ ਕੀਤੀ। ਪਹਿਲੇ ਗਰੁੱਪ ਨੂੰ ‘ਰਾਧਾਸੁਆਮੀ ਸਤਿਸੰਗ ਦਿਆਲਬਾਗ’ Radha Soami Satsang Sabha ਅਤੇ ਦੂਜੇ ਧਿਰ ਨੂੰ ‘ਰਾਧਾਸਵਾਮੀ ਸਤਿਸੰਗ ਡੇਰਾ ਬਿਆਸ’ Radha Soami Satsang Dera Beas (RSSB) ਵਜੋਂ ਜਾਣਿਆ ਜਾਣ ਲੱਗਾ। ਹਾਲਾਂਕਿ, ਰਾਧਾਸੁਆਮੀ ਡੇਰਾ ਬਿਆਸ ਨੇ ਰਾਧਾਸੁਆਮੀ ਦਿਆਲਬਾਗ ਨਾਲੋਂ ਵਧੇਰੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ।

ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਹੁਣ ਤੱਕ ਦੇ ਮੁਖੀ

PunjabKesari


ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਪਹਿਲੇ ਮੁਖੀ ਜੈਮਲ ਸਿੰਘ ਸਨ, ਜਿਨ੍ਹਾਂ ਦਾ ਕਾਰਜਕਾਲ 1878 ਤੋਂ 1903 ਤੱਕ ਸੀ। ਜੈਮਲ ਸਿੰਘ ਨੇ 25 ਸਾਲ ਡੇਰੇ ਦੀ ਗੱਦੀ ਸੰਭਾਲੀ।

PunjabKesari
ਦੂਜੇ ਮੁਖੀ ਸਾਵਨ ਸਿੰਘ ਸਨ, ਜੋ 45 ਸਾਲ ਡੇਰੇ ਦੀ ਗੱਦੀ 'ਤੇ ਵਿਰਾਜਮਾਨ ਰਹੇ। ਉਨ੍ਹਾਂ ਦਾ ਕਾਰਜਕਾਲ 1903 ਤੋਂ 1948 ਤੱਕ ਰਿਹਾ।

PunjabKesari
ਤੀਜੇ ਮੁਖੀ ਜਗਤ ਸਿੰਘ ਸਨ, ਜਿਨ੍ਹਾਂ ਨੂੰ 1948 ਵਿਚ ਡੇਰੇ ਦੀ ਗੱਦੀ ਸੌਂਪੀ ਗਈ ਸੀ। ਹਾਲਾਂਕਿ ਉਹ ਜ਼ਿਆਦਾ ਦੇਰ ਤੱਕ ਗੱਦੀ 'ਤੇ ਨਹੀਂ ਰਹੇ। ਉਨ੍ਹਾਂ ਦਾ ਕਾਰਜਕਾਲ 1948 ਤੋਂ 1951 ਤੱਕ ਰਿਹਾ।

PunjabKesari
ਚੌਥੇ ਮੁਖੀ ਚਰਨ ਸਿੰਘ ਸਨ, ਜਿਨ੍ਹਾਂ ਨੇ ਕੁੱਲ੍ਹ 39 ਸਾਲ ਕਾਰਜਕਾਲ ਸੰਭਾਲਿਆ। ਭਾਵ ਉਨ੍ਹਾਂ ਦਾ ਕਾਰਜਕਾਲ 1951 ਤੋਂ 1990 ਤੱਕ ਸੀ।

PunjabKesari
ਪੰਜਵੇਂ ਮੁਖੀ ਗੁਰਿੰਦਰ ਸਿੰਘ ਢਿੱਲੋਂ 1990 ਵਿੱਚ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਣੇ ਸਨ। 1990 ਤੋਂ ਹੁਣ ਤੱਕ ਡੇਰੇ ਦੇ ਮੁਖੀ ਦੀ ਗੱਦੀ 'ਤੇ ਗੁਰਿੰਦਰ ਸਿੰਘ ਢਿੱਲੋਂ ਬਿਰਾਜਮਾਨ ਹਨ। ਹਾਲਾਂਕਿ ਹੁਣ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ 'ਚੋਂ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਐਲਾਨ ਦਿੱਤਾ ਹੈ।

ਵਿਦੇਸ਼ਾਂ ਵਿਚ ਰਹਿੰਦੀ ਸੰਗਤ ਲਈ ਵੀ ਜਾਰੀ ਕੀਤਾ ਗਿਆ ਪੱਤਰ

ਇਥੇ ਦੱਸ ਦੇਈਏ ਕਿ ਬੀਤੇ ਦਿਨ ਡੇਰਾ ਬਿਆਸ ਵੱਲੋਂ ਵਿਦੇਸ਼ਾਂ ਵਿਚ ਰਹਿੰਦੀ ਸੰਗਤ ਲਈ ਵੀ ਪੱਤਰ ਜਾਰੀ ਕੀਤਾ ਗਿਆ ਸੀ। ਇਸ ਪੱਤਰ ਵਿਚ ਲਿਖਿਆ ਗਿਆ ਹੈ ਕਿ 2 ਸਤੰਬਰ, 2024 ਨੂੰ ਬਾਬਾ ਜੀ ਨੇ ਭਾਰਤ ਦੀਆਂ ਸਾਰੀਆਂ RSSB ਸੁਸਾਇਟੀਆਂ ਦੇ ਪ੍ਰਬੰਧਕੀ ਮੁਖੀ (ਪੈਟਰਨ) ਦਾ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਜ਼ੂਰ ਜਸਦੀਪ ਸਿੰਘ ਗਿੱਲ ਨੂੰ ਇਨ੍ਹਾਂ ਸੁਸਾਇਟੀਆਂ ਦਾ ਸਰਸਪ੍ਰਸਤ ਥਾਪਿਆ ਹੈ। ਇਹ ਫ਼ੈਸਲਾ ਉੱਤਰਾਧਿਕਾਰੀ ਯੋਜਨਾ ਦੇ ਹਿੱਸੇ ਵਜੋਂ ਲਿਆ ਗਿਆ ਹੈ। ਇਸ ਦੇ ਨਾਲ ਹੀ ਬਾਬਾ ਜੀ ਨੇ ਐਲਾਨ ਕੀਤਾ ਹੈ ਕਿ ਹਜ਼ੂਰ ਜਸਦੀਪ ਸਿੰਘ ਗਿੱਲ ਭਵਿੱਖ ਵਿਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸੰਤ ਸਤਿਗੁਰੂ ਹੋਣਗੇ ਅਤੇ ਉਨ੍ਹਾਂ ਤੋਂ ਬਾਅਦ ਸੰਗਤ ਨੂੰ ਨਾਮ ਦਾਨ ਦੇਣ ਦਾ ਅਧਿਕਾਰ ਹੋਵੇਗਾ। 

ਹਾਲਾਂਕਿ, ਬਾਬਾ ਜੀ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਅਧਿਆਤਮਕ ਮੁਖੀ ਹਨ। ਉਹ ਹਜ਼ੂਰ ਜਸਦੀਪ ਸਿੰਘ ਗਿੱਲ ਨਾਲ ਜ਼ਿੰਮੇਵਾਰੀ ਸਾਂਝੀ ਕਰਨਗੇ। ਇਸ ਫ਼ੈਸਲੇ ਨੂੰ ਨੁਮਾਇੰਦਿਆਂ ਵੱਲੋਂ ਸਥਾਪਤ ਪ੍ਰਬੰਧ ਵਜੋਂ ਦੇਖਿਆ ਜਾਵੇ, ਜਿਸ ਤਹਿਤ ਮੌਜੂਦਾ ਨੁਮਾਇੰਦੇ ਦੀ ਸੇਵਾਮੁਕਤੀ ਤੋਂ ਪਹਿਲਾਂ ਵਾਧੂ ਨੁਮਾਇੰਦਾ ਨਿਯੁਕਤ ਕੀਤਾ ਜਾਂਦਾ ਹੈ। ਉਹ ਇਕੱਠੇ ਕੰਮ ਕਰਨਗੇ ਅਤੇ ਜ਼ਿੰਮੇਵਾਰੀਆਂ ਸਾਂਝੀਆਂ ਕਰਨਗੇ।

ਇਸ ਪੱਤਰ ਰਾਹੀਂ ਬਾਬਾ ਜੀ ਦੀ ਸਿਹਤ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੱਤਰ ਵਿਚ ਲਿਖਿਆ ਗਿਆ ਹੈ ਕਿ ਬਾਬਾ ਜੀ ਬੀਮਾਰ ਨਹੀਂ ਹਨ ਤੇ ਸਿਹਤਯਾਬ ਹਨ। ਉਨ੍ਹਾਂ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਹੈ। ਸਿਰਫ਼ ਵੱਧਦੀ ਉਮਰ ਕਾਰਨ ਆਮ ਦਰਦਾਂ ਹਨ। ਇਸ ਦੇ ਨਾਲ ਹੀ ਪੱਤਰ ਵਿਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਫ਼ਿਲਹਾਲ ਡੇਰੇ ਦੇ ਸਤਿਸੰਗ, ਨਾਮਦਾਨ ਅਤੇ ਪ੍ਰਬੰਧਕੀ ਪ੍ਰਕਿਰਿਆਵਾਂ ਵਿਚ ਕੋਈ ਤਬਦੀਲੀ ਨਹੀਂ ਆਈ ਹੈ। ਬਾਬਾ ਜੀ ਡੇਰਾ ਬਿਆਸ ਦੇ ਅਧਿਆਤਮਕ ਮੁਖੀ ਹਨ ਤੇ ਫ਼ਿਲਹਾਲ ਸਭ ਕੁਝ ਜਿਉਂ ਦਾ ਤਿਉਂ ਰਹੇਗਾ। 

ਇਹ ਵੀ ਪੜ੍ਹੋ- ਜਾਣੋ ਕੌਣ ਹਨ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News